ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 14ਵੇਂ ਕਨਵੋਕੇਸ਼ਨ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੱਲੋਂ 515 ਡਿਗਰੀਆਂ ਅਤੇ ਅਕਾਦਮਿਕ ਸਨਮਾਨ ਪ੍ਰਦਾਨ ਕੀਤੇ ਗਏ
- ਮੁੱਖ ਮੰਤਰੀ ਮਾਨ ਵੱਲੋਂ ਖੋਜ-ਆਧਾਰਿਤ ਪੰਜਾਬ ਦਾ ਸੱਦਾ, "ਸਪਾਰਕ" ਖੋਜ ਯੋਜਨਾ ਦੀ ਸ਼ੁਰੂਆਤ
ਕਪੂਰਥਲਾ, 13 ਅਕਤੂਬਰ: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ), ਜਲੰਧਰ-ਕਪੂਰਥਲਾ ਦਾ 14ਵਾਂ ਕਨਵੋਕੇਸ਼ਨ ਸਮਾਰੋਹ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਰੋਹ ਦੌਰਾਨ ਅਕਾਦਮਿਕ ਸਾਲ 2024, 2025 ਅਤੇ 2026 ਦੇ 515 ਪੀਐਚ.ਡੀ. ਖੋਜਾਰਥੀਆਂ, ਸਨਾਤਕ ਅਤੇ ਪੋਸਟ-ਗ੍ਰੈਜੂਏਟ ਗੋਲਡ ਮੈਡਲ ਜੇਤੂਆਂ ਨੂੰ ਡਿਗਰੀਆਂ ਅਤੇ ਅਕਾਦਮਿਕ ਸਨਮਾਨ ਪ੍ਰਦਾਨ ਕੀਤੇ ਗਏ।
ਕਨਵੋਕੇਸ਼ਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਆਈਕੇਜੀ ਪੀਟੀਯੂ-ਸਪਾਰਕ ਪ੍ਰੋਗਰਾਮ ਦੀ ਸ਼ੁਰੂਆਤ ਸੀ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਯੂਨੀਵਰਸਿਟੀ ਰਿਸਰਚ ਫੈਲੋਸ਼ਿਪ ਪ੍ਰੋਗਰਾਮ ਤਹਿਤ ਕੀਤਾ ਗਿਆ। ਇਸ ਯੋਜਨਾ ਦਾ ਉਦੇਸ਼ ਪੰਜਾਬ ਨਾਲ ਸਬੰਧਿਤ ਤਰਜੀਹੀ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਰਾਜ ਦੀਆਂ ਵਿਕਾਸਕਾਰੀ ਚੁਣੌਤੀਆਂ ਦੇ ਸਬੂਤ-ਆਧਾਰਿਤ ਹੱਲ ਲੱਭਣਾ ਹੈ।
ਆਪਣੇ ਸੰਬੋਧਨ ਦੌਰਾਨ ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੂਨੀਵਰਸਿਟੀ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੇ ਵਿਲੱਖਣ ਯੋਗਦਾਨ ਰਾਹੀਂ ਵਿਸ਼ਵ ਪੱਧਰ ‘ਤੇ ਪਛਾਣ ਬਣਾਈ ਹੈ।
ਇਸ ਮੌਕੇ ਮਾਣਯੋਗ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਦੂਰਦਰਸ਼ੀ ਵਿਜ਼ਨ ਬਾਰੇ ਵਿਚਾਰ ਸਾਂਝੇ ਕੀਤੇ।
ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਉਪ ਕੁਲਪਤੀ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਨੇ ਦੱਸਿਆ ਕਿ ਆਈਕੇਜੀਪੀਟੀਯੂ ਨਾਲ ਇਸ ਸਮੇਂ ਪੰਜਾਬ ਭਰ ਦੀਆਂ 210 ਐਫੀਲੀਏਟਡ ਕਾਲਜ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਅਕਾਦਮਿਕ ਸਾਲ 2025-26 ਦੌਰਾਨ ਯੂਨੀਵਰਸਿਟੀ ਨੇ ₹2.46 ਕਰੋੜ ਦੇ ਬਾਹਰੀ ਵਿੱਤਪੋਸ਼ਿਤ ਖੋਜ ਪ੍ਰੋਜੈਕਟ ਪ੍ਰਾਪਤ ਕੀਤੇ ਹਨ ਅਤੇ ਇਸ ਵੇਲੇ 320 ਰਜਿਸਟਰਡ ਪੀਐਚ.ਡੀ. ਖੋਜਾਰਥੀਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ ਦੌਰਾਨ 1,87,383 ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਅਤੇ 1,86,999 ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ।
ਵਿਦਿਆਰਥੀ ਵਿਕਾਸ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਭਗ 90 ਸਿਖਲਾਈ, ਪਲੇਸਮੈਂਟ ਅਤੇ ਕਰੀਅਰ ਵਿਕਾਸ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਏ।
ਕਨਵੋਕੇਸ਼ਨ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਅਤੇ ਬਾਘਾਪੁਰਾਣਾ (ਮੋਗਾ) ਤੋਂ ਵਿਧਾਇਕ ਸ. ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਹਾਜ਼ਰ ਰਹੇ, ਜਿਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਧੰਨਵਾਦ ਦਾ ਮਤਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਵੱਲੋਂ ਪੇਸ਼ ਕੀਤਾ ਗਿਆ। ਡਾ. ਸੰਧੂ ਨੇ 14ਵੇਂ ਕਨਵੋਕੇਸ਼ਨ ਸਮਾਰੋਹ ਦੇ ਕਨਵੀਨਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੁਚੱਜੇ ਅਤੇ ਸਮਰਪਿਤ ਢੰਗ ਨਾਲ ਨਿਭਾਈਆਂ। ਸਮਾਰੋਹ ਦੀ ਯੋਜਨਾਬੰਦੀ, ਤਾਲਮੇਲ ਅਤੇ ਸਫ਼ਲ ਆਯੋਜਨ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ।
ਸਮਾਰੋਹ ਵਿੱਚ ਡਾਇਰੈਕਟਰ ਤਕਨੀਕੀ ਸਿੱਖਿਆ ਸ਼੍ਰੀ ਮਨੀਸ਼ ਕੁਮਾਰ, ਆਈਏਐਸ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਉਪ ਕੁਲਪਤੀ ਪ੍ਰੋ. ਸੰਜੀਵ ਸ਼ਰਮਾ ਅਤੇ ਆਈਕੇਜੀਪੀਟੀਯੂ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਵੀ ਮੌਜੂਦ ਸਨ।
ਡਾ. ਪਰਮਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਨੇ ਮੁੱਖ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਈਆਂ, ਜਦਕਿ ਸ਼੍ਰੀ ਰਜਨੀਸ਼ ਕੁਮਾਰ ਸ਼ਰਮਾ, ਡਿਪਟੀ ਰਜਿਸਟਰਾਰ, ਆਈਕੇਜੀਪੀਟੀਯੂ ਨੇ ਸਮਾਗਮ ਦਾ ਮੰਚ ਸੰਚਾਲਨ ਕੀਤਾ। ਯੂਨੀਵਰਸਿਟੀ ਦੇ ਡੀਨ ਪ੍ਰੋ. ਡਾ. ਨੀਲ ਕੰਠ ਗਰੋਵਰ (ਡੀਨ ਅਕਾਦਮਿਕਸ), ਪ੍ਰੋ. ਡਾ. ਆਸ਼ੀਸ਼ ਅਰੋੜਾ (ਡੀਨ ਖੋਜ ਅਤੇ ਵਿਕਾਸ), ਡਾ. ਆਰ.ਪੀ.ਐਸ. ਬੇਦੀ (ਡੀਨ ਕਾਲਜ ਡਿਵੈਲਪਮੈਂਟ ਅਤੇ ਪੀ ਐਂਡ ਈਪੀ) ਅਤੇ ਡਾ. ਗੌਰਵ ਭਾਰਗਵ (ਡੀਨ ਫੈਕਲਟੀ ਡਿਵੈਲਪਮੈਂਟ) ਨੇ ਸਮਾਰੋਹ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਅੰਤ ਵਿੱਚ ਸਾਰੇ ਮਹਿਮਾਨਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਵੀਨਤਾ, ਖੋਜ, ਉਦਯਮਤਾ ਅਤੇ ਪੰਜਾਬ ਅਤੇ ਦੇਸ਼ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
- Download Babushahi App
-
-