ਨਿਤਿਨ ਨਬੀਨ ਨੇ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਈ ਹਰੀ ਝੰਡੀ, ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਜੀ ਦਾ ਲਿਆ ਆਸ਼ੀਰਵਾਦ
Babushahi Network
ਜਲੰਧਰ, 18 ਨਵੰਬਰ 2026- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਵਿਸ਼ੇਸ਼ ਤੌਰ 'ਤੇ ਜਲੰਧਰ ਪਹੁੰਚੇ। ਇਸ ਇਤਿਹਾਸਕ ਦਿਨ 'ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਸੀਸ ਨਿਵਾਇਆ ਅਤੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪਵਿੱਤਰ ਮਿਲਣੀ ਤੋਂ ਬਾਅਦ, ਨਿਤਿਨ ਨਬੀਨ ਨੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ (ਆਗਮਨ ਗੁਰਪੁਰਬ) ਨੂੰ ਸਮਰਪਿਤ ਦੇਸ਼-ਵਿਆਪੀ ‘ਸਮਰਸਤਾ ਸੰਕਲਪ ਯਾਤਰਾ’ ਨੂੰ ਰਸਮੀ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਜਲੰਧਰ ਵਿਖੇ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਦੌਰਾਨ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਨਿਤਿਨ ਨਬੀਨ ਨੇ ਕਿਹਾ, ਜਿਸ ਪਵਿੱਤਰ ਯਾਤਰਾ ਦਾ ਉਦਘਾਟਨ ਕਰਨ ਲਈ ਮੈਂ ਅੱਜ ਇੱਥੇ ਆਇਆ ਹਾਂ, ਉਸ ਦੀ ਸ਼ੁਰੂਆਤ 'ਗੁਰੂਆਂ ਦੀ ਨਗਰੀ' ਜਲੰਧਰ ਤੋਂ ਹੋ ਰਹੀ ਹੈ। ਇੱਥੋਂ ਹੀ ਇਸ ਯਾਤਰਾ ਦੇ ਇੰਚਾਰਜ ਅਤੇ ਪ੍ਰਬੰਧਕ ਆਪਣੀ ਇਸ ਪਵਿੱਤਰ ਯਾਤਰਾ ਨੂੰ ਅੱਗੇ ਵਧਾਉਣਗੇ।" ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਵਿੱਚ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਇੱਕ ਬਹੁਤ ਹੀ ਅਮੀਰ ਪਰੰਪਰਾ ਰਹੀ ਹੈ। ਇਸ ਧਰਤੀ ਕੋਲ ਦੇਸ਼ ਦੀ ਸੇਵਾ ਕਰਨ ਦੀ ਮਹਾਨ ਵਿਰਾਸਤ ਹੈ, ਤਿਆਗ ਅਤੇ ਤਪੱਸਿਆ ਦੀ ਅਦੁੱਤੀ ਭਾਵਨਾ ਹੈ, ਅਤੇ ਆਪਸੀ ਭਾਈਚਾਰੇ ਦਾ ਇੱਕ ਬਹੁਤ ਡੂੰਘਾ ਸੰਦੇਸ਼ ਹੈ।
ਇਹ ਪਵਿੱਤਰ ਯਾਤਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ, ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਮਾਨਵਤਾ ਦੇ ਸੰਦੇਸ਼ ਨੂੰ ਦੇਸ਼ ਦੇ ਕੋਨੇ-ਕੋਨੇ ਅਤੇ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮਾਂ ਦਾ ਹਿੱਸਾ ਹੈ। ਜਲੰਧਰ ਦੇ ਰਾਏਪੁਰ ਤੋਂ ਸੰਤਾਂ-ਮਹਾਂਪੁਰਖਾਂ ਦੀ ਅਗਵਾਈ ਹੇਠ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੇਸ਼ ਦੇ ਕਈ ਸੂਬਿਆਂ ਵਿੱਚੋਂ ਹੁੰਦੀ ਹੋਈ ਉੱਤਰ ਪ੍ਰਦੇਸ਼ ਦੇ ਵਾਰਾਣਸੀ (ਕਾਸ਼ੀ) ਵਿਖੇ ਜਾ ਕੇ ਸਮਾਪਤ ਹੋਵੇਗੀ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਯਾਤਰਾ ਦਾ ਸਵਾਗਤ ਕਰਨਗੇ ਅਤੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣਗੇ।
- Download Babushahi App
-
-