ਸੰਸਦ 'ਚ ਛਾਇਆ ਅੰਮ੍ਰਿਤਸਰੀ ਸੁਆਦ, ਤਰੁਣ ਚੁੱਘ ਦੀ ਮੇਜ਼ਬਾਨੀ ’ਚ ਕੁਲਚਾ-ਲੱਸੀ ਦੀ ਦਾਅਵਤ
ਕੁਲਵਿੰਦਰ ਸਿੰਘ
ਨਵੀਂ ਦਿੱਲੀ/ਅੰਮ੍ਰਿਤਸਰ, 12 ਅਗਸਤ 2026: ਭਾਰਤ ਦੀ ਸੰਸਦ ਵਿੱਚ ਮੰਗਲਵਾਰ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਅੰਮ੍ਰਿਤਸਰੀ ਮੇਜ਼ਬਾਨੀ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਵੱਲੋਂ ਸੰਸਦ ਕੰਪਲੈਕਸ ਵਿੱਚ ਸਾਥੀ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਲਈ ਅੰਮ੍ਰਿਤਸਰੀ ਕੁਲਚੇ, ਲੱਸੀ, ਫਰੂਟ ਕ੍ਰੀਮ ਸਮੇਤ ਪੰਜਾਬ ਦੇ ਰਵਾਇਤੀ ਪਕਵਾਨਾਂ ਦੀ ਦਾਅਵਤ ਰੱਖੀ ਗਈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਦਾਅਵਤ ਵਿੱਚ ਸ਼ਾਮਲ ਹੋ ਕੇ ਅੰਮ੍ਰਿਤਸਰ ਦੇ ਮਸ਼ਹੂਰ ਸੁਆਦ ਦਾ ਆਨੰਦ ਮਾਣਿਆ।
ਇਸ ਮੌਕੇ ਐੱਨਡੀਏ ਦੇ ਸਹਿਯੋਗੀ ਦਲਾਂ ਤੋਂ ਇਲਾਵਾ ਕਾਂਗਰਸ, ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਐੱਨਸੀਪੀ (ਸ਼ਰਦਚੰਦਰ ਪਵਾਰ), ਸ਼੍ਰੋਮਣੀ ਅਕਾਲੀ ਦਲ ਅਤੇ ਬੀਜੂ ਜਨਤਾ ਦਲ ਸਮੇਤ ਕਈ ਪਾਰਟੀਆਂ ਦੇ ਸੰਸਦ ਮੈਂਬਰ ਮੌਜੂਦ ਰਹੇ। ਤੇਲਗੂ ਦੇਸ਼ਮ ਪਾਰਟੀ ਅਤੇ ਏਆਈਏਡੀਐੱਮਕੇ ਦੇ ਮੈਂਬਰਾਂ ਨੇ ਵੀ ਅੰਮ੍ਰਿਤਸਰੀ ਪਕਵਾਨਾਂ ਦਾ ਸੁਆਦ ਚੱਖਿਆ।
ਦਾਅਵਤ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਜੇ.ਪੀ. ਨੱਢਾ ਅਤੇ ਅਰੁਣ ਸਿੰਘ ਸਮੇਤ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ। ਆਗੂਆਂ ਨੇ ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦੀ ਖੂਬ ਤਾਰੀਫ਼ ਕੀਤੀ।
ਤਰੁਣ ਚੁੱਘ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਅਤੇ ਆਪਣੀ ਇਤਿਹਾਸਕ ਵਿਰਾਸਤ ਲਈ ਹੀ ਨਹੀਂ, ਸਗੋਂ ਖਾਣ-ਪੀਣ ਅਤੇ ਦਿਲ ਖੋਲ੍ਹ ਕੇ ਕੀਤੀ ਜਾਣ ਵਾਲੀ ਮੇਜ਼ਬਾਨੀ ਲਈ ਵੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰੀ ਕੁਲਚਾ ਅਤੇ ਲੱਸੀ ਵਿੱਚ ਸਿਰਫ਼ ਸੁਆਦ ਹੀ ਨਹੀਂ, ਸਗੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਅਤੇ ਲੋਕਾਂ ਦਾ ਆਪਣਾਪਣ ਵੀ ਵੱਸਦਾ ਹੈ।
ਚੁੱਘ ਨੇ ਕਿਹਾ ਕਿ ਸੰਸਦ ਦੇਸ਼ ਦੀ ਵਿਭਿੰਨਤਾ ਦਾ ਸਭ ਤੋਂ ਵੱਡਾ ਮੰਚ ਹੈ। ਇੱਥੇ ਵੱਖ-ਵੱਖ ਵਿਚਾਰਧਾਰਾਵਾਂ ਦੇ ਆਗੂ ਇਕੱਠੇ ਹੁੰਦੇ ਹਨ। ਅਜਿਹੇ ਮੌਕੇ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਅੰਮ੍ਰਿਤਸਰ ਦਾ ਸੁਆਦ ਪਹੁੰਚਾਉਣਾ ਪੰਜਾਬ ਦੀ ਅਮੀਰ ਵਿਰਾਸਤ ਅਤੇ ਦਿਲਦਾਰੀ ਨੂੰ ਦੇਸ਼ ਸਾਹਮਣੇ ਪੇਸ਼ ਕਰਨ ਦਾ ਇੱਕ ਯਤਨ ਹੈ।
- Download Babushahi App
-
-