INCCI: ਭਾਰਤ-ਨਿਊਜ਼ੀਲੈਂਡ ਉਦਯੋਗਿਕ ਭਵਿੱਖ ਨੂੰ ਜੋੜਦਾ ਨਵਾਂ ਆਰਥਿਕ ਪੁਲ
ਵਪਾਰਕ ਸਾਂਝ ਨੂੰ ਮਿਲੀ ਵੱਡੀ ਰਫ਼ਤਾਰ, ਆਈ.ਐੱਨ.ਜ਼ੈੱਡ.ਸੀ.ਸੀ.ਆਈ. ਦੇ ਉਦਘਾਟਨ ਨਾਲ ਚਾਰ ਅਹਿਮ ਸਮਝੌਤੇ ਸਹੀਬੰਦ
ਔਕਲੈਂਡ, 04 ਸਤੰਬਰ 2026: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਆਰਥਿਕ ਅਤੇ ਵਪਾਰਕ ਰਿਸ਼ਤਿਆਂ ਨੂੰ ਨਵੀਂ ਉੱਚਾਈ ’ਤੇ ਲੈ ਜਾਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਨਵੇਂ ਬਣੇ ‘ਇੰਡੀਆ ਨਿਊਜ਼ੀਲੈਂਡ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ (ਆਈ.ਐੱਨ.ਜ਼ੈੱਡ.ਸੀ.ਸੀ.ਆਈ.) ਨੇ ਆਪਣੇ ਦੋ-ਪੱਖੀ ਕਾਰੋਬਾਰੀ ਮੰਚ ਦਾ ਰਸਮੀ ਉਦਘਾਟਨ ਕੀਤਾ ਹੈ। ਬੀਤੇ ਦਿਨੀਂ ਔਕਲੈਂਡ ਸਥਿਤ ਭਾਰਤੀ ਕੌਂਸਲੇਟ ਜਨਰਲ ਵਿੱਚ ਆਯੋਜਿਤ ਇਸ ਵਿਸ਼ੇਸ਼ ਸਮਾਗਮ ਵਿੱਚ ਦੋਵਾਂ ਦੇਸ਼ਾਂ ਦੇ ਉੱਚ ਸਰਕਾਰੀ, ਡਿਪਲੋਮੈਟਿਕ ਅਤੇ ਵਪਾਰਕ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਸਾਲ ਦੇ ਸ਼ੁਰੂ ਵਿੱਚ ਹੋਏ ਇਤਿਹਾਸਕ ਨਿਊਜ਼ੀਲੈਂਡ-ਭਾਰਤ ਮੁਫ਼ਤ ਵਪਾਰ ਸਮਝੌਤੇ (ਐੱਫ.ਟੀ.ਏ.) ਤੋਂ ਬਾਅਦ ਇਹ ਪਹਿਲਕਦਮੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਸਮਾਗਮ ਦੌਰਾਨ ਕਾਰੋਬਾਰ, ਲਘੂ ਉਦਯੋਗ ਅਤੇ ਇਮੀਗ੍ਰੇਸ਼ਨ ਮੰਤਰੀ ਕੈਮਰਨ ਬਰੂਅਰ ਸਮੇਤ ਨਿਊਜ਼ੀਲੈਂਡ ਸਰਕਾਰ ਦੇ ਵਿਦੇਸ਼ ਅਤੇ ਵਪਾਰ ਮੰਤਰਾਲੇ (ਐੱਮ.ਐੱਫ.ਏ.ਟੀ.), ਨਿਊਜ਼ੀਲੈਂਡ ਟਰੇਡ ਐਂਡ ਐਂਟਰਪ੍ਰਾਈਜ਼ (ਐੱਨ.ਜ਼ੈੱਡ.ਟੀ.ਈ.) ਅਤੇ ਹੋਰ ਪ੍ਰਮੁੱਖ ਅਦਾਰਿਆਂ ਦੇ ਅਧਿਕਾਰੀ ਹਾਜ਼ਰ ਸਨ। ਭਾਰਤ ਵੱਲੋਂ ਕੌਂਸਲੇਟ ਜਨਰਲ, ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ (ਐੱਫ.ਆਈ.ਈ.ਓ.), ਬੈਂਕ ਆਫ਼ ਬੜੌਦਾ ਅਤੇ ਮੇਵਾੜ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਨੁਮਾਇੰਦਿਆਂ ਨੇ ਆਨਲਾਈਨ ਅਤੇ ਪ੍ਰਤੱਖ ਰੂਪ ਵਿੱਚ ਸ਼ਿਰਕਤ ਕੀਤੀ।
ਇਸ ਸਮਾਗਮ ਦਾ ਮੁੱਖ ਆਕਰਸ਼ਣ ਚਾਰ ਮਹੱਤਵਪੂਰਨ ਰਣਨੀਤਕ ਸਮਝੌਤਿਆਂ (ਐੱਮ.ਓ.ਯੂ.) ’ਤੇ ਦਸਤਖ਼ਤ ਕਰਨਾ ਸੀ। ਇਹ ਸਮਝੌਤੇ ਭਾਰਤੀ ਕੌਂਸਲੇਟ ਜਨਰਲ ਔਕਲੈਂਡ, ਔਕਲੈਂਡ ਬਿਜ਼ਨਸ ਚੈਂਬਰ, ਬੈਂਕ ਆਫ਼ ਬੜੌਦਾ ਨਿਊਜ਼ੀਲੈਂਡ ਅਤੇ ਮੇਵਾੜ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨਾਲ ਕੀਤੇ ਗਏ ਹਨ। ਇਹ ਸਾਂਝੇਦਾਰੀਆਂ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ, ਨਿਰਯਾਤਕਾਂ ਅਤੇ ਵਿੱਤੀ ਅਦਾਰਿਆਂ ਨੂੰ ਇੱਕ-ਦੂਜੇ ਨਾਲ ਸਿੱਧਾ ਜੋੜਨਗੀਆਂ।
ਭਾਰਤੀ ਕੌਂਸਲ ਜਨਰਲ ਡਾ. ਮਦਨ ਮੋਹਨ ਸੇਠੀ ਨੇ ਇਸ ਸ਼ੁਰੂਆਤ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਮੁਫ਼ਤ ਵਪਾਰ ਸਮਝੌਤਾ ਨਵੇਂ ਰਾਹ ਖੋਲ੍ਹ ਰਿਹਾ ਹੈ, ਉਦੋਂ ਆਈ.ਐੱਨ.ਜ਼ੈੱਡ.ਸੀ.ਸੀ.ਆਈ. ਵਰਗੇ ਮੰਚ ਕਾਰੋਬਾਰੀਆਂ ਨੂੰ ਸਹੀ ਭਾਈਵਾਲਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਆਈ.ਐੱਨ.ਜ਼ੈੱਡ.ਸੀ.ਸੀ.ਆਈ. ਦੇ ਚੇਅਰਮੈਨ ਅਤੇ ਸੀ.ਈ.ਓ. ਸੰਨੀ ਕੌਸ਼ਲ ਨੇ ਦੱਸਿਆ ਕਿ ਇਹ ਮੰਚ ਸਿਰਫ਼ ਸੰਭਾਵਨਾਵਾਂ ’ਤੇ ਚਰਚਾ ਕਰਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਕਾਰੋਬਾਰੀਆਂ ਨੂੰ ਅਸਲ ਵਪਾਰਕ ਮੌਕੇ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਐੱਫ.ਟੀ.ਏ. ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਹੁਣ ਸਾਡਾ ਕੰਮ ਨਿਰਯਾਤਕਾਂ ਨੂੰ ਖਰੀਦਦਾਰਾਂ ਨਾਲ ਅਤੇ ਨਿਵੇਸ਼ਕਾਂ ਨੂੰ ਭਰੋਸੇਯੋਗ ਭਾਈਵਾਲਾਂ ਨਾਲ ਜੋੜਨਾ ਹੈ।
ਔਕਲੈਂਡ ਬਿਜ਼ਨਸ ਚੈਂਬਰ ਦੇ ਸੀ.ਈ.ਓ. ਸਾਈਮਨ ਬ੍ਰਿਜਿਜ਼ ਅਤੇ ਬੈਂਕ ਆਫ਼ ਬੜੌਦਾ ਨਿਊਜ਼ੀਲੈਂਡ ਦੇ ਐੱਮ.ਡੀ. ਸੰਦੀਪ ਖੇਤਾਨ ਨੇ ਵੀ ਇਸ ਭਾਈਵਾਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿੱਤੀ ਅਤੇ ਕਾਰੋਬਾਰੀ ਨੈੱਟਵਰਕ ਮਿਲ ਕੇ ਇਸ ਆਰਥਿਕ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਗੇ। ਭਾਰਤ ਦੇ ਮੇਵਾੜ ਚੈਂਬਰ ਨਾਲ ਹੋਏ ਸਮਝੌਤੇ ਨਾਲ ਕੱਪੜਾ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਮਾਈਨਿੰਗ ਅਤੇ ਹਸਤਕਲਾ ਦੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
ਚੈਂਬਰ ਦਾ ਮੁੱਖ ਉਦੇਸ਼ ਅਗਲੇ ਪੰਜ ਸਾਲਾਂ ਵਿੱਚ ਦੋ-ਪੱਖੀ ਵਪਾਰ ਨੂੰ 3.95 ਅਰਬ ਨਿਊਜ਼ੀਲੈਂਡ ਡਾਲਰ ਤੋਂ ਵਧਾ ਕੇ 10 ਅਰਬ ਨਿਊਜ਼ੀਲੈਂਡ ਡਾਲਰ ਤੱਕ ਪਹੁੰਚਾਉਣਾ ਹੈ। ਸੰਨੀ ਕੌਸ਼ਲ ਅਨੁਸਾਰ ਨਿਊਜ਼ੀਲੈਂਡ ਦੀ ਤਕਨਾਲੋਜੀ ਤੇ ਖੇਤੀਬਾੜੀ ਮਹਾਰਤ ਅਤੇ ਭਾਰਤ ਦਾ ਵੱਡਾ ਬਾਜ਼ਾਰ ਤੇ ਹੁਨਰਮੰਦ ਸ਼ਕਤੀ ਇੱਕ-ਦੂਜੇ ਦੇ ਪੂਰਕ ਹਨ, ਜੋ ਦੋਵਾਂ ਦੇਸ਼ਾਂ ਲਈ ਲਾਹੇਵੰਦ ਸਾਬਤ ਹੋਣਗੇ।
- Download Babushahi App
-
-