ਸਾਹਿਤ ਸਿਰਜਣਾ ਮੰਚ ਦੀ ਇਕੱਤਰਤਾ ਵਿੱਚ ਗੋਸ਼ਟੀ ਅਤੇ ਕਵੀ-ਦਰਬਾਰ ਦੀ ਰੂਪਰੇਖਾ ਉਲੀਕੀ
ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਉੱਘੇ ਕਵੀ ਜਸਵੰਤ ਜਫ਼ਰ ਕਰਨਗੇ ਗੋਸ਼ਟੀ ਦੀ ਪ੍ਰਧਾਨਗੀ
ਅਸ਼ੋਕ ਵਰਮਾ
ਬਠਿੰਡਾ , 3 ਸਤੰਬਰ 2026:ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵੱਲੋਂ ਇੱਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੀ ਮਹੀਨਾ ਵਾਰ ਇਕੱਤਰਤਾ ਦੌਰਾਨ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਸਮੂਹ ਹਾਜ਼ਰੀਨ ਨੂੰ ਜੀਅ ਆਇਆਂ ਆਖਣ ਦੇ ਨਾਲ ਨਾਲ ਮੀਟਿੰਗ ਦੇ ਏਜੰਡੇ ਵੀ ਸਾਂਝੇ ਕੀਤੇ।
ਇਸ ਉਪਰੰਤ ਹਾਲ ਹੀ ਵਿੱਚ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਕਾਮਰੇਡ ਅਜਮੇਰ ਸਿੰਘ ਸਮਰਾ ਟਰੱਸਟੀ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ, ਪ੍ਰਵਾਸੀ ਲੇਖਕ ਦਵਿੰਦਰ ਸਿੱਧੂ ਅਤੇ ਉੱਘੇ ਲੇਖਕ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕਰਕੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ 27 ਸਤੰਬਰ ਨੂੰ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੇ ਨਵ ਪ੍ਰਕਾਸ਼ਿਤ ਸਚਿੱਤਰ ਰੁਬਾਈ ਸੰਗ੍ਰਹਿ 'ਧਰਤ ਪਿਆਸੀ' ਜਿਸ ਨੂੰ ਉੱਘੇ ਚਿੱਤਰਕਾਰ ਅਮਰਜੀਤ ਪੇਂਟਰ ਅਤੇ ਉਹਨਾਂ ਦੀ ਚਿੱਤਰਕਾਰ ਪੋਤਰੀ ਅਮਾਇਰਾ ਦਿਲਰਾਜ ਕੌਰ ਨੇ ਢੁਕਵੇਂ ਰੇਖਾ ਚਿੱਤਰਾਂ ਨਾਲ ਸ਼ਿੰਗਾਰਿਆ ਹੈ, ਉੱਪਰ ਕਰਵਾਈ ਜਾਣ ਵਾਲੀ ਗੋਸ਼ਟੀ ਦੀ ਉਲੀਕੀ ਗਈ ਰੂਪ ਰੇਖਾ ਅਨੁਸਾਰ ਸਮਾਗਮ ਦੀ ਪ੍ਰਧਾਨਗੀ ਸ੍ਰੀ ਜਸਵੰਤ ਜਫ਼ਰ ਬਹੁ ਵਿਧਾਈ ਲੇਖਕ ਤੇ ਡਾਇਰੈਕਟਰ, ਭਾਸ਼ਾ ਵਿਭਾਗ ,ਪੰਜਾਬ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਪ੍ਰਿੰ. ਤਸਵਿੰਦਰ ਸਿੰਘ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਬਠਿੰਡਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰ. ਗੁਰਪਿਆਰ ਸਿੰਘ, ਲਿਟਲ ਫ਼ਲਾਵਰ ਪਬਲਿਕ ਸੀਨੀ. ਸੈਕੰ. ਸਕੂਲ, ਬਠਿੰਡਾ ਸ਼ਾਮਿਲ ਹੋਣਗੇ ।
ਇਸ ਮੌਕੇ ਚਿੰਤਕ ਪ੍ਰੋ. ਤਰਸੇਮ ਨਰੂਲਾ ਅਤੇ ਪ੍ਰੋ. ਜਸਕਰਨ ਜਸ ਇਸ ਪੁਸਤਕ ਉੱਪਰ ਪੇਪਰ ਪੜੵਨਗੇ। ਇਸ ਉਪਰੰਤ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸ ਮੌਕੇ ਚੱਲੇ ਰਚਨਾਵਾਂ ਦੇ ਦੌਰ ਵਿੱਚ ਜਸਵਿੰਦਰ ਸੁਰਗੀਤ, ਮੀਤ ਬਠਿੰਡਾ, ਪ੍ਰੋ. ਤਰਸੇਮ ਨਰੂਲਾ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਭਾਵਪੂਰਤ ਗ਼ਜ਼ਲਾਂ ਸੁਣਾਈਆਂ। ਡਾ. ਅਜੀਤਪਾਲ ਸਿੰਘ ਨੇ ਨਿਬੰਧ 'ਭਾਰਤ ਦਾ ਪਾਰਲੀਮਾਨੀ ਪ੍ਰਬੰਧ ਅਤੇ ਵੋਟ ਰਾਜਨੀਤੀ', ਸੁਖਦਰਸ਼ਨ ਗਰਗ ਨੇ ਤਿੰਨ ਰੁਬਾਈਆਂ, ਜਗਮੇਲ ਸਿੰਘ ਜਠੌਲ ਨੇ ਪ੍ਰੇਰਕ ਪ੍ਰਸੰਗ, ਅਮਰਜੀਤ ਪੇਂਟਰ ਨੇ ਲਲਿਤ ਨਿਬੰਧ ਲੈਟਰਬੌਕਸ, ਪ੍ਰੋ. ਜਸਕਰਨ ਜਸ ਨੇ ਵਿਅੰਗ ਕਵਿਤਾ ਗੁਸਤਾਖ਼ੀ ਮਾਫ਼,ਡਾ. ਜਸਪਾਲਜੀਤ ਨੇ ਮੰਨੂਵਾਦੀ ਅਤੇ ਆਰਥਿਕ
ਨਾਬਰਾਬਰੀ 'ਤੇ ਟਿਕੇ ਰਾਜ ਪ੍ਰਬੰਧ ਕਾਰਨ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਦਾ ਇਕ ਭਾਵਪੂਰਤ ਗੀਤ ਪੇਸ਼ ਕੀਤਾ। ਸਮੁੱਚੀਆਂ ਰਚਨਾਵਾਂ 'ਤੇ ਪ੍ਰੋ. ਤਰਸੇਮ ਨਰੂਲਾ ਨੇ ਸੰਖੇਪ ਤਬਸਰਾ ਕਰਦਿਆਂ ਕਿਹਾ ਕਿ ਪੜੀਆਂ ਗਈਆਂ ਰਚਨਾਵਾਂ ਸਮਾਜ ਦੇ ਉਹਨਾਂ ਮੁੱਦਿਆਂ ਨੂੰ ਭਾਵ ਪੂਰਤ ਢੰਗ ਨਾਲ ਪੇਸ਼ ਕਰਦੀਆਂ ਹਨ, ਜਿੰਨਾਂ ਕਾਰਨ ਦੇਸ਼ ਵਿੱਚ ਅਰਾਜਕਤਾ, ਅਸਹਿਣਸ਼ੀਲਤਾ, ਫਾਸੀਵਾਦ, ਫਿਰਕਾਪ੍ਰਸਤੀ ਅਤੇ ਪੁਲਿਸ ਜਬਰ ਦਾ ਬੋਲ ਬਾਲਾ ਦਿਨ ਬ ਦਿਨ ਤੇਜੀ ਨਾਲ ਵੱਧ ਰਿਹਾ ਹੈ । ਮੀਟਿੰਗ ਦੇ ਅਖ਼ੀਰ ਵਿੱਚ ਅਮਰਜੀਤ ਪੇੰਟਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਬਠਿੰਡਾ ਅਤੇ ਬਠਿੰਡਾ ਜ਼ਿਲ੍ਹੇ ਦੇ ਕਸਬਿਆਂ ਦੀਆਂ ਸਾਹਿਤ ਸਭਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਗੋਸ਼ਟੀ ਅਤੇ ਕਵੀ ਦਰਬਾਰ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।ਮੀਟਿੰਗ ਦਾ ਸੰਚਾਲਨ ਡਾ. ਜਸਪਾਲ ਜੀਤ ਨੇ ਬਾਖੂਬੀ ਕੀਤਾ।
- Download Babushahi App
-
-