Election Special-ਮੋਗਾ ਬਦਲਾਅ ਜੋਗਾ : ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ
ਅਸ਼ੋਕ ਵਰਮਾ
ਬਠਿੰਡਾ , 22 ਨਵੰਬਰ 2026 : ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਚੋਣ ਬਿਗੁਲ ਵਜਾਉਣ ਲਈ ਚੁਣਨ ਤੋਂ ਬਾਅਦ ਭੂਗੋਲਿਕ ਤੌਰ ’ਤੇ ਪੰਜਾਬ ਦੇ ‘ਮੱਧ’ ’ਚ ਪੈਂਦਾ ਮੋਗਾ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਇਹ ਪਹਿਲੀ ਵਾਰ ਨਹੀਂ ਬਲਕਿ ਮੋਗਾ ਹਮੇਸ਼ਾ ਤੋਂ ਬਦਲਾਅ ਦਾ ਮੁੱਢ ਬੰਨ੍ਹਦਾ ਆ ਰਿਹਾ ਹੈ ਜਿਸ ਕਰਕੇ ਸਿਆਸੀ ਧਿਰਾਂ ਚੋਣ ਦੰਗਲ ਲਈ ਮੋਗਾ ਦੀ ਚੋਣ ਕਰਨ ਲੱਗੀਆਂ ਹਨ। ‘ਆਪ’ 26 ਨਵੰਬਰ ਨੂੰ ਮੋਗਾ ਦੇ ਪਿੰਡ ਮਟਵਾਣੀ ਤੋਂ ਖੁਸ਼ਹਾਲ ਪੰਜਾਬ ਰੈਲੀ ਰਾਹੀਂ ਚੋਣ ਕਰਨ ਜਾ ਰਹੀ ਹੈ। ਇਸ ਤਰਾਂ ਹੀ ਸ਼੍ਰੋਮਣੀ ਅਕਾਲੀ ਦਲ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 99ਵੇਂ ਜਨਮ ਦਿਨ ਮੌਕੇ ਮੋਗਾ ’ਚ ਰੈਲੀ ਕਰ ਰਿਹਾ ਹੈ। ਰਿਵਾਇਤੀ ਰਾਜਨੀਤੀ ਦਾ ਅਹਿਮ ਕੇਂਦਰ ਹੋਣ ਕਰਕੇ ਸਿਆਸੀ ਪਾਰਟੀਆਂ ਦੀ ਮੋਗਾ ਤੋਂ ਚੋਣ ਮੁਹਿੰਮ ਸ਼ੁਰੂ ਕਰਨਾ ਇਸ ਦੀ ਆਪਣੀ ਹੀ ਸਿਆਸੀ ਮਹੱਤਤਾ ਹੈ।
ਦੇਖਿਆ ਜਾਏ ਤਾਂ ਅਕਾਲੀ ਦਲ ਅਤੇ ਕਾਂਗਰਸ ਨੇ 1996, 2006 ਅਤੇ 2011 ’ਚ ਆਪੋ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮੋਗਾ ਦੀ ਧਰਤੀ ਤੋਂ ਕੀਤੀ ਸੀ। ‘ਆਪ’ ਨੇ ਵੱਡੇ ਸਿਆਸੀ ਐਲਾਨਾਂ ਲਈ ਮੋਗਾ ਨੂੰ ਚੁਣਿਆ ਹੈ। ਪਿਛੋਕੜ ’ਚ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਇਲਾਕਾ ਸਦੀਆਂ ਤੋਂ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਕਰਾਂਤੀ ਦਾ ਕੇਂਦਰ ਰਿਹਾ ਹੈ। ਜਦੋਂ ਅੰਗਰੇਜ਼ੀ ਹਕੂਮਤ ਸੀ ਤਾਂ ਉਦੋਂ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਆਜ਼ਾਦੀ ਪ੍ਰਵਾਨਿਆਂ ਨੇ ਗ਼ਦਰ ਪਾਰਟੀ ਦਾ ਮੁੱਢ ਬੰਨਿ੍ਹਆ ਸੀ ਜਿਸ ’ਚ ਇਸ ਇਲਾਕੇ ਦੀ ਇਸ ਹੱਦ ਤੱਕ ਭਰਵੀਂ ਸ਼ਮੂਲੀਅਤ ਸੀ ਕਿ ਅੰਗਰੇਜ਼ਾਂ ਨੇ ਢੁੱਡੀਕੇ ਪਿੰਡ ਨੂੰ ਗ਼ਦਰੀ ਸਰਗਰਮੀਆਂ ਦਾ ਕੇਂਦਰ ਮੰਨਿਆ ਸੀ। ਆਜ਼ਾਦੀ ਦੀ ਲੜਾਈ ਤੋਂ ਬਾਅਦ ਕਮਿਊਨਿਸਟ ਲਹਿਰਾਂ ਅਤੇ ਅਤਿਵਾਦ ਦੀ ਲਹਿਰ ਦੌਰਾਨ ਵੀ ਮੋਗਾ ਦਾ ਨਾਮ ਸੁਰਖੀਆਂ ਵਿੱਚ ਹੀ ਰਿਹਾ । ਸੰਤ ਜਰਨੈਲ ਸਿੰਘ ਭਿੰਡਰਾਵਾਲੇ ਇਸੇ ਜ਼ਿਲ੍ਹੇ ਦੇ ਜੰਮਪਲ ਸਨ।
ਕਿਹਾ ਜਾ ਸਕਦਾ ਹੈ ਕਿ ਇਸ ਇਲਾਕੇ ਤੋਂ ਅਜਿਹੀਆਂ ਲਹਿਰਾਂ ਉੱਠੀਆਂ ਜਿਨ੍ਹਾਂ ਨੇ ਰਾਜ ਸਰਕਾਰ ਨਹੀਂ ਸਗੋਂ ਦਿੱਲੀ ਦੇ ਤਖਤ ਵੀ ਹਿਲਾ ਦਿੱਤੇ ਸਨ। ਭਾਵੇਂ ਲਾਲਾ ਲਾਜਪਤ ਰਾਏ ਦਾ ਕਾਰਜ ਖੇਤਰ ਬੇਸ਼ੱਕ ਹੋਰ ਇਲਾਕੇ ਰਹੇ ਸਨ ਪਰ ਉਹ ਜੰਮਪਲ ਢੁੱਡੀਕੇ ਪਿੰਡ ਦੇ ਸਨ। ਇਤਿਹਾਸਕਾਰਾਂ ਮੁਤਾਬਕ ਢੁੱਡੀਕੇ ਦੇ 16 ਗ਼ਦਰੀ ਹੋਏ ਹਨ। ਕਿਰਤੀ ਕਿਸਾਨ ਪਾਰਟੀਆਂ ਦਾ ਕੇਂਦਰ ਰਹਿਣ ਦੀ ਸਭ ਤੋਂ ਵੱਡੀ ਮਿਸਾਲ ਇਸ ਤੱਥ ਤੋਂ ਮਿਲਦੀ ਹੈ ਕਿ 1941 ਦੌਰਾਨ 21 ਤੋਂ 23 ਸਤੰਬਰ ਤੱਕ ਕਿਰਤੀ ਕਿਸਾਨ ਪਾਰਟੀ ਦਾ ਵੱਡਾ ਸੰਮੇਲਨ ਹੋਇਆ ਜਿਸ ਵਿੱਚ ਅੰਗਰੇਜ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ। ਅਜੋਕੇ ਸਮੇਂ ਦੌਰਾਨ ਵੀ ਇਹ ਇਲਾਕਾ ਕਿਸਾਨੀ ਸਰਗਰਮੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸੱਤਰਵਿਆਂ ਵਿਚ ਚੱਲੇ ਵਿਦਿਆਰਥੀ ਘੋਲ ਦੀਆਂ ਯਾਦਾਂ ਅਤੇ ਰੀਗਲ ਸਿਨੇਮਾ ਗੋਲੀ ਕਾਂਡ ਤਾਂ ਅਜੇ ਤੱਕ ਵੀ ਲੋਕਾਂ ਦੇ ਚੇਤੇ ’ਚ ਵਸੀਆਂ ਹੋਈਆਂ ਹਨ।
ਸਾਲ 1972 ਵਿੱਚ ਜਦੋਂ ਮਹਿੰਗਾਈ ਵਿਰੁੱਧ ਅੰਦੋਲਨ ਚੱਲ ਰਿਹਾ ਸੀ ਤਾਂ ਐਨ ਉਸੇ ਸਮੇਂ ਮੋਗਾ ਦੇ ਰੀਗਲ ਸਿਨੇਮਾ ਵਿੱਚ ਗੋਲੀ ਕਾਂਡ ਵਾਪਰਿਆ ਸੀ ਜਿਸ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਵਿਚ ਬੋਲਬਾਲਾ ਹੋ ਗਿਆ ਸੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਸੂਬੇ ਵਿਚ ਫੌਜ ਤਾਇਨਾਤ ਕਰਨੀ ਪਈ ਅਤੇ ਤਤਕਾਲੀਨ ਗਿਆਨੀ ਜ਼ੈਲ ਸਿੰਘ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ ਸਨ। ਪਰਵਾਸ ਕਰਨ ਵਾਲਿਆਂ ਵਿੱਚ ਬੇਸ਼ੱਕ ਅੱਜ ਦੋਆਬੇ ਨੂੰ ਮੋਹਰੀ ਮੰਨਿਆ ਜਾਂਦਾ ਹੈ ਪਰ ਇਹ ਵੀ ਇੱਕ ਇਤਿਹਾਸਕ ਤੱਥ ਹੈ ਕਿ ਪੰਜਾਬ ਚੋਂ ਸਭ ਤੋਂ ਪਹਿਲਾਂ ਮੋਗਾ ਇਲਾਕੇ ਦੇ ਲੋਕਾਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ ਸੀ। ਵਿਦੇਸ਼ ਬੈਠੇ ਲੋਕਾਂ ਨੇ ਹੀ ਗ਼ਦਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਬਾਬਾ ਰੂੜ ਸਿੰਘ ਚੂਹੜਚੱਕ ਅਤੇ ਬਾਬਾ ਨਿਧਾਨ ਸਿੰਘ ਚੁੱਘਾ ਸਿਰਕੱਢ ਗ਼ਦਰੀ ਇਸੇ ਇਲਾਕੇ ਨਾਲ ਸਬੰਧਤ ਸਨ।
ਬਾਬਾ ਰੂੜ ਸਿੰਘ ਤਾਂ 1937 ਤੋਂ 1946 ਤੱਕ ਵਿਧਾਇਕ ਵੀ ਰਹੇ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫੌਜ ਵਿੱਚ ਵੀ ਮੋਗਾ ਇਲਾਕੇ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪਿੰਡ ਰੋਡੇ ਦੇ ਜੰਮਪਲ ਸਨ ਜਿੰਨ੍ਹਾਂ ਦੀ ਪਿਛਲੇ ਸਦੀ ਦੇ ਸੱਤਵੇਂ ਦਹਾਕੇ ਦੇ ਅੰਤ ਤੋਂ ਲੈਕੇ 1984 ਤੱਕ ਸਿੱਖ ਸਿਆਸਤ ਵਿੱਚ ਬੋਲਬਾਲਾ ਰਿਹਾ ਹੈ। ਉਨ੍ਹਾਂ ਦੀ ਮੌਤ ਉਪਰੰਤ ਸੂਬੇ ਵਿੱਚ ਤਕਰੀਬਨ ਇੱਕ ਦਹਾਕੇ ਤੱਕ ਅਸ਼ਾਂਤੀ ਦਾ ਮਹੌਲ ਰਿਹਾ। ਸੰਤ ਭਿੰਡਰਾਵਾਲੇ ਦਾ ਨਾਮ ਇਸ ਇਲਾਕੇ ਵਿੱਚ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ। ਅਤਿਵਾਦ ਦੇ ਦੌਰ ਵਿਚ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸਮੇਤ ਕਈ ਖਾੜਕੂ ਵੀ ਇਸ ਇਲਾਕੇ ਨਾਲ ਸਬੰਧਤ ਸਨ। ਮੋਗਾ ਦਾ ਇਤਿਹਾਸ ਫਰੋਲਿਆਂ ਪਤਾ ਲਗਦਾ ਹੈ ਕਿ ਇਸ ਇਲਾਕੇ ਨੇ ਜੁਝਾਰੂ ਅਤੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਤਬਦੀਲੀਆਂ ਦੇ ਜਜਬੇ ਵਾਲੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਹਨ।
ਲੀਡਰਾਂ ਲਈ ਸੱਤਾ ਦਾ ਰਾਹ ਮੋਗਾ
ਸ਼੍ਰੋਮਣੀ ਅਕਾਲੀ ਦਲ ਨੇ 75ਵੀਂ ਵਰ੍ਹੇ ਗੰਢ ਮੋਗਾ ਦੀ ਧਰਤੀ ’ਤੇ ਹੀ ਮਨਾਈ। ਪਾਰਟੀ 1996 ’ਚ ਕਰਵਾਈ ਕਾਨਫਰੰਸ ਸਿਰ ਢਾਈ ਦਹਾਕੇ ਬਾਅਦ ਰਾਜ ਭਾਗ ਆਉਣ ਦਾ ਸਿਹਰਾ ਬੰਨ੍ਹਦੀ ਹੈ। ਇਸ ਮੌਕੇ ਹੀ ਸੁਖਬੀਰ ਸਿੰਘ ਬਾਦਲ ਨੂੰ ਆਗੂ ਦੇ ਰੂਪ ਵਿੱਚ ਉਭਾਰਿਆ ਅਤੇ 1996 ਵਿੱਚ ਹੀ ਪਹਿਲੀ ਵਾਰ ਫ਼ਰੀਦਕੋਟ ਸੰਸਦੀ ਹਲਕੇ ਤੋਂ ਚੋਣ ਲੜਾਈ ਸੀ। ਸਿਆਸੀ ਪਾਰਟੀਆਂ ਦੇ ਆਗੂਆਂ ਦੇ ਮਨਾਂ ਵਿੱਚ ਵੀ ਇਹ ਗੱਲ ਘਰ ਕਰ ਚੁੱਕੀ ਹੈ ਕਿ ‘ਇਹ ਇਲਾਕਾ ਤਬਦੀਲੀਆਂ ਦਾ ਆਧਾਰ ਬਣਦਾ ਹੈ ਜਿਸ ਕਰਕੇ ਇੱਥੋਂ ਸਿਆਸੀ ਲੜਾਈ ਸ਼ੁਰੂ ਕਰਨੀ ਕਈ ਪੱਖਾਂ ਤੋਂ ਅਹਿਮ ਮੰਨੀ’ ਜਾ ਸਕਦੀ ਹੈ।
- Download Babushahi App
-
-