ਸਰਹੱਦ ’ਤੇ ਬੀਐਸਐਫ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ, ਪਾਕਿਸਤਾਨ ਵੱਲੋਂ ਆਏ ਡਰੋਨ ਨੂੰ ਬਣਾਇਆ ਨਿਸ਼ਾਨਾ।
ਪਿੰਡ ਮੰਗੀਆਂ ਨੇੜੇ ਰਾਤ ਸਮੇਂ ਦਿਖਾਈ ਦਿੱਤੀ ਡਰੋਨ ਦੀ ਹਲਚਲ; ਡਰੋਨ ਹੇਠਾਂ ਸੁੱਟਿਆ, ਨਾ ਹੈਰੋਇਨ ਮਿਲੀ ਅਤੇ ਨਾ ਹੀ ਕੋਈ ਹਥਿਆਰ, ਸਾਂਝਾ ਸਰਚ ਆਪਰੇਸ਼ਨ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2026 :
ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਬੀਤੀ ਰਾਤ ਸਰਹੱਦੀ ਖੇਤਰ ਦੇ ਪਿੰਡ ਮੰਗੀਆਂ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਆਏ ਇੱਕ ਡਰੋਨ ਨੂੰ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਉਂਦਿਆਂ ਹੇਠਾਂ ਸੁੱਟ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਧਰਮਕੋਟ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਬੀਐਸਐਫ ਦੀ 242 ਬਟਾਲੀਅਨ ਅਤੇ ਪੰਜਾਬ ਪੁਲਿਸ ਦੀ ਐਂਟੀ ਡਰੋਨ ਟੀਮ ਵੱਲੋਂ ਤੁਰੰਤ ਸਾਂਝੀ ਕਾਰਵਾਈ ਕਰਦਿਆਂ ਡਰੋਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ ਹੇਠਾਂ ਸੁੱਟ ਲਿਆ ਗਿਆ।ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਡਰੋਨ ਤੋਂ ਇਲਾਵਾ ਕੋਈ ਹੋਰ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਨਾ ਹੀ ਮੌਕੇ ਤੋਂ ਹੈਰੋਇਨ ਮਿਲੀ ਹੈ ਅਤੇ ਨਾ ਹੀ ਕੋਈ ਹਥਿਆਰ ਬਰਾਮਦ ਹੋਇਆ ਹੈ। ਘਟਨਾ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਇਲਾਕੇ ਵਿੱਚ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ।ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ।
- Download Babushahi App
-
-