ਸਿਵਲ ਹਸਪਤਾਲ ਬਠਿੰਡਾ ਵਿਖੇ ਜਮਾਂਦਰੂ ਬੋਲੇਪਣ ਤੋਂ ਪੀੜਤ ਬੱਚੇ ਦਾ ਕਰਵਾਇਆ ਮੁਫ਼ਤ ਇਲਾਜ਼
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 :ਜਿਲ੍ਹਾ ਮਾਨਸਾ ਦੇ ਪਿੰਡ ਜੋਗਾ ਦੇ ਰਹਿਣ ਵਾਲੇ ਗੁਰਨੂਰ ਸਿੰਘ ਪੁੱਤਰ ਬਲਜਿੰਦਰ ਸਿੰਘ,ਜਿਸਦੀ ਉਮਰ 3 ਸਾਲ ਹੈ, ਜੋ ਜਮਾਂਦਰੂ ਬੋਲਾਪਣ (Congenital Hearing Loss) ਦਾ ਸ਼ਿਕਾਰ ਸੀ, ਦਾ ਸਫ਼ਲ ਅਤੇ ਮਹਿੰਗਾ ਇਲਾਜ ਡੀ.ਈ.ਆਈ.ਸੀ. (District Early Intervention Centre), ਆਰ.ਬੀ.ਐਸ.ਕੇ., ਬਠਿੰਡਾ ਦੀ ਸਹਾਇਤਾ ਨਾਲ ਮੁਫ਼ਤ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਬੱਚੇ ਨੂੰ ਡੀ.ਈ.ਆਈ.ਸੀ. ਬਠਿੰਡਾ ਵਿਖੇ ਲਿਆਂਦਾ ਗਿਆ, ਜਿੱਥੇ ਮਾਹਿਰ ਡਾਕਟਰਾਂ ਵੱਲੋਂ ਲੋੜੀਂਦੇ ਸਾਰੇ ਟੈਸਟ ਕੀਤੇ ਗਏ। ਆਡੀਓਲੋਜਿਸਟ ਅਤੇ ਸਪੀਚ ਥਰੈਪਿਸਟ ਤਾਨੀਆ ਦੀ ਜਾਂਚ ਉਪਰੰਤ ਬੱਚੇ ਨੂੰ ਅਗਲੇ ਇਲਾਜ ਲਈ ਏਮਜ਼ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਉਸ ਦਾ ਮੁੱਖ ਮੰਤਰੀ ਸਰਾਵਨ ਅਸ਼ੀਰਵਾਦ ਯੋਜਨਾ "ਸੁਣਨ ਦਾ ਹੱਕ ਸਭ ਦਾ" ਅਧੀਨ ਸਫ਼ਲ ਇਲਾਜ ਕੀਤਾ ਗਿਆ।
ਉਹਨਾਂ ਦੱਸਿਆ ਕਿ ਬੱਚੇ ਦੇ ਇਲਾਜ 'ਤੇ ਲਗਭਗ 8 ਤੋਂ 9 ਲੱਖ ਰੁਪਏ ਦਾ ਖਰਚਾ ਆਉਣਾ ਸੀ, ਪਰ ਸਰਕਾਰੀ ਯੋਜਨਾ ਤਹਿਤ ਇਹ ਪੂਰਾ ਇਲਾਜ ਪਰਿਵਾਰ ਲਈ ਬਿਲਕੁਲ ਮੁਫ਼ਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਜ ਤੋਂ ਬਾਅਦ ਬੱਚੇ ਨੂੰ ਸੁਣਨ ਅਤੇ ਬੋਲਣ ਦੀ ਸਮਰੱਥਾ ਨੂੰ ਹੋਰ ਬਿਹਤਰ ਬਣਾਉਣ ਲਈ ਡੀ.ਈ.ਆਈ.ਸੀ. ਬਠਿੰਡਾ ਵਿਖੇ ਮੁਫ਼ਤ ਸਪੀਚ ਥੈਰੇਪੀ ਅਤੇ ਰਿਹੈਬਿਲੀਟੇਸ਼ਨ ਕਲਾਸਾਂ ਵੀ ਨਿਯਮਿਤ ਤੌਰ 'ਤੇ ਲਗਾਈਆਂ ਜਾਣਗੀਆਂ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਤਹਿਤ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਵਿੱਚ ਜਨਮਜਾਤ ਨੁਕਸ, ਬਿਮਾਰੀਆਂ, ਪੋਸ਼ਣ ਸੰਬੰਧੀ ਕਮੀਆਂ ਅਤੇ ਵਿਕਾਸ ਵਿੱਚ ਦੇਰੀ ਵਰਗੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਕੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਨੂੰ ਸੁਣਨ, ਬੋਲਣ ਜਾਂ ਹੋਰ ਕਿਸੇ ਵਿਕਾਸ ਸੰਬੰਧੀ ਸਮੱਸਿਆ ਦੇ ਲੱਛਣ ਨਜ਼ਰ ਆਉਣ ਤਾਂ ਉਹ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਨ ਜਾਂ ਡੀ.ਈ.ਆਈ.ਸੀ. ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਇਲਾਜ ਕਰਕੇ ਬੱਚੇ ਦਾ ਭਵਿੱਖ ਸੁਨਿਸ਼ਚਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਉਦੇਸ਼ ਹਰ ਯੋਗ ਬੱਚੇ ਤੱਕ ਇਹ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ, ਜਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ ਅਤੇ ਆਰ.ਬੀ.ਐਸ.ਕੇ ਕੁਆਰਡੀਨੇਟਰ ਮਨਫੂਲ ਸਿੰਘ ਹਾਜਰ ਸਨ ।
- Download Babushahi App
-
-