ਮਾਨਸਾ ਜ਼ਿਲ੍ਹੇ 'ਚ ਵਕੀਲ ਭਾਈਚਾਰੇ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ, 3 ਅਗਸਤ 2026: ਪਿਛਲੇ ਇੱਕ ਮਹੀਨੇ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੋਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ LADC (ਲੀਗਲ ਏਡ ਡਿਫੈਂਸ ਕੌਂਸਲ) ਸਿਸਟਮ ਦੇ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਆਖਿਰਕਾਰ ਰੰਗ ਲਿਆਇਆ ਹੈ। ਐਲ.ਏ.ਡੀ.ਸੀ. (LADC) ਸਿਸਟਮ ਵਿੱਚ ਕਈ ਤਰ੍ਹਾਂ ਦੀਆਂ ਕਮियां ਹੋਣ ਕਾਰਨ ਵਕੀਲ ਭਾਈਚਾਰੇ ਨੂੰ ਇਸ ਉੱਤੇ ਇਤਰਾਜ਼ ਸੀ, ਜਿਸ ਦੇ ਚਲਦਿਆਂ ਪਿਛਲੇ ਇੱਕ ਮਹੀਨੇ ਤੋਂ ਨਿਆਂ ਅਦਾਲਤਾਂ ਦਾ ਕੰਮਕਾਜ ਬੰਦ ਪਿਆ ਸੀ।
ਇਸ ਮਸਲੇ ਦੇ ਹੱਲ ਲਈ ਅੱਜ ਸਵੇਰੇ 9 ਵਜੇ ਜੋਇੰਟ ਐਕਸ਼ਨ ਕਮੇਟੀ ਦੀ ਦੇਸ਼ ਦੇ ਕਾਨੂੰਨ ਮੰਤਰੀ ਨਾਲ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਨੂੰ LADC ਖ਼ਤਮ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਸ਼ਾਮ ਨੂੰ ਦਿੱਲੀ ਵਿਖੇ ਚੀਫ ਜਸਟਿਸ ਆਫ਼ ਇੰਡੀਆ (CJI) ਨਾਲ ਜੋਇੰਟ ਐਕਸ਼ਨ ਕਮੇਟੀ ਦੀ ਅਹਿਮ ਮੀਟਿੰਗ ਹੋਈ।
ਮੀਟਿੰਗ ਦੌਰਾਨ ਚੀਫ ਜਸਟਿਸ ਆਫ਼ ਇੰਡੀਆ ਵੱਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ 30 ਸਤੰਬਰ ਨੂੰ ਮੌਜੂਦਾ LADC ਦੀ ਮਿਆਦ ਪੂਰੀ ਹੋ ਰਹੀ ਹੈ ਅਤੇ 30 ਸਤੰਬਰ ਤੋਂ ਬਾਅਦ LADC ਨੂੰ ਦੁਬਾਰਾ ਨਹੀਂ ਰੱਖਿਆ ਜਾਵੇਗਾ। ਜਿੰਨਾ ਚਿਰ ਕੋਈ ਨਵੀਂ ਪ੍ਰਣਾਲੀ ਨਹੀਂ ਬਣਦੀ, ਉਸ ਸਮੇਂ ਤੱਕ ਪੁਰਾਣੇ ਸਿਸਟਮ ਵਾਂਗ ਸੈਸ਼ਨ ਜੱਜ ਸਾਹਿਬਾਨ ਵੱਲੋਂ ਫ੍ਰੀ ਲੀਗਲ ਏਡ ਦਾ ਪੈਨਲ ਤਿਆਰ ਕੀਤਾ ਜਾਵੇਗਾ।
ਅੱਜ ਦੀ ਇਸ ਅਹਿਮ ਮੀਟਿੰਗ ਵਿੱਚ ਮਾਨਸਾ ਜ਼ਿਲ੍ਹੇ ਦੀਆਂ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ 'ਤੇ ਭਾਗ ਲਿਆ, ਜਿਨ੍ਹਾਂ ਵਿੱਚ, ਮਾਨਸਾ ਬਾਰ ਐਸੋਸੀਏਸ਼ਨ: ਗੁਰਦਾਸ ਸਿੰਘ ਮਾਨ (ਪ੍ਰਧਾਨ) ਅਤੇ ਮਨਿੰਦਰ ਸਿੰਘ (ਸੈਕਟਰੀ) ਸਰਦੂਲਗੜ੍ਹ ਬਾਰ ਐਸੋਸੀਏਸ਼ਨ ਰਾਮ ਸਿੰਘ ਧਾਲੀਵਾਲ (ਪ੍ਰਧਾਨ) ਅਤੇ ਕੇਵਲ ਸਿੰਘ ਝਨੀਰ (ਸੈਕਟਰੀ), ਬੁਢਲਾਡਾ ਬਾਰ ਐਸੋਸੀਏਸ਼ਨ ਸਰਜੀਤ ਸਿੰਘ ਗਰੇਵਾਲ (ਪ੍ਰਧਾਨ) ਅਤੇ ਕਿਰਤੀ ਸ਼ਰਮਾ ਸ਼ਾਮਲ ਹਨ।
ਦੇਸ਼ ਦੇ ਚੀਫ ਜਸਟਿਸ ਵੱਲੋਂ ਦਿੱਤੇ ਗਏ ਇਸ ਭਰੋਸੇ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿੱਚ ਵਕੀਲਾਂ ਦੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਮਾਨਸਾ ਜ਼ਿਲ੍ਹੇ ਦੇ ਵਕੀਲਾਂ ਵਿੱਚ ਭਾਰੀ ਖ਼ੁਸ਼ੀ ਦੀ ਲਹਿਰ ਹੈ। ਇਸ ਜਿੱਤ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਬਿਮਲਜੀਤ ਸਿੰਘ, ਕਾਕਾ ਸਿੰਘ ਮਠਾਰੂ, ਵਿਜੈ ਸਿੰਗਲਾ (ਐਡਵੋਕੇਟ), ਗੁਰਲਾਭ ਸਿੰਘ ਮਾਹਲ, ਲਲਿਤ ਅਰੋੜਾ, ਗੋਰਾ ਥਿੰਦ, ਨਵਦੀਪ ਸ਼ਰਮਾ, ਰਣਦੀਪ ਸ਼ਰਮਾ, ਅੰਗਰੇਜ਼ ਸਿੰਘ, ਪਿਰਥੀਪਲ ਸਿੰਘ, ਬਲਵੰਤ ਸਿੰਘ ਭਾਟੀਆ, ਬੀਰਬਲ ਧਾਲੀਵਾਲ, ਧਰਮਿੰਦਰ ਸਰਾ, ਬਲਵੀਰ ਕੌਰ, ਰਜਿੰਦਰ ਕੌਰ, ਅਤੇ ਮੈਡਮ ਨੀਸ਼ ਸਿੰਗਲਾ ਨੇ ਇਸ ਨੂੰ ਵਕੀਲ ਭਾਈਚਾਰੇ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ।
- Download Babushahi App
-
-