“ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਕਰਵਾਇਆ
ਸਮਾਣਾ, 10 ਜੁਲਾਈ 2026: ਮਿਤੀ 09-07-2026 ਨੂੰ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਸਮਾਣਾ, ਵਿਖੇ “ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਊਰਜਾ ਬੱਚਤ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਡੀ.ਐਸ.ਐਮ ਦਫਤਰ ਦੇ ਇੰਜ: ਸ਼ੰਮੀ ਜਿੰਦਲ ਵਧੀਕ ਨਿਗਰਾਨ ਇੰਜ:, ਇੰਜ: ਗਰੀਸ਼ ਕੁਮਾਰ ਮਹਾਜਨ ਏ.ਈ:, ਇੰਜ: ਅਮਰਜੀਤ ਸਿੰਘ ਏ.ਏ.ਈ ਅਤੇ ਇੰਜ ਕਰਮਜੀਤ ਸਿੰਘ ਏ.ਏ.ਈ ਨੇ ਹਿੱਸਾ ਲਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਇਨ੍ਹਾਂ ਤਰੀਕਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ।
ਪੀ.ਐਸ.ਪੀ.ਸੀ.ਐਲ ਦੇ ਡੀ.ਐਸ.ਐਮ ਦਫਤਰ ਵੱਲੋਂ ਵਿਦਿਆਰਥੀਆਂ ਨੂੰ ਊਰਜਾ ਸੰਜਮਤਾ ਵਿਸ਼ੇ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਪਹਿਲਾਂ ਹੀ ਪ੍ਰੇਰਿਤ ਕੀਤਾ ਗਿਆ ਸੀ ਤਾਂ ਜੋ ਕਿ ਵਿਦਿਆਰਥੀਆਂ ਵਿੱਚ ਊਰਜਾ ਬੱਚਤ ਬਾਰੇ ਰੂਚੀ ਪੈਦਾ ਹੋ ਸਕੇ। ਇਸ ਸਮਾਗਮ ਦੋਰਾਣ ਵਿਦਿਆਰਥੀਆਂ ਵੱਲੋਂ ਊਰਜਾ ਸੰਜਮਤਾ ਵਿਸ਼ੇ ਉੱਤੇ ਪੇਪਰ ਪੜ੍ਹੇ ਗਏ ਅਤੇ ਵਿਦਿਆਰਥੀਆਂ ਵੱਲੋਂ ਊਰਜਾ ਬੱਚਤ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਵੀ ਕਾਬਿਲ-ਏ-ਤਾਰੀਫ਼ ਸਨ।
ਇਸ ਮੌਕੇ ਤੇ ਸਕੂਲ ਦੇ ਅਧਿਆਪਕਾ ਗੁਰਧਿਆਨ ਸਿੰਘ (ਸਟੇਜ ਐਂਕਰ), ਨਿਰਮਲ (ਸਕੂਲ ਇੰਚਾਰਜ), ਅਮਨਪ੍ਰੀਤ ਕੌਰ, ਰੇਖਾ ਰਾਣੀ, ਵਨੀਤਾ ਰਾਣੀ, ਮਲਕੀਤ ਸਿੰਘ, ਜਸਪ੍ਰੀਤ ਕੌਰ, ਰਿਚਾ ਗੁਪਤਾ, ਜੋਤੀ ਕਿਰਨ ਅਧਿਆਪਕ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਸਮਾਗਮ ਨਾਲ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਭਰਪੂਰ ਜਾਣਕਾਰੀ ਮਿਲੀ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਸਕੂਲਾਂ ਵਿੱਚ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਤਾਂ ਜੋ ਬਿਜਲੀ ਬੱਚਤ ਸਬੰਧੀ ਵਿਦਿਆਰਥੀਆਂ ਨੂੰ ਹੋਰ ਜਾਗਰਿਤ ਕੀਤਾ ਜਾ ਸਕੇ।
ਅਧਿਆਪਕਾਂ ਵੱਲੋਂ ਪੀ.ਐਸ.ਪੀ.ਸੀ.ਐਲ. ਵੱਲੋਂ ਆਯੋਜਿਤ ਕੀਤੇ ਗਏ ਬਿਜਲੀ ਬੱਚਤ ਸਬੰਧੀ ਸਮਾਗਮ ਦੀ ਭਰਪੂਰ ਸਲਾਘਾ ਕੀਤੀ ਗਈ ਅਤੇ ਉਮੀਦ ਜਾਹਿਰ ਕੀਤੀ ਕਿ ਭਵਿੱਖ ਵਿੱਚ ਅਜਿਹੇ ਸਮਾਗਮ ਹੋਰ ਸਕੂਲਾਂ ਵਿੱਚ ਵੀ ਕਰਵਾਏ ਜਾਣੇ ਚਾਹੀਦੇ ਹਨ।
ਸਮਾਗਮ ਦੇ ਅੰਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਐਸ.ਪੀ.ਸੀ.ਐਲ. ਦੀ DSM ਟੀਮ ਵੱਲੋਂ ਇਨਾਮ ਵਜੋਂ ਊਰਜਾ ਸੰਜਮਤਾ ਸਬੰਧੀ ਸਲੋਗਨ ਦਰਸਾਉਂਦੀਆਂ ਕਾਪੀਆਂ, ਪੈਨ ਅਤੇ ਮੱਗ ਵੰਡੇ ਗਏ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਇਹ ਕਾਪੀਆਂ ਅਤੇ ਪੈਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਅੰਤ ਵਿੱਚ, ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
- Download Babushahi App
-
-