Babushahi Special ਚੋਣਾਂ ਵਾਲਾ ਮੇਲਾ ਲੁੱਟਣ ਲਈ ਲਾਲ ਪਰੀ ਦੀ ਚੜ੍ਹੀ ਲੋਰ ਨੇ ਮਗਰੋਂ ਲਾਈ ਪਿਆਕੜਾਂ ਨੂੰ ਤੋੜ
ਅਸ਼ੋਕ ਵਰਮਾ
ਬਠਿੰਡਾ, 15 ਦਸੰਬਰ 2025: ਪੰਜਾਬ ’ਚ ਕਰਵਾਈਆਂ ਗਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬਠਿੰਡਾ ਪੱਟੀ ’ਚ ‘ਸ਼ਰਾਬ ਵੱਟੇ ਵੋਟਾਂ ’ ਦਾ ਵਰਤਾਰਾ ਬੰਦ ਹੋਣ ਤੋਂ ਬਾਅਦ ਪਿਆਕੜਾਂ ਨੂੰ ਹੁਣ ਲਾਲ ਪਰੀ ਦੀ ਤੋੜ ਲੱਗਣ ਲੱਗੀ ਹੈ। ਚੋਣ ਅਮਲ ਕਾਫੀ ਛੋਟਾ ਹੋਣ ਕਾਰਨ ਵੋਟਰਾਂ ਨੂੰ ਰਿਝਾਉਣ ਲਈ ਕੀਤੇ ਗਏ ਲਾਲ ਪਰੀ ਦੇ ਖੁੱਲ੍ਹੇ ਵੰਡ ਵੰਡਾਰੇ ਕਾਰਨ ਇਸ ਵਾਰ ਮੁਫਤ ਦੀ ਸ਼ਰਾਬ ਪੀਣ ਵਾਲਿਆਂ ਨੂੰ ਮੌਜਾਂ ਲੱਗੀਆਂ ਰਹੀਆਂ ਸਨ। ਖਾਸ ਤੌਰ ਤੇ ਜਿੰਨ੍ਹਾਂ ਹਲਕਿਆਂ ’ਚ ਮੁਕਾਬਲੇ ਸਖਤ ਸਨ , ਉਨ੍ਹਾਂ ’ਚ ਤਾਂ ਮੁਫਤ ਦੀ ਸ਼ਰਾਬ ਪੀਣ ਵਾਲਿਆਂ ਦੀ ਹਫਤੇ ਤੋਂ ਜਿਆਦਾ ਚਾਂਦੀ ਰਹੀ। ਹੁਣ ਜਦੋਂ ਮਿਲਣੀ ਬੰਦ ਹੋ ਗਈ ਤਾਂ ਦਾਰੂ ਦੇ ਸ਼ੌਕੀਨ ਕਾਫੀ ਔਕੜਾਂ ਮਹਿਸੂਸ ਕਰਨ ਲੱਗੇ ਹਨ ਜਦੋਂਕਿ ਕਈਆਂ ਨੂੰ ਪੱਲਿਓਂ ਖਰਚਾ ਕਰਕੇ ਪੀਣੀ ਪੈ ਰਹੀ ਹੈ। ਅਚਾਨਕ ਸ਼ੁਰੂ ਹੋਏ ਇਸ ਖਰਚੇ ਕਾਰਨ ਘਰਾਂ ’ਚ ਔਰਤਾਂ ਨਾਲ ਲੜਾਈ ਝਗੜੇ ਸ਼ੁਰੂ ਹੋ ਗਏ ਹਨ।
ਐਤਵਾਰ ਸ਼ਾਮ ਨੂੰ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਿਆਦਾਤਰ ਉਮੀਦਵਾਰਾਂ ਨੇ ਜੀਅ ਦਾ ਜੰਜਾਲ ਬਣਿਆ ਇਹ ਕੰਮ ਸਮਾਪਤ ਹੋਣ ਕਾਰਨ ਸੁੱਖ ਦਾ ਸਾਹ ਲਿਆ ਹੈ। ਇੱਕ ਮਹਿਲਾ ਉਮੀਦਵਾਰ ਦੇ ਪਤੀ ਨੇ ਅੱਜ ਮੰਨਿਆ ਕਿ ਸ਼ਰਾਬ ਵੰਡਣੀ ਬੰਦ ਕਰਨ ਕਾਰਨ ਸ਼ੌਕੀਨਾਂ ਨੂੰ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਤਾਂ ਸ਼ਰਾਬ ਨਾਂ ਦੇਣ ਕਾਰਨ ਲੋਹਾ ਲਾਖਾ ਵੀ ਹੋ ਗਿਆ। ਚੋਣਾਂ ਵਾਲਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਛਿੜੀ ਇਸ ਅਹਿਮ ਸਿਆਸੀ ਜੰਗ ਦੌਰਾਨ ਮੁਫਤ ਦੀ ਸ਼ਰਾਬ ਪੀਕੇ ਟੱਲੀ ਹੋਣ ਵਾਲਿਆਂ ਦਾ ਦਰਦ ਹੈ ਕਿ ਵੋਟਾਂ ਪੈਣ ਮਗਰੋਂ ਉਨ੍ਹਾਂ ਨੂੰ ਦਾਰੂ ਦੀ ਤੋਟ ਪਈ ਹੋਈ ਹੈ। ਰੌਚਕ ਤੱਥ ਹੈ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਚੋਣਾਂ ਖਤਮ ਹੁੰਦੇ ਸਾਰ ਪਿਆਕੜਾਂ ਦੇ ਸੰਘ ਸੁੱਕੇ ਪਏ ਹਨ ਜਦੋਂਕਿ ਸ਼ਨੀਵਾਰ ਸ਼ਾਮ ਤੱਕ ਉਨ੍ਹਾਂ ਦੀਆਂ ਪੰਜੇ ਘਿਓ ’ਚ ਅਤੇ ਸਿਰ ਕੜਾਹੀ ’ਚ ਰਿਹਾ ਸੀ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਆਪੋ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਕਰਨ ਵਾਲੇ ਸਮੂਹ ਸਿਆਸੀ ਪਾਰਟੀਆਂ ਦੇ ਨੇਤਾ ਇਸ ਮਾਮਲੇ ’ਚ ਇੱਕੋ ਮੋਰੀ ਲੰਘਦੇ ਨਜ਼ਰ ਆਏ ਸਨ। ਤਕਰੀਬਨ ਹਰ ਇਲਾਕੇ ’ਚ ਦਿਨ ਭਰ ਦਾ ਥਕੇਵਾਂ ਲਾਹੁਣ ਲਈ ਖਾਸ ਬੰਦਿਆਂ ਅਤੇ ਚੋਣ ਪ੍ਰਚਾਰ ਦੌਰਾਨ ਦਿਨ ਰਾਤ ਇੱਕ ਕਰਨ ਵਾਲਿਆਂ ਦੀ ਜੀਭ ਤਰ ਕਰਵਾਉਣ ਦੇ ਇੰਤਜਾਮ ਕੀਤੇ ਹੋਏ ਹਨ। ਸੰਗਤ ਮੰਡੀ ਇਲਾਕੇ ਦੇ ਇੱਕ ਸਮਾਜ ਸੇਵੀ ਆਗੂ ਨੇ ਦੱਸਿਆ ਕਿ ਚੋਣਾਂ ਨੇ ਉਨ੍ਹਾਂ ਠੇਕੇਦਾਰਾਂ ਦੇ ਵੀ ਵਾਰੇ ਨਿਆਰੇ ਕਰਵਾ ਦਿੱਤੇ ਜੋ ਪਿਛਲੇ ਦਿਨਾਂ ਦੌਰਾਨ ਵਿੱਕਰੀ ਦੇ ਪੱਖ ਤੋਂ ਦਿੱਕਤ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਗੁਪਤ ਰੂਪ ਚ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਜਾਂਦੀਆਂ ਸਨ ਪਰ ਇਸ ਵਾਰ ਤਾਂ ਨਾਂ ਕਿਸੇ ਨੇ ਕਿਸੇ ਨੂੰ ਰੋਕਿਆ ਤੇ ਨਾਂ ਹੀ ਟੋਕਿਆ ਕਿਉਂਕਿ ਇਸ ਹਮਾਮ ’ਚ ਸਭ ਨੰਗੇ ਸਨ।
ਪਤਾ ਲੱਗਿਆ ਹੈ ਕਿ ਠੇਕੇਦਾਰਾਂ ਨੇ ਉਮੀਦਵਾਰਾਂ ਨੂੰ ਪੇਟੀਆਂ ਮੁਤਾਬਕ ਖਾਸ ਰਿਆਇਤ ਦਿੱਤੀ ਹੋਈ ਸੀ। ਵੱਡੀਆਂ ਚੋਣਾਂ ਦੌਰਾਨ ਚੋਣ ਪ੍ਰਚਾਰਕਾਂ ਤੇ ਵੋਟਰਾਂ ਤੱਕ ਸ਼ਰਾਬ ਦੀਆਂ ਪੇਟੀਆਂ ਦੀ ਸਪਲਾਈ ਕਰਨ ਦੀ ਗੱਲ ਤਾਂ ਸੁਣੀ ਜਾਂਦੀ ਹੈ ਪਰ ਕਈ ਥਾਈਂ ਆਪਣੀ ਜਿੱਤ ਪੱਕੀ ਕਰਨ ਅਤੇ ਵੋਟਰਾਂ ਨੂੰ ਚੋਗਾ ਪਾਉਣ ਲਈ ਮਹਿੰਗੇ ਬਰਾਂਡ ਵੰਡਣ ਦੀ ਚੁੰਝ ਚਰਚਾ ਹੈ। ਜਿਲ੍ਹਾ ਪ੍ਰੀਸ਼ਦ ਦੇ ਇੱਕ ਜੋਨ ’ਚ ਉਮੀਦਵਾਰ ਦੇ ਇੱਕ ਕਰਤਾ ਧਰਤਾ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਵੀ ਕਈ ਲੋਕਾਂ ਨੇ ਸ਼ਰਾਬ ਦੀ ਝਾਕ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਈ ਬੰਦਿਆਂ ਦੇ ਫੋਨ ਵੀ ਆਏ ਪਰ ਸਥਿਤੀ ਨੂੰ ਭਾਂਪਦਿਆਂ ਉਸ ਨੇ ਮੋਬਾਇਲ ਬੰਦ ਕਰਨ ’ਚ ਹੀ ਭਲਾਈ ਸਮਝੀ । ਸ਼ਨੀਵਾਰ ਸ਼ਾਮ ਨੂੰ ਸ਼ਰਾਬ ਦੀ ਪਰਚੀ ਮੰਗਣ ਤੋਂ ਬਾਅਦ ਅਸਮਰੱਥਾ ਜਤਾਉਣ ਕਾਰਨ ਇੱਕ ਉਮੀਦਵਾਰ ਨਾਲ ਕੁੱਝ ਲੋਕ ਗਰਮ ਹੋ ਗਏ ਜਿੰਨ੍ਹਾਂ ਨੂੰ ਸ਼ਰਮੋ ਸ਼ਰਮੀ ਬੋਤਲਾਂ ਦੇਣੀਆਂ ਪਈਆਂ।
ਉਮੀਦਵਾਰਾਂ ਨੇ ਪਾਸਾ ਵੱਟਿਆ
ਇੱਕ ਉਮੀਦਵਾਰ ਨੂੰ ਵੋਟਰਾਂ ਨਾਲ ਜਿੱਤਣ ਤੇ ਦਾਰੂ ਪਾਰਟੀ ਕਰਨ ਦਾ ਵਾਅਦਾ ਕਰਕੇ ਖਹਿੜਾ ਛੁਡਾਉਣਾ ਪਿਆ ਹੈ ਜਦੋਂਕਿ ਕਈ ਉਮੀਦਵਾਰਾਂ ਨੇ ਤਾਂ ਗਿਣਤੀ ਹੋਣ ਤੱਕ ਆਪਣੇ ਟਿਕਾਣੇ ਹੀ ਬਦਲ ਲਏ ਹਨ। ਜਿਲ੍ਹਾ ਪ੍ਰੀਸ਼ਦ ਦਾ ਇੱਕ ਉਮੀਦਵਾਰ ਵੀ ਕਿਧਰੇ ਚਲਾ ਗਿਆ ਹੈ। ਇਸ ਉਮੀਦਵਾਰ ਨੇ ਚੋਣ ਪ੍ਰਚਾਰ ਦੌਰਾਨ ਕਿਸੇ ਨੂੰ ਨਰਾਜ਼ ਹੀ ਨਹੀਂ ਕੀਤਾ ਸੀ। ਹੁਣ ਜਦੋਂ ਦੁਬਾਰਾ ਮੰਗ ਸ਼ੁਰੂ ਹੋਈ ਤਾਂ ਉਸ ਨੇ ਟਾਲਾ ਵੱਟਣਾ ਬਿਹਤਰ ਸਮਝਿਆ ਹੈ। ਹੋਰ ਵੀ ਕਈ ਮਾਮਲੇ ਹਨ ਜਿੰਨ੍ਹਾਂ ’ਚ ਉਮੀਦਵਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਹੈ।
ਹਰਿਆਣਵੀ ਸ਼ਰਾਬ ਦਾ ਵੀ ਡੰਕਾ
ਪੰਜਾਬ ਨਾਲ ਲੱਗਦੀ ਸਰਹੱਦ ਦੇ ਨਜ਼ਦੀਕ ਪੈਂਦੇ ਹਰਿਆਣਾ ਦੇ ਠੇਕਿਆਂ ਨੇ ਵੀ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਲਾਹਾ ਖੱਟਿਆ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ’ਚ ਪੰਜਾਬ ਨਾਲੋਂ ਸਸਤੀ ਹੋਣ ਕਰਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਰਿਆਣਵੀ ਸ਼ਰਾਬ ਦਾ ਚੋਣਾਂ ’ਚ ਖੂਬ ਡੰਕਾ ਵੱਜਿਆ ਹੈ। ਸੂਤਰਾਂ ਅਨੁਸਾਰ ਹਰਿਆਣਾ ’ਚੋਂ ਸਿਕੰਦਰ, ਸ਼ਹਿਨਾਈ, ਜਗਧਾਰੀ, ਮਾਲਟਾ ਤੇ ਰਸੀਲਾ ਆਦਿ ਬਰਾਂਡ ਦੀ ਦੇਸੀ ਸ਼ਰਾਬ ਚੋਣਾਂ ਦੌਰਾਨ ਵਿਕੀ ਹੈ। ਤਲਵੰਡੀ ਸਾਬੋ ਦੇ ਇੱਕ ਆਗੂ ਨੇ ਦੱਸਿਆ ਕਿ ਪਿਅੱਕੜਾਂ ਦੀ ਪਹਿਲੀ ਪਸੰਦ ਹਰਿਆਣਵੀ ਸ਼ਹਿਨਾਈ ਰਹੀ ਹੈ ਜਦੋਂਕਿ ਮਾਲਟਾ ਵੀ ਪੀਤੀ ਗਈ ਹੈ।