ਸਿਹਤ ਵਿਭਾਗ ਨੇ ਮਾਵਾਂ ਨਾਲ ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਦੇ ਨੁਕਤੇ ਕੀਤੇ ਸਾਂਝੇ
ਰੋਹਿਤ ਗੁਪਤਾ
ਗੁਰਦਾਸਪੁਰ 18 ਨਵੰਬਰ 2026- ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਤੇ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੀ ਅਗੁਆਈ ਹੇਠ ਜ਼ਿਲ੍ਹੇ ਭਰ ਵਿੱਚ ਮਿਤੀ 15 ਤੋਂ 21 ਨਵੰਬਰ 2026 ਤੱਕ ਨਵਜਾਤ ਸ਼ਿਸ਼ੂ ਸਿਹਤ ਸੰਭਾਲ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਭਰ ਦੀਆਂ ਸਿਹਤ ਸੰਸਥਾਵਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਿਹਤ ਸਟਾਫ ਵੱਲੋਂ ਨਵ-ਜਨਮੇ ਬੱਚਿਆਂ ਵਾਲੇ ਘਰਾਂ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਬੇਸ਼ਕ ਪਿਛਲੇ ਕੁਝ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬੱਚਿਆਂ ਦੀ ਮੌਤ ਦਰ ਵਿਚ ਕਾਫੀ ਕਮੀ ਆਈ ਹੈ ਪ੍ਰੰਤੂ ਇਸ ਵਿਚ ਹੋਰ ਕਮੀ ਲਿਆਉਣ ਦੀ ਜ਼ਰੂਰਤ ਹੈ। ਬੱਚਿਆਂ ਦਾ ਸੰਪੂਰਨ ਟੀਕਾਕਰਨ ਉਨਾਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਭਾਵਨਾ ਸ਼ਰਮਾ ਨੇ ਦੱਸਿਆ ਕਿ ਨਵ-ਜੰਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦੇ ਛਾਤੀ ’ਤੇ ਰੱਖਣਾ, ਮਾਂ ਨਾਲੋਂ ਅਲੱਗ ਨਾ ਰੱਖਣਾ, ਬੱਚੇ ਦੇ ਸਿਰ ਅਤੇ ਪੈਰ ਨੂੰ ਢੱਕ ਕੇ ਰੱਖਣਾ, ਬੱਚੇ ਦੇ ਨਾੜੂਏ ਨੂੰ ਸੁੱਕਾ ਰੱਖਣਾ, ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਦੇਣਾ, ਜਨਮ ਤੋਂ ਬਾਅਦ ਟੀਕਾਕਰਨ, ਪਹਿਲੇ ਛੇ ਮਹੀਨੇ ਤੱਕ ਨਵ ਜਨਮੇ ਬੱਚਿਆਂ ਨੂੰ ਕੇਵਲ ਤੇ ਕੇਵਲ ਮਾਂ ਦਾ ਦੁੱਧ ਦੇਣਾ, ਪਖਾਨਾ ਜਾਣ ਤੋਂ ਬਾਅਦ ਅਤੇ ਬੱਚੇ ਨੂੰ ਫੀਡ ਦੇਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਆਦਿ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਚੰਗਾ ਯੋਗਦਾਨ ਪਾਉਂਦਾ ਹੈ। ਬੱਚਿਆਂ ਦੇ ਜਨਮ ਤੋਂ ਬਾਅਦ ਬੱਚੇ ਵਿਚ ਖਤਰੇ ਦੇ ਚਿੰਨ੍ਹ ਜਿਵੇਂ ਬੱਚੇ ਵੱਲੋਂ ਮਾਂ ਦਾ ਦੁੱਧ ਲੈਣ ਵਿਚ ਮੁਸ਼ਕਿਲ, ਬੱਚੇ ਨੂੰ ਸਾਹ ਔਖਾ ਆਉਣਾ, ਬੱਚੇ ਦਾ ਸਰੀਰ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਡਾ ਹੋਣਾ, ਬੱਚੇ ਦਾ ਨਿਢਾਲ ਹੋਣ ਵਰਗੀਆਂ ਨਿਸ਼ਾਨੀਆਂ ਹੋਣ ਤੋਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਤਾਲਮੇਲ ਕੀਤਾ ਜਾਵੇ।
- Download Babushahi App
-
-