Babushahi Special -ਲਾਠੀਚਾਰਜ ਨਿਖੇਧੀ ਮਾਮਲਾ : ਆਵਦੇ ਤੂੰ ਦਿਨ ਭੁੱਲ ਗਈ ਸੱਸੇ ਮੇਰੇ ’ਤੇ ਕਰੇਂ ਤਕੜਾਈਆਂ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2026 : ਪੰਜਾਬ ਸਰਕਾਰ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਦਿੱਲੀ ਪੁਲਿਸ ਵੱਲੋਂ ਨੀਟ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਅੰਦੋਲਨ ਕਰ ਰਹੀ ਨੌਜਵਾਨ ਪੀੜ੍ਹੀ ’ਤੇ ਜੰਤਰ ਮੰਤਰ ਵਿਖੇ ਕੀਤੇ ਗਏ ਵਹਿਸ਼ੀਆਨਾ ਜਬਰ ਖਿਲਾਫ ਨਿਖੇਧੀ ਮਤਾ ਤਾਂ ਪਾਸ ਕਰ ਦਿੱਤਾ ਹੈ ਪਰ ਆਪਣੇ ਹੀ ਸੂਬੇ ’ਚ ਪੁਲਿਸ ਵੱਲੋਂ ਨਿੱਤ ਰੋਜ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਕਾਰਕੁੰਨਾਂ ਦੀ ਕੀਤੀ ਜਾਂਦੀ ਖਿੱਚ ਧੂਹ ਅਤੇ ਡਾਂਗਾਂ ਵਰ੍ਹਾਉਣ ਨੂੰ ਲੈਕੇ ਹਾਕਮ ਧਿਰ ਨੇ ਚੁੱਪ ਚੁਭਣ ਵਾਲੀ ਚੁੱਪ ਵੱਟ ਲਈ ਹੈ। ਸੰਘਰਸ਼ ਕਰਨ ਵਾਲੀਆਂ ਧਿਰਾਂ ਨੇ ਇਸ ਵਰਤਾਰੇ ਨੂੰ ਪੰਜਾਬ ਸਰਕਾਰ ਦਾ ਦੂਹਰਾ ਚਿਹਰਾ ਕਰਾਰ ਦਿੱਤਾ ਹੈ। ਇਸ ਨਿੰਦਾ ਮਤੇ ਵਿਚਕਾਰ ਤਾਜਾ ਮਾਮਲਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਬਰਨਾਲਾ ਵਿਖੇ ਆਪਣੇ ਮਸਲਿਆਂ ਤੇ ਮੰਗਾਂ ਲਈ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ’ਤੇ ਕੀਤੇ ਲਾਠੀਚਾਰਜ ਨਾਲ ਜੁੜਿਆ ਹੈ।
ਬਰਨਾਲਾ ਵਿਖੇ ਕੀਤੇ ਪੁਲਿਸ ਲਾਠੀਚਾਰਜ ਸਬੰਧੀ ਜਨਤਕ ਜੱਥੇਬੰਦੀਆਂ ਦੇ ਦਬਾਅ ਤਹਿਤ ਇੱਕ ਡੀਐਸਪੀ ਨੂੰ ਮੁਅੱਤਲ ਕੀਤਾ ਗਿਆ ਹੈ ਜਦੋਂਕਿ ਐਸਐਚਓ ਨੂੰ ਲਾਈਨ ਹਾਜ਼ਰ ਕਰਨ ਵਰਗੀ ਸਿਰਫ ਅੱਖਾਂ ਪੂੰਝਣ ਵਾਲੀ ਕਾਰਵਾਈ ਕੀਤੀ ਗਈ ਹੈ। ਜਨਤਕ ਆਗੂ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਨੇ ਇਹੋ ਮੰਗ ਕਾਇਮ ਰੱਖੀ ਹੋਈ ਹੈ। ਦੂਜੇ ਪਾਸੇ ਇਸੇ ਤਰਾਂ ਦੇ ਹੀ ਇੱਕ ਹੋਰ ਮਾਮਲੇ ਵਿੱਚ ਜੂਨ ਮਹੀਨੇ ਦੌਰਾਨ ਪਟਿਆਲਾ ਪੁਲਿਸ ਨੇ ਪਾਵਰਕੌਮ ਦੇ ਦਫਤਰ ਅੱਗੇ ਸਹਾਇਕ ਲਾਈਨਮੈਨਾਂ ਦੀ ਅਪਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ’ਤੇ ਵਹਿਸ਼ੀ ਢੰਗ ਨਾਲ ਡਾਂਗਾਂ ਚਲਾਈਆਂ ਸਨ ਤੇ ਕਈ ਨੌਜਵਾਨਾਂ ਨੂੰ ਤਾਂ ਇਸ ਮੌਕੇ ਛੱਲੀਆਂ ਵਾਂਗ ਬੁਰੀ ਤਰਾਂ ਕੁੱਟਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਨੇ ਪੁਲਿਸ ਮੁਲਾਜਮਾਂ ਖਾਸ ਤੌਰ ’ਤੇ ਇੱਕ ਡੀਐਸਪੀ ਖਿਲਾਫ ਕਾਰਵਾਈ ਤੋਂ ਚੁੱਪ ਵੱਟ ਲਈ ਹੈ।
.jpg)
ਦੇਖਿਆ ਜਾਏ ਤਾਂ ਇਹ ਕੋਈ ਪਹਿਲੀ ਸਰਕਾਰ ਨਹੀਂ ਹੈ ਜਿਸ ਦੇ ਰਾਜ ’ਚ ਪੁਲਿਸ ਨੇ ਹੱਕ ਮੰਗਣ ਵਾਲਿਆਂ ’ਤੇ ਲਾਠੀਆਂ ਚਲਾਈਆਂ ਹੋਣ ਬਲਕਿ ਪਿਛਲੇ ਢਾਈ ਦਹਾਕਿਆਂ ਦੇ ਤੱਥ ਹਨ ਕਿ ਹਰ ਹਕੂਮਤ ਨੇ ਹੱਕੀ ਮੰਗਾਂ ਲਈ ਮੈਦਾਨ ’ਚ ਨਿੱਤਰਨ ਵਾਲਿਆਂ ’ਤੇ ਡਾਂਗ ਚਲਵਾਈ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੌਰਾਨ ਮੁੱਖ ਮੰਤਰੀ ਦਾ ਜੱਦੀ ਜਿਲ੍ਹਾ ਸੰਗਰੂਰ ਹੋਣ ਕਾਰਨ ਇੱਥੇ ਹੱਕ ਮੰਗਣ ਲਈ ਆਉਣ ਵਾਲਿਆਂ ਦਾ ਅਕਸਰ ਪੁਲਿਸ ਨਾਲ ਪੇਚਾ ਪੈਂਦਾ ਹੀ ਰਹਿੰਦਾ ਹੈ। ਪਿਛੋਕੜ ’ਚ ਦਰਸਾਏ ਦੋ ਲਾਠੀਚਾਰਜਾਂ ਤੋਂ ਇਲਾਵਾ ਲੰਘੀ 27 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਆਏ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਤਿੱਖੜ ਦੁਪਹਿਰੇ ਲੋਹੜੇ ਦੀ ਗਰਮੀ ਦੌਰਾਨ ਜਬਰਦਸਤ ਖਿੱਚ ਧੂਹ ਹੋਈ ਸੀ। ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਆਗੂ ਰਮਨ ਮਲੋਟ ਬੇਹੋਸ਼ ਹੋ ਗਿਆ ਸੀ ਜਿਸ ਨੂੰ ਹਸਪਤਾਲ ਲਿਜਾਣਾ ਪਿਆ ਸੀ।
ਇਸੇ ਤਰਾਂ ਹੀ 25 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਆਸ਼ਾ ਵਰਕਰਾਂ ਅਤੇ ਪੁਲਿਸ ਵਿਚਕਾਰ ਬਜਬਰਦਸਤ ਖਿੱਚ ਧੂਹ ਹੋਈ ਸੀ। ਇਸ ਮੌਕੇ ਤਾਂ ਕਈ ਆਸ਼ਾ ਵਰਕਰਾਂ ਅਤੇ ਮਹਿਲਾ ਪੁਲਿਸ ਮੁਲਾਜਮ ਗਰਮੀ ਦੀ ਮਾਰ ਨਾਂ ਝੱਲਦਿਆਂ ਡਿੱਗ ਪਈਆਂ ਜਿੰਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਤਾਜਾ ਮਾਮਲਾ 1 ਅਗਸਤ ਦਾ ਹੈ ਜਦੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਲਾਉਣ ਪੁੱਜੇ ਐਨਐਸਕਿਊਐਫ ਅਧਿਆਪਕਾਂ ਦਾ ਪੁਲਿਸ ਨੇ ਭੇੜ ਪਿਆ ਸੀ । ਮਾਮਲਾ 16 ਸਤੰਬਰ 2025 ਦਾ ਹੈ ਜਦੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਪੁਲਿਸ ਵਿਚਕਾਰ ਜੰਮਕੇ ਧੱਕਾ ਮੁੱਕੀ ਹੋਈ ਸੀ ਜਿਸ ਕਾਰਨ ਕਈਆਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ ਜਦੋਂਕਿ ਕਈ ਸੜਕ ’ਤੇ ਡਿੱਗ ਪਏ ਸਨ। ਫਰਵਰੀ 2023 ’ਚ ਮਾਸਟਰ ਕੇਡਰ ਅਧਿਆਪਕਾਂ ’ਤੇ ਸੰਗਰੂਰ ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਸੀ। ਇਹ ਕੁੱਝ ਮਿਸਾਲਾਂ ਹਨ ਸੰਘਰਸ਼ੀ ਧਿਰਾਂ ਸੰਗਰੂਰ ਨੂੰ ਜੰਤਰ ਮੰਤਰ ਕਹਿਣ ਲੱਗੀਆਂ ਹਨ।
ਸਿਆਸੀ ਧਿਰਾਂ ਦਾ ਜਲਵਾ ਇੱਕੋ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਹੁਣ ਤੱਕ ਬਣੀਆਂ ਹਰ ਰੰਗ ਦੀਆਂ ਸਰਕਾਰਾਂ ਦੀਆਂ ਨੀਤੀਆਂ ਲੋਕ ਵਿਰੋਧੀ ਹੀ ਹਨ। ਉਨ੍ਹਾਂ ਕਿਹਾ ਕਿ ਧਰਨਿਆਂ ਚੋਂ ਨਿਕਲੀ ਅਤੇ ਧਰਨੇ ਲਾਉਣ ਦੀ ਜਰੂਰਤ ਨਾਂ ਪੈਣ ਦਾ ਦਮ ਭਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਉਹ ਬਾਕੀ ਸਿਆਸੀ ਪਾਰਟੀਆਂ ਤੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੰਘਰਸ਼ੀ ਧਿਰਾਂ , ਬੇਰੁਜ਼ਗਾਰਾਂ ਅਤੇ ਹੱਕ ਮੰਗਣ ਵਾਲਿਆਂ ’ਤੇ ਚਲਾਈ ਜਾਂਦੀ ਡਾਂਗ ਦੀ ਨਿਖੇਧੀ ਕਰਨ ਵਾਲੀਆਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਆਦਿ ਨੂੰ ਵੀ ਇਸ ਮਾਮਲੇ ’ਚ ਬਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੰਨ੍ਹਾਂ ਦੇ ਰਾਜ ’ਚ ਵੀ ਪੁਲਿਸ ਜਬਰ ਦਾ ਇੰਤਹਾ ਰਹੀ ਸੀ।
ਜਬਰ ਦੇ ਦੰਦ ਤਿੱਖੇ : ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਦੇ ਰਾਜ ਭਾਗ ਦੌਰਾਨ ਸੰਗਰੂਰ ’ਚ ਮਜ਼ਦੂਰਾਂ ’ਤੇ ਲਾਠੀਚਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੱਕੀ ਮੰਗਾਂ ਲਈ ਲੜਨ ਵਾਲਿਆਂ ਨੇ ਮੋਤੀ ਮਹਿਲ ਦਾ ਜਲਵਾ ਵੀ ਦੇਖਿਆ ਹੈ ਅਤੇ ਬਠਿੰਡਾ ’ਚ ਫਿਰਦੀ ਨੀਲੀ ਡਾਂਗ ਵੀ ਦੇਖੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੇ ਹਾਲਤ ਬਣੇ ਰਹੇ ਹਨ ਉਸ ਨੂੰ ਦੇਖਦਿਆਂ ਆਪਣੇ ਮਸਲਿਆਂ ਲਈ ਸੜਕਾਂ ’ਤੇ ਉਤਰਨਾ ਮਜਬੂਰੀ ਹੈ ਤਾਂ ਸਰਕਾਰਾਂ ਵੀ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਆਪਣੇ ਜਬਰ ਵਾਲੇ ਦੰਦ ਤਿੱਖੇ ਕਰ ਰਹੀਆਂ ਹਨ।
- Download Babushahi App
-
-