Crime Special-ਝੋਟਾ ਕਤਲਕਾਂਡ : ਸੂਈ ਦੇ ਨੱਕੇ ਥਾਣੀ ਲੰਘਕੇ ਇਕੱਠੇ ਕਰਨੇ ਪੈਣਗੇ CBI ਨੂੰ ਸਬੂਤ
ਅਸ਼ੋਕ ਵਰਮਾ
ਬਠਿੰਡਾ , 22 ਅਕਤੂਬਰ 2026 : ਮਾਨਸਾ ’ਚ ਨਸ਼ਿਆਂ ਖਿਲਾਫ ਅਵਾਜ਼ ਚੁੱਕਣ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਸੀਬੀਆਈ ਲਈ ਸਭ ਤੋਂ ਵੱਡੀ ਚੁਣੌਤੀ ਵਾਰਦਾਤ ਵਾਲੇ ਉਸ ਮੈਡੀਕਲ ਸਟੋਰ ਤੋਂ ਸਬੂਤ ਇਕੱਠੇ ਕਰਨ ਦੀ ਜਿੱਥੇ 13 ਅਕਤੂਬਰ ਨੂੰ ਝੋਟਾ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਤੋਂ ਅਗਲੇ ਦਿਨ 14 ਅਕਤੂਬਰ ਨੂੰ ਪਹਿਲਾਂ ਪ੍ਰਸ਼ਾਸ਼ਨ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਗਰਗ ਮੈਡੀਕੋਜ਼ ’ਤੇ ਬੁਲਡੋਜਰ ਚਲਾ ਦਿੱਤਾ ਸੀ। ਇਸ ਤੋਂ ਬਾਅਦ ਭੜਕੀ ਭੀੜ ਨੇ ਦੁਕਾਨ ਦੇ ਬਾਕੀ ਹਿੱਸੇ ਦੀ ਬੁਰੀ ਤਰਾਂ ਭੰਨ ਤੋੜ ਕਰਕੇ ਅੱਗ ਲਾ ਦਿੱਤੀ ਸੀ। ਜੁਰਮਾਂ ਦੀ ਤਫਤੀਸ਼ ਨਾਲ ਜੁੜੇ ਪੁਲਿਸ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਪ੍ਰਸਥਿਤੀਆਂ ਦਰਮਿਆਨ ਵਾਰਦਾਤ ਵਾਲੀ ਥਾਂ ਦੀ ਅਸਲ ਸਥਿਤੀ ਅਤੇ ਕ੍ਰਾਈਮ ਸੀਨ ਨੂੰ ਮੁੜ ਦੁਰਹਾਉਣਾ ਜਾਂ ਤਿਆਰ ਕਰਨਾ ਸੌਖਾ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੂੰ ਹੁਣ ਇਹ ਪੂਰਾ ਮਾਮਲਾ ਸਮਝਣ ਲਈ ਗੁਆਂਢੀ ਦੁਕਾਨਦਾਰਾਂ , ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਅਤੇ ਫੇਸਬੁੱਕ ਲਾਈਵ ਵੀਡੀਓ ਦਾ ਸਹਾਰਾ ਲੈਣਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਵੀ ਅਹਿਮ ਸਬੂਤ ਹੋ ਸਕਦੇ ਸਨ ਜੋ ਭੰਨਤੋੜ ਦੌਰਾਨ ਨਸ਼ਟ ਹੋ ਚੁੱਕੇ ਹਨ। ਇਹੋ ਕਾਰਨ ਹੈ ਕਿ ਕਤਲ ਵਾਲੀ ਥਾਂ ਦੇ ਤਹਿਸ ਨਹਿਸ ਹੋਣ ਨੇ ਜਾਂਚ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਵੀ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਵਾਈ ਨੂੰ ਕਟਹਿਰੇ ’ਚ ਖੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਉਨ੍ਹਾਂ ਨੇ ਅਤੇ ਨਾਂ ਹੀ ਪ੍ਰਵਾਰ ਨੇ ਕਦੇ ਮੁਲਜਮ ਅਸ਼ਵਨੀ ਕੁਮਾਰ ਦੀ ਦੁਕਾਨ ਢਾਹੁਣ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸ਼ਨ ਨੇ ਕਤਲ ਸਬੰਧੀ ਸਬੂਤ ਖਤਮ ਕਰਨ ਲਈ ਦੁਕਾਨ ਨੂੰ ਢਾਹਿਆ ਹੈ।
ਜਿਕਰਯੋਗ ਹੈ ਕਿ 13 ਅਕਤੂਬਰ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਝੋਟਾ ਨਸ਼ੀਲੀਆਂ ਗੋਲੀਆਂ ਦੀ ਕਥਿਤ ਵਿੱਕਰੀ ਦਾ ਵਿਰੋਧ ਕਰਨ ਲਈ ਦੁਕਾਨ ’ਤੇ ਪੁੱਜਿਆ ਸੀ। ਇਸ ਮੌਕੇ ਝੋਟੇ ਦੀ ਅਸ਼ਵਨੀ ਕੁਮਾਰ ਨਾਲ ਕਾਫੀ ਸਮਾਂ ਬਹਿਸ ਹੋਈ ਜਿਸ ਦੌਰਾਨ ਗੋਲੀਆਂ ਚਲਾਉਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜਾਂਚ ਏਜੰਸੀ ਲਈ ਇਹ ਵੀ ਜਾਨਣਾ ਜਰੂਰੀ ਹੈ ਕਿ ਮੁਲਜਮ ਗੋਲੀਆਂ ਚਲਾਉਣ ਮੌਕੇ ਉੱਥੇ ਕੌਣ ਕੌਣ ਮੌਜੂਦ ਸੀ ਅਤੇ ਘਟਨਾ ਕਿਸ ਤਰਾਂ ਅੱਗੇ ਵਧੀ ਹੈ। ਇਸ ਸਬੰਧ ‘ਚ ਸਾਹਮਣੇ ਆਈ ਦੂਸਰੀ ਵੀਡੀਓ ’ਚ ਅਸ਼ਵਨੀ ਹੱਥ ’ਚ ਪਿਸਤੌਲ ਫੜਕੇ ਝੋਟੇ ਦੀ ਪਿੱਛਾ ਕਰਦਿਆਂ ਗੋਲੀ ਮਾਰਦਾ ਨਜ਼ਰ ਆਉਂਦਾ ਹੈ ਅਤੇ ਝੋਟੇ ਦੀ ਇੱਕ ਹੋਰ ਦੁਕਾਨ ਅੰਦਰ ਮੌਤ ਹੋ ਜਾਂਦੀ ਹੈ। ਜਾਂਚ ਏਜੰਸੀ ਵਾਲੀ ਰਾਹਤ ਵਾਲੀ ਗੱਲ ਇਹੋ ਰਹੀ ਕਿ ਹੋਰਨਾਂ ਵਾਰਦਾਤ ਵਾਲੀ ਥਾਂ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ’ਚ ਇਹ ਘਟਨਾ ਕੈਦ ਹੋ ਗਈ ਹੈ।
ਡੀਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਝੋਟਾ ਕਤਲ ਕਾਂਡ ਦੀ ਜਾਂਚ ਕਰ ਰਹੀਆਂ ਟੀਮਾਂ ਨੇ ਵਾਰਦਾਤ ਵਾਲੀ ਥਾਂ ਦਾ ਬਾਰੀਕੀ ਨਾਲ ਜਾਇਜਾ ਲੈਣ ਦੇ ਨਾਲ ਨਾਲ ਗੁਆਂਢੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਅਹਿਮ ਜਾਣਕਾਰੀ ਜੁਟਾਈ ਹੈ। ਮਾਮਲਾ ਕਿਸੇ ਤਣ ਪੱਤਣ ਲਾਉਣ ਲਈ ਦੁਕਾਨਦਾਰਾਂ ਦੀ ਭੂਮਿਕਾ ਮਹੱਤਵਪੂਰਨ ਹੋ ਸਕਦੀ ਹੈ। ਉਨ੍ਹਾਂ ਦੇ ਬਿਆਨਾਂ ਤੋਂ ਸਹਾਇਤਾ ਮਿਲੇਗੀ ਕਿ ਝੋਟਾ ਮੈਡੀਕਲ ਸਟੋਰ ਤੇ ਕਦੋਂ ਪੁੱਜਿਆ , ਉਸ ਨਾਲ ਕਿੰਨੇ ਲੋਕ ਸਨ , ਵਿਵਾਦ ਕਿਸ ਤਰਾਂ ਸ਼ੁਰੂ ਹੋਇਆ ਅਤੇ ਮੁਲਜਮ ਫਾਇਰਿੰਗ ਮਗਰੋਂ ਕਿੱਧਰ ਭੱਜਿਆ ਹੈ। ਜਾਂਚ ਅਧਿਕਾਰੀਆਂ ਨੇ ਝੋਟੇ ਦੇ ਪਿਤਾ ਤੇ ਪਤਨੀ ਤੋਂ ਵੀ ਘਟਨਾਕ੍ਰਮ ਅਤੇ ਝੋਟੇ ਦੀਆਂ ਨਸ਼ਾ ਵਿਰੋਧੀ ਸਰਗਰਮੀਆਂ ਸਬੰਧੀ ਜਾਣਕਾਰੀ ਲਈ ਹੈ। ਸੀਬੀਆਈ ਨੇ ਵਾਰਦਾਤ ਵਾਲੇ ਦਿਨ ਦੀ ਲਾਈਵ ਵੀਡੀਓ ਅਤੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਨਸ਼ਿਆਂ ਦੀ ਕਥਿਤ ਵਿੱਕਰੀ ਸਬੰਧੀ ਪ੍ਰਗਟਾਵਿਆਂ ਦੇ ਤੱਥ ਵੀ ਇਕੱਤਰ ਕੀਤੇ ਹਨ।
ਮੂਸੇਵਾਲਾ ਦੇ ਪਿਤਾ ਨੇ ਚੁੱਕੀ ਉਂਗਲ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਅਸ਼ਵਨੀ ਕੁਮਾਰ ਦੀ ਦੁਕਾਨ ਤੋੜਨ ਨੂੰ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਦੀ ਗਲ੍ਹਤ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪ੍ਰਸ਼ਾਸ਼ਨ ਨੇ ਝੋਟਾ ਦੀ ਹੱਤਿਆ ਮਾਮਲੇ ’ਚ ਕੇਸ ਪ੍ਰਾਪਰਟੀ ਬਣਨ ਵਾਲੇ ਸਮੂਹ ਅਹਿਮ ਸਬੂਤ ਖਤਮ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨ ਸਲਾਮਤ ਰਹਿੰਦੀ ਤਾਂ ਜਾਂਚ ਏਜੰਸੀ ਪਤਾ ਲਾਉਂਦੀ ਕਿ ਦੁਕਾਨ ’ਚ ਬਿਨਾਂ ਬਿੱਲ ਕਿੰਨੀਆਂ ਦਵਾਈਆਂ ਹਨ ਅਤੇ ਕਿੰਨੀਆਂ ਬਿੱਲ ਸਮੇਤ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨਸ਼ੀਲੀਆਂ ਦਵਾਈਆਂ ਦਾ ਰਿਕਾਰਡ ਵੀ ਮਿਲ ਜਾਣਾ ਸੀ। ਉਨ੍ਹਾਂ ਕਿਹਾ ਕਿ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੇ ਵੀ ਮਹੱਤਵਪੂਰਨ ਸਬੂਤ ਬਣਨਾ ਸੀ ਜੋ ਹੁਣ ਖਤਮ ਹੋ ਚੁੱਕੇ ਹਨ।
ਕਤਲ ਦੀ ਵਜ੍ਹਾ ਵੀ ਜਾਂਚ ਦਾ ਹਿੱਸਾ
ਪਰਵਿੰਦਰ ਝੋਟਾ ਪਿਛਲੇ ਲੰਬੇ ਸਮੇਂ ਤਾਂ ਮਾਨਸਾ ਅਤੇ ਆਸ ਪਾਸ ਦੇ ਇਲਾਕਿਆਂ ’ਚ ਨਸ਼ੇ ਅਤੇ ਕਥਿਤ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖਿਲਾਫ ਮੁਹਿੰਮ ਚਲਾ ਰਿਹਾ ਸੀ। ਉਹ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਨਸ਼ੇ ਦੀ ਵਿੱਕਰੀ ਅਤੇ ਸਬੰਧਿਤ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਵੀ ਸਵਾਲ ਚੁੱਕਦਾ ਰਿਹਾ ਹੈ। ਜੁਲਾਈ 2023 ’ਚ ਝੋਟਾ ਨੇ ਮੁਲਜਮ ਅਸ਼ਵਨੀ ਕੁਮਾਰ ਦੇ ਗਲ ’ਚ ਛਿੱਤਰਾਂ ਦਾ ਹਾਰ ਪਾਕੇ ਉਸ ਨੂੰ ਸ਼ਹਿਰ ’ਚ ਘੁਮਾਇਆ ਸੀ। ਪੁਲਿਸ ਅਨੁਸਾਰ ਮੁਲਜਮ ਨੇ ਇਸੇ ਰੰਜਿਸ਼ ਕਾਰਨ ਝੋਟਾ ਦਾ ਕਤਲ ਕੀਤਾ ਹੈ ਪਰ ਹੁਣ ਨਜ਼ਰਾਂ ਸੀਬੀਆਈ ਦੇ ਨਤੀਜਿਆਂ ’ਤੇ ਟਿਕ ਗਈਆਂ ਹਨ।
- Download Babushahi App
-
-