ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 'ਜਸ਼ਨ-ਏ-ਇਨਕਲਾਬ'; PAU 'ਚ ਕੱਲ੍ਹ ਹੋਵੇਗਾ ਵੱਡਾ ਸਮਾਗਮ
ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਬਦਲੀ ਸੂਬੇ ਦੀ ਤਸਵੀਰ, ਕਿਸਾਨੀ ਖੁਦਕੁਸ਼ੀਆਂ ਨੂੰ ਲੱਗੀ ਠੱਲ੍ਹ: ਆਪ ਮੀਡੀਆ ਇੰਚਾਰਜ ਬਲਤੇਜ ਪੰਨੂ
Babushahi Network
ਲੁਧਿਆਣਾ, 27 ਸਤੰਬਰ 2026 - ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵਿਖੇ 28 ਸਤੰਬਰ ਨੂੰ 'ਜਸ਼ਨ-ਏ-ਇਨਕਲਾਬ' ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੀ.ਏ.ਯੂ. ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ 28 ਸਤੰਬਰ ਨੂੰ ਹੋਣ ਵਾਲੇ ਇਸ ਵਿਸ਼ੇਸ਼ ਸਮਾਗਮ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਨਾਟਕ (ਪਲੇਅ) ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਿਰਕਤ ਕਰਨਗੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਦੁਪਹਿਰ 3 ਵਜੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਇਸ ਸਮਾਗਮ ਵਿੱਚ ਪਹੁੰਚਣ। ਉਨ੍ਹਾਂ ਖਾਸ ਤੌਰ 'ਤੇ ਅਪੀਲ ਕੀਤੀ ਕਿ ਪੱਗ ਬੰਨ੍ਹਣ ਵਾਲੇ ਵੀਰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਆਉਣ ਤਾਂ ਜੋ ਸ਼ਹੀਦਾਂ ਨੂੰ ਬੁਲੰਦ ਸਤਿਕਾਰ ਦਿੱਤਾ ਜਾ ਸਕੇ।
ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਪੰਨੂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ (SSF) ਦੀ ਗਠਨ ਤੋਂ ਬਾਅਦ ਸੂਬੇ ਵਿੱਚ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50 ਫੀਸਦੀ ਤੱਕ ਕਮੀ ਆਈ ਹੈ। SSF ਟੀਮਾਂ ਹਾਦਸੇ ਵਾਲੀ ਜਗ੍ਹਾ 'ਤੇ ਮਹਿਜ਼ 6 ਤੋਂ 6.5 ਮਿੰਟਾਂ ਵਿੱਚ ਪਹੁੰਚ ਕੇ ਕੀਮਤੀ ਜਾਨਾਂ ਅਤੇ ਮਾਲੀ ਨੁਕਸਾਨ ਬਚਾ ਰਹੀਆਂ ਹਨ। ਇਹ ਅੰਕੜੇ ਪਾਰਲੀਮੈਂਟ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੌਰਾਨ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਜੋ ਲਗਾਤਾਰ ਥੱਲੇ ਜਾ ਰਿਹਾ ਸੀ, ਨਹਿਰੀ ਪਾਣੀ ਦੀ ਬਿਹਤਰ ਵਰਤੋਂ ਕਾਰਨ ਨਾ ਸਿਰਫ਼ ਰੁਕਿਆ ਹੈ ਬਲਕਿ ਕਈ ਇਲਾਕਿਆਂ ਵਿੱਚ ਉੱਪਰ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਦਾ ਬੋਰਾਂ ਦਾ ਖਰਚਾ ਬਚਿਆ ਹੈ।
ਪੰਨੂ ਨੇ ਦਾਅਵਾ ਕੀਤਾ ਕਿ ਸਰਕਾਰ ਦੀਆਂ ਜਨ-ਹਿੱਤੈਸ਼ੀ ਨੀਤੀਆਂ ਕਾਰਨ ਪੰਜਾਬ ਵਿੱਚ ਕਿਸਾਨੀ ਖੁਦਕੁਸ਼ੀਆਂ ਦੀਆਂ ਖ਼ਬਰਾਂ ਲਗਭਗ ਖ਼ਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ। 600 ਯੂਨਿਟ ਮੁਫ਼ਤ ਬਿਜਲੀ ਨਾਲ ਲੋਕਾਂ ਦਾ ਵੱਡਾ ਬੋਝ ਲੱਥਾ ਹੈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਅਤੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀਆਂ ਸੁਵਿਧਾਵਾਂ ਨਾਲ ਬਿਮਾਰੀਆਂ ਉੱਤੇ ਹੋਣ ਵਾਲੇ ਕਰਜ਼ੇ ਤੋਂ ਲੋਕਾਂ ਨੂੰ ਮੁਕਤੀ ਮਿਲੀ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਮੇਲੇ ਅਤੇ ਖੁਸ਼ੀਆਂ ਵਾਪਸ ਪਰਤ ਆਈਆਂ ਹਨ। ਅੱਜ ਪੰਜਾਬ ਦੇ ਨੌਜਵਾਨ, ਬੱਚੇ-ਬੱਚੀਆਂ ਪਿੰਡਾਂ ਅਤੇ ਕਸਬਿਆਂ ਦੇ ਖੇਡ ਮੈਦਾਨਾਂ ਵਿੱਚ ਵਾਪਸ ਆ ਗਏ ਹਨ, ਜੋ ਕਿ ਸੂਬੇ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ।
- Download Babushahi App
-
-