ਸਰੀਰਕ ਰੋਗਾਂ ਵਾਂਗ ਮਾਨਸਿਕ ਰੋਗ ਵੀ ਇਲਾਜਯੋਗ ਹਨ: ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ,10 ਅਕਤੂਬਰ 2025: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੀ ਦੇਖਰੇਖ ਵਿੱਚ ਜਿਲ੍ਹਾ ਬਠਿੰਡਾ ਦੀਆਂ ਸਿਹਤ ਸੰਸਥਾਵਾਂ ਅਤੇ ਜਨਤਕ ਥਾਵਾਂ ਤੇ ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ‘ਮੁਸ਼ਕਿਲ ਸਮੇਂ ਦੌਰਾਨ, ਆਪਣੀ ਮਾਨਸਿਕ ਸਥਿਤੀ ਨੂੰ ਤੰਦਰੁਸਤ ਰੱਖਣਾ’ ਥੀਮ ਹੇਠ ਡਾ ਅਰੁਣ ਬਾਂਸਲ ਜਿਲ੍ਹਾ ਨੋਡਲ ਅਫ਼ਸਰ ਦੀ ਦੇਖ ਰੇਖ ਵਿੱਚ ਨਸ਼ਾ ਛਡਾਊ ਕੇਂਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ, ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ ਰਵੀ ਕਾਂਤ ਗੁਪਤਾ, ਡਾ ਤਨੂੰਪ੍ਰੀਤ, ਡਾ ਸਰਨਜੀਤ ਕੌਰ,ਕੌਂਸ਼ਲਰ ਸੋਮਾ ਰਾਣੀ ਹਾਜ਼ਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਮਾਨਸਿਕ ਰੋਗ ਕੀ ਹਨ, ਕਿਵੇਂ ਬਚਿਆ ਜਾ ਸਕਦਾ ਅਤੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਕਿੱਥੇ ਕਿੱਥੇ ਉਪਲਬਧ ਹੈ, ਸਬੰਧੀ ਜਾਗਰੂਕ ਕਰਨਾ ਹੈ ।
ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਸਿਕ ਰੋਗਾਂ ਸਬੰਧੀ ਵਿਸ਼ਵ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਉਹਨਾਂ ਕਿਹਾ ਕਿ ਮਾਨਸਿਕ ਬਿਮਾਰੀ ਤੋਂ ਪੀੜਤ ਲੋਕ ਸੰਸਾਰ ਦੇ ਹਰੇਕ ਦੇਸ ਵਿੱਚ ਮਿਲਦੇ ਹਨ। ਇਸ ਦਾ ਮੁੱਖ ਕਾਰਣ ਮਾੜੀ ਸਿਹਤ, ਘਰਾਂ ਵਿੱਚ ਵੱਧ ਰਹੀਆਂ ਲੜਾਈਆਂ, ਨਸ਼ਾ, ਘੱਟ ਸੋਣਾ, ਮਾੜੀ ਸੰਗਤ, ਵੱਡੀਆਂ ਉਮੀਦਾਂ ਆਦਿ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਪੂਰਨ ਇਲਾਜਯੋਗ ਹੈ । ਮਾਨਸਿਕ ਰੋਗਾਂ ਦੇ ਮਾਹਿਰ ਡਾ ਅਰੁਣ ਬਾਂਸ਼ਲ ਨੇ ਦੱਸਿਆ ਕਿ ਮਾਨਸਿਕ ਰੋਗ ਮਾਨਸਿਕ ਤਨਾਓ ਹੋਣ ਤੇ ਸਾਨੂੰ ਆਪਣੇ ਸਕੇ ਸਬੰਧੀਆਂ ਜਾਂ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜੇਕਰ ਸਾਡੇ ਪਰਿਵਾਰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਜਾਂ ਸਮਾਜ ਵਿੱਚ ਕਿਸੇ ਵੀ ਇਨਸਾਨ ਨੂੰ ਜਿਆਦਾ ਤਨਾਓ ਮਹਿਸੂਸ ਹੋਣਾ, ਮਾਨਸਿਕ ਰੋਗ ਹੋਣਾ, ਬਿਨਾ ਵਜ੍ਹਾ ਸ਼ੱਕੀ ਹੋਣਾ, ਡਰ ਲੱਗਣਾ ਜਾਂ ਕਿਸੇ ਕਿਸਮ ਦੇ ਨਸ਼ੇ ਦਾ ਸਿਕਾਰ ਹੋ ਚੁੱਕੇ ਹੋਣ ਤਾਂ ਉਹਨਾ ਨਾਲ ਹਮਦਰਦੀ ਭਰਿਆ ਵਤੀਰਾ ਕਰਨਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਦਾ ਇਲਾਜ ਵੀ ਸਰੀਰਕ ਰੋਗਾਂ ਵਾਂਗ 100 ਪ੍ਰਤੀਸ਼ਤ ਕੀਤਾ ਜਾ ਸਕਦਾ ਹੈ । ਸਾਨੂੰ ਕਿਸੇ ਵੀ ਨੀਮ ਹਕੀਮਾਂ, ਸਿਆਣਿਆ, ਜਾਦੂ ਟੂਣਿਆ, ਜੰਤਰਾਂ ਮੰਤਰਾਂ, ਪਖੰਡੀਆਂ ਬਾਬਿਆਂ, ਅੰਧ ਵਿਸ਼ਵਾਸ, ਭੂਤ ਪ੍ਰੇਤਾਂ ਦਾ ਡਰ ਪੈਦਾ ਕਰਨ ਵਾਲੇ ਲਾਲਚੀ ਲੋਕਾਂ ਤੋਂ ਤੋਬਾ ਕਰਨੀ ਚਾਹੀਦੀ ਹੈ। ਸਗੋਂ ਪ੍ਰਭਾਵਿਤ ਮਾਨਸਿਕ ਰੋਗੀ ਨੂੰ ਮਨੋਰੋਗ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਯੋਗ ਗੁਰੂ ਅਤੇ ਲੀਗਲ ਵਲੰਟੀਅਰ ਰਾਧੇ ਸਿਆਮ ਨੇ ਹਾਜ਼ਰੀਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਅਤੇ ਡਿਪਰੈਸ਼ਨ (ਉਦਾਸੀ ਰੋਗ) ਤੇ ਜਿੱਤ ਪ੍ਰਾਪਤ ਕਰਨ ਲਈ ਹਰ ਰੋਜ ਯੋਗ ਅਤੇ ਮੈਡੀਟੇਸ਼ਨ ਪੂਰਨ ਰੂਪ ਵਿੱਚ ਸਹਾਈ ਸਿੱਧ ਹੋ ਸਕਦੇ ਹਨ ਇਸ ਤੋਂ ਇਲਾਵਾ ਆਪਣੇ ਬੱਚਿਆ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣ ਨਾਲ ਜਾਂ ਸਕੇ ਸਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਦਾਸੀ ਰੋਗ ਕਾਰਣ ਇਨਸਾਨ ਵਿੱਚ ਆਤਮ ਹੱਤਿਆ ਦੇ ਵਿਚਾਰ, ਵਿਵਹਾਰ ਵਿੱਚ ਤਬਦੀਲੀ, ਚੁੱਪ ਰਹਿਣਾ, ਕੰਮ ਕਾਜ ਵਿੱਚ ਦਿਲ ਚਸਪੀ ਨਾ ਹੋਣਾ ਆਦਿ ਤੋਂ ਪ੍ਰਭਾਵਿਤ ਹੁੰਦੇ ਹਨ। ਉਹਨਾਂ ਕਿਹਾ ਕਿ ਉਦਾਸੀ ਰੋਗਾਂ ਸਬੰਧੀ ਵਹਿਮਾਂ ਭਰਮਾ ਤੋਂ ਬਚੋ, ਅਗਿਆਨਤਾ ਅਤੇ ਅੰਧ ਵਿਸ਼ਵਾਸ ਚੋ ਆਪ ਬਾਹਰ ਨਿਕਲੋ ਅਤੇ ਆਪਣੇ ਪਰਿਵਾਰ ਨੂੰ ਅਸਲੀਅਤ ਦੱਸੋ । ਰੋਜਾਨਾ ਜਿੰਦਗੀ ਵਿੱਚ ਅਗਾਂਹ ਵਧੂ ਵਿਚਾਰਾਂ ਨਾਲ ਵਿਚਰੋ । ਇਸ ਸਮੇਂ ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਅਤੇ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਨੇ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿੱਖੇ ਡੀ ਅਡਿਕਸ਼ਨ ਸੈਂਟਰ ਅਤੇ ਪੁਨਰਵਾਸ ਕੇਂਦਰ ਗਰੋਥ ਸੈਂਟਰ ਬਠਿੰਡਾ ਅਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਓਟ ਸੈਂਟਰ ਚੱਲ ਰਹੇ ਹਨ। ਨਸ਼ੇ ਦੇ ਆਦੀ ਵਿਅਕਤੀਆਂ ਲਈ ਨਸ਼ਾ ਛੱਡਣ ਲਈ ਇਨ੍ਹਾਂ ਸੈਂਟਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਚੈਕਅੱਪ, ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।