ਸਫਾਈ ਕਰਮਚਾਰੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਬਠਿੰਡਾ ’ਚ ਮਿਲਿਆ ਜੁਲਿਆ ਹੁੰਗਾਰਾ
ਅਸ਼ੋਕ ਵਰਮਾ
ਬਠਿੰਡਾ , 30 ਜੁਲਾਈ 2026 : ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਅੱਜ ਸਫ਼ਾਈ ਕਰਮਚਾਰੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਬਠਿੰਡਾ ’ਚ ਰਲਿਆ ਮਿਲਿਆ ਹੁੰਗਾਰਾ ਮਿਲਿਆ। ਪਰ ਜਿਲ੍ਹੇ ਦੇ ਕਈ ਕਸਬਿਆਂ ਅਤੇ ਸ਼ਹਿਰਾਂ ’ਚ ਬੰਦ ਨੂੰ ਭਰਵਾਂ ਅਤੇ ਕੁੱਝ ’ਚ ਅੰਸ਼ਿਕ ਹੁੰਗਾਰੇ ਦੀਆਂ ਰਿਪੋਰਟਾਂ ਹਨ। ਸਫ਼ਾਈ ਕਰਮਚਾਰੀਆਂ ਦੇ ਇਸ ਬੰਦ ਦਾ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਸਿਆਸੀ ਪਾਰਟੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਮਜ਼ਦੂਰ ਜਥੇਬੰਦੀਆਂ ਅਤੇ ਕਰਮਚਾਰੀ ਯੂਨੀਅਨਾਂ ਨੇ ਵੀ ਸਮਰਥਨ ਕੀਤਾ ਹੈ। ਬਾਲਮੀਕੀ ਸਮਾਜ ਅਤੇ ਵੱਖ ਵੱਖ ਸਮਾਜਿਕ ਜੱਥੇਬੰਦੀਆਂ ਦੇ ਸੱਦੇ ਤਹਿਤ ਰੱਖੇ ਗਏ ਬੰਦ ਦੌਰਾਨ ਬਠਿੰਡਾ ਦੇ ਉਨ੍ਹਾਂ ਬਜ਼ਾਰਾਂ ’ਚ ਦੁਕਾਨਾਂ ਬੰਦ ਰਹੀਆਂ ਜਿੰਨ੍ਹਾਂ ’ਚ ਸਫਾਈ ਕਾਮਿਆਂ ਦੇ ਰੋਸ ਮਾਰਚ ਨੇ ਲੰਘਣਾ ਸੀ।
ਸ਼ਹਿਰ ਦੀਆਂ ਬਾਕੀ ਥਾਵਾਂ ’ਤੇ ਕਾਰੋਬਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਦਿਖਾਈ ਦਿੱਤੇ। ਇਸ ਬੰਦ ਦਾ ਸੱਦਾ ਸਵੇਰੇ 9 ਵਜੇ ਤੋਂ 2 ਵਜੇ ਤੱਕ ਦਾ ਸੀ ਅਤੇ ਬੰਦ ਦੀ ਸਮਾਪਤੀ ਉਪਰੰਤ ਦੁਕਾਨਾਂ ਆਮ ਵਾਂਗ ਖੁੱਲ੍ਹ ਗਈਆਂ। ਇਸ ਦੌਰਾਨ ਸਕੂਲ, ਕਾਲਜ, ਡਾਕਟਰੀ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਆਮ ਵਾਂਗ ਹੀ ਜਾਰੀ ਰਹੀਆਂ। ਸਫ਼ਾਈ ਕਰਮਚਾਰੀ ਆਪਣੀਆਂ ਲੰਬੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਅਤੇ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ।
ਬਰਨਾਲਾ ਪੁਲੀਸ ਵੱਲੋਂ 22 ਜੁਲਾਈ ਨੂੰ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਮਗਰੋਂ ਸਿਆਸੀ ਮਾਹੌਲ ਭਖਣ ਕਾਰਨ ਬੰਦ ਕਰਵਾਉਣ ਵਾਲੀਆਂ ਧਿਰਾਂ ਦਾ ਮਿਜਾਜ ਵੀ ਤਿੱਖਾ ਰਿਹਾ। ਪ੍ਰਦਰਸ਼ਨ ਕਾਰੀਆਂ ਨੇ ਬਠਿੰਡਾ ਦੇ ਵੱਖ ਵੱਖ ਬਜ਼ਾਰਾਂ ’ਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਤੇ ਡੀਐਸਪੀ ਦਾ ਪੁਤਲਾ ਸਾੜਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਫਾਈ ਸੇਵਕਾਂ ਦੇ ਆਗੂ ਵੀਰ ਭਾਨ ਅਤੇ ਵਿੱਕੀ ਨੇ ਬਰਨਾਲਾ ਵਿੱਚ ਹੋਏ ਲਾਠੀਚਾਰਜ ਨੂੰ ਮੰਦਭਾਗਾ ਅਤੇ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸਵੇਰੇ 5 ਵਜੇ ਦੇ ਕਰੀਬ ਸ਼ਹਿਰ ਦੀ ਸਫਾਈ ਕਰਦੇ ਹਨ ਅਤੇ ਕੋਰੋਨਾਵਾਇਰਸ ਮਹਾਂਮਾਰੀ ਵਰਗੇ ਔਖੇ ਸਮੇਂ ਵਿੱਚ ਵੀ ਇਸਨੂੰ ਸਾਫ਼ ਰੱਖਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਮਿਹਨਤੀ ਵਰਕਰਾਂ ਵਿਰੁੱਧ ਲਾਠੀਚਾਰਜ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਹੈ। ਮਜ਼ਦੂਰਾਂ ਨੇ ਸੂਬਾ ਸਰਕਾਰ ਦੇ ਰਵੱਈਏ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਤੀਰੇ ਨੂੰ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ, ਮੁੱਖ ਮੰਤਰੀ ਨੇ ਅਜੇ ਤੱਕ ਇਸ ਮੁੱਦੇ ’ਤੇ ਕਿਸੇ ਵੀ ਸੰਵੇਦਨਸ਼ੀਲਤਾ ਨਾਲ ਜਵਾਬ ਨਹੀਂ ਦਿੱਤਾ ਹੈ, ਜਿਸ ਕਾਰਨ ਵਿਆਪਕ ਜਨਤਕ ਰੋਸ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਕਿਸੇ ਰਾਜਨੀਤਿਕ ਪਾਰਟੀ ਵਿਰੁੱਧ ਨਹੀਂ ਹੈ, ਸਗੋਂ ਸਫਾਈ ਕਰਮਚਾਰੀਆਂ ਦੇ ਮਾਣ ਅਤੇ ਅਧਿਕਾਰਾਂ ਲਈ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਸਥਾਈ ਰੁਜ਼ਗਾਰ ਨਹੀਂ ਦਿੰਦੀ, ਉਹ ਆਉਣ ਵਾਲੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ।
- Download Babushahi App
-
-