Crime Special-ਇਸ਼ਕ ’ਚ ਅੰਨ੍ਹੀਂ ਪਤਨੀ ਵੱਲੋਂ ਬੀਮੇ ਲਈ ਆਸ਼ਕ ਨਾਲ ਮਿਲਕੇ ਪਤੀ ਦਾ ਬੇਰਹਿਮੀ ਨਾਲ ਕਤਲ
ਅਸ਼ੋਕ ਵਰਮਾ
ਬਠਿੰਡਾ , 20 ਨਵੰਬਰ 2026 : ਰਾਜਸਥਾਨ ਦੇ ਬਹਿਰੋੜ ਤੋਂ ਇੱਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਤੀਸ਼ ਸੈਣੀ ਨਾਮੀ ਇਸ ਨੌਜਵਾਨ ਦੀ ਹੱਤਿਆ ਦਾ ਦੋਸ਼ ਉਸ ਦੀ ਪਤਨੀ ’ਤੇ ਲੱਗਿਆ ਹੈ ਜਿਸ ਨੇ ਪਤੀ ਨੂੰ ਸੱਤ ਜਨਮ ਸਾਥ ਨਿਭਾਉਣ ਦਾ ਵਚਨ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ’ਚ ਤਿੰਨੋਂ ਮੁਲਜਮ ਗ੍ਰਿਫਤਾਰ ਕਰ ਲਏ ਹਨ ਜਿੰਨ੍ਹਾਂ ਚੋਂ ਦੋ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਮੁਲਜਮਾਂ ਵਿੱਚ ਮ੍ਰਿਤਕ ਦੀ ਪਤਨੀ ਰੇਖਾ ਸੈਣੀ, ਉਸ ਦਾ ਪ੍ਰੇਮੀ ਰਾਜੇਸ਼ ਉਰਫ਼ ਰਾਜੂ ਮਿਸਤਰੀ (34) , ਵਾਸੀ ਪਦਮਾਡਾ ਖੁਰਦ , ਅਤੇ ਸਮਸ਼ੇਰ ਉਰਫ਼ ਸ਼ਿਵਾ ਉਰਫ਼ ਸ਼ਿਵਮ (27) , ਵਾਸੀ ਫਤਿਹਗੰਜ ਪੂਰਬੀ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਸ਼ਾਮਲ ਹਨ। ਪੁਲਿਸ ਅਨੁਸਾਰ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਹੈ ਜਿਸ ਨੂੰ ਸੜਕ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ।
ਮ੍ਰਿਤਕ ਦੀ ਪਛਾਣ ਬਰਡੋਦ ਦੇ ਲਾਡਖਾਨੀ ਮੁਹੱਲਾ ਨਿਵਾਸੀ ਸਤੀਸ਼ ਸੈਣੀ ਉਰਫ਼ ਲੀਲਾਰਾਮ ਵਜੋਂ ਕੀਤੀ ਗਈ ਸੀ। ਉਸ ਦੀ ਲਾਸ਼ 11 ਨਵੰਬਰ ਨੂੰ ਅਲਵਰ-ਬਹਿਰੋੜ ਹਾਈਵੇਅ ’ਤੇ ਵੀਰਮਤੀ ਹੋਟਲ ਨੇੜੇ ਮਿਲੀ ਸੀ। ਸਤੀਸ਼ ਮਜ਼ਦੂਰੀ ਅਤੇ ਸ਼ਟਰਿੰਗ ਦਾ ਕੰਮ ਕਰਦਾ ਸੀ। ਮਾਮਲੇ ਦਾ ਇੱਕ ਦੂਸਰਾ ਹੈਰਾਨੀਜਨਕ ਪੱਖ ਵੀ ਸਾਹਮਣੇ ਆਇਆ ਹੈ ਜਿਸ ਮੁਤਾਬਕ ਪਹਿਲਾਂ ਪਤੀ ਦਾ ਬੀਮਾ ਕਰਵਾਇਆ ਅਤੇ ਫਿਰ ਉਸ ਦੇ ਪੈਸਿਆਂ ਖਾਤਰ ਉਸ ਦੀ ਹੱਤਿਆ ਕਰ ਦਿੱਤੀ ਗਈ। ‘ਰਾਜਸਥਾਨ ਪਤ੍ਰਿਕਾ’ ਦੀ ਰਿਪੋਰਟ ਅਨੁਸਾਰ ਬਹਿਰੋੜ ਦੇ ਬਰਡੋਦ ਵਿੱਚ ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ ਪਤੀ ਦੇ ਕਤਲ ਦੀ ਸਾਜ਼ਿਸ਼ ਵਿੱਚ ਉਸ ਦੀ ਆਪਣੀ ਪਤਨੀ ਸ਼ਾਮਲ ਸੀ। ਪੁਲਿਸ ਅਨੁਸਾਰ ਪਤਨੀ ਨੇ ਪਹਿਲਾਂ ਸਾਜਿਸ਼ ਤਹਿਤ ਸਤੀਸ਼ ਦਾ ਜੀਵਨ ਬੀਮਾ ਕਰਵਾਇਆ ਅਤੇ ਫਿਰ ਆਪਣੇ ਪ੍ਰੇਮੀ ਤੇ ਉਸ ਦੇ ਇੱਕ ਸਾਥੀ ਨਾਲ ਮਿਲਕੇ ਕਤਲ ਦੀ ਯੋਜਨਾ ਬਣਾ ਲਈ।
ਆਪਣੇ ਇਸ ਜੁਰਮ ’ਤੇ ਪਰਦਾ ਪਾਉਣ ਅਤੇ ਕਤਲ ਨੂੰ ਸੜਕ ਹਾਦਸੇ ਦਾ ਰੂਪ ਦੇਣ ਲਈ ਮੁਲਜਮਾਂ ਨੇ ਲਾਸ਼ ਨੂੰ ਮੋਟਰਸਾਈਕਲ ’ਤੇ ਰੱਖ ਕੇ ਬਰਡੋਦ ਟੋਲ ਪਲਾਜ਼ਾ ਤੋਂ ਕੁਝ ਦੂਰੀ ’ਤੇ ਸੜਕ ਕਿਨਾਰੇ ਸੁੱਟ ਦਿੱਤਾ । ਸਦਰ ਥਾਣਾ ਪੁਲਿਸ ਨੇ ਸਤੀਸ਼ ਦੇ ਭਰਾ ਮੁਕੇਸ਼ ਸੈਣੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸਤੀਸ਼ ਦੀ ਪਤਨੀ ਰੇਖਾ ਦੇ ਬਹਿਰੋੜ ਵਿੱਚ ਇੱਕ ਗੈਰੇਜ ਦੇ ਮਾਲਕ ਰਾਜੇਸ਼ ਉਰਫ਼ ਰਾਜੂ ਮਿਸਤਰੀ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ। ਪੁਲਿਸ ਅਨੁਸਾਰ ਸਤੀਸ਼ ਉਨ੍ਹਾਂ ਦੇ ਸਬੰਧਾਂ ਵਿੱਚ ਰੁਕਾਵਟ ਸੀ ਜਿਸ ਕਰਕੇ ਉਸ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਅਨੁਸਾਰ ਸਤੀਸ਼ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਸਥਿਤ ਖਾਨਪੁਰਾ ਖੇਤੀਬਾੜੀ ਫਾਰਮ ’ਤੇ ਬੁਲਾਇਆ ਗਿਆ ਜਿੱਥੇੇ ਰਾਜੇਸ਼ ਅਤੇ ਉਸ ਦਾ ਸਾਥੀ ਸ਼ਮਸ਼ੇਰ ਉਰਫ਼ ਸ਼ਿਵਾ ਉਰਫ਼ ਸ਼ਿਵਮ ਮੌਜੂਦ ਸਨ। ਸ਼ਮਸ਼ੇਰ ਇਸੇ ਫਾਰਮ ’ਤੇ ਕੰਮ ਕਰਦਾ ਸੀ।
ਦੋਸ਼ ਲੱਗਿਆ ਹੈ ਕਿ ਦੋਵਾਂ ਨੇ ਉੱਥੇ ਸਤੀਸ਼ ਦੇ ਸਿਰ ’ਤੇ ਹਥੌੜੇ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ’ਤੇ ਵਿਚਕਾਰ ਬਿਠਾਕੇ ਬਰਡੋਦ ਲਿਆਂਦਾ ਅਤੇ ਉਸ ਨੂੰ ਵੀਰਮਤੀ ਹੋਟਲ ਨੇੜੇ ਸੜਕ ਕਿਨਾਰੇ ਸੁੱਟਕੇ ਫਰਾਰ ਹੋ ਗਏ। ਜ਼ਿਲ੍ਹਾ ਪੁਲਿਸ ਸੁਪਰਡੈਂਟ ਸਤਵੀਰ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਸੜਕ ਹਾਦਸਾ ਦਿਖਾਉਣ ਅਤੇ ਬੀਮੇ ਦੀ ਰਕਮ ਹਾਸਲ ਕਰਨ ਦੀ ਯੋਜਨਾ ਸੀ। ਜਾਂਚ ਦੌਰਾਨ ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਅਤੇ ਸਰੀਰ ’ਤੇ ਕੜਬੀ ਦੇ ਪੱਤੇ ਮਿਲਣ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਕਰੀਬ 60 ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਸੀ । ਫੁਟੇਜ ਵਿੱਚ ਮੋਟਰਸਾਈਕਲ ’ਤੇ ਲਾਸ਼ ਲਿਜਾਂਦੇ ਹੋਏ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ। ਇਸੇ ਸੁਰਾਗ ਦੇ ਆਧਾਰ ’ਤੇ ਪੁਲਿਸ ਨੇ ਰਾਜੇਸ਼ ਉਰਫ਼ ਰਾਜੂ ਮਿਸਤਰੀ ਅਤੇ ਸਮਸ਼ੇਰ ਉਰਫ਼ ਸ਼ਿਵਾ ਉਰਫ਼ ਸ਼ਿਵਮ ਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਕੀਤੀ ਸੀ।
ਮੁਲਜਮਾਂ ਨੇ ਗੁਨਾਹ ਕਬੂਲਿਆ
ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਰੇਖਾ ਸੌਣੀ ਦੇ ਕਥਿਤ ਪ੍ਰੇਮੀ ਰਾਜੇਸ਼ ਨੇ ਕਤਲ ਦੀ ਸਾਜ਼ਿਸ਼ ਅਤੇ ਵਾਰਦਾਤ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਪਤਨੀ ਰੇਖਾ ਸੈਣੀ, ਉਸ ਦਾ ਪ੍ਰੇਮੀ ਰਾਜੇਸ਼ ਉਰਫ਼ ਰਾਜੂ ਮਿਸਤਰੀ ਵਾਸੀ ਪਦਮਾਡਾ ਖੁਰਦ , ਥਾਣਾ ਮੁੰਡਾਵਰ ਅਤੇ ਸਮਸ਼ੇਰ ਉਰਫ਼ ਸ਼ਿਵਾ ਉਰਫ਼ ਸ਼ਿਵਮ , ਵਾਸੀ ਫਤਿਹਗੰਜ ਪੂਰਬੀ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਰੇਖਾ ਬਾਨਸੂਰ ਵਿੱਚ ਆਪਣਾ ਮਕਾਨ ਬਣਾ ਕੇ ਰਹਿੰਦੀ ਸੀ, ਜਦਕਿ ਸਤੀਸ਼ ਬਰਡੋਦ ਵਿੱਚ ਰਹਿੰਦਾ ਸੀ।
- Download Babushahi App
-
-