ਲੰਬੇ ਇੰਤਜ਼ਾਰ ਮਗਰੋਂ ਨੰਬਰਦਾਰਾਂ ਦਾ ਬਕਾਇਆ ਮਾਨ ਭੱਤਾ ਖਾਤਿਆਂ ਵਿੱਚ ਜਮ੍ਹਾਂ, ਯੂਨੀਅਨ ਨੇ ਜਤਾਇਆ ਸੰਤੋਖ
ਮੁੱਦੇ ਦੇ ਹੱਲ ਲਈ ਸਹਿਯੋਗ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਧੰਨਵਾਦ : ਸਾਹਿਬ ਸਿੰਘ ਭੁੱਲਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਅਗਸਤ 2026:
ਪੰਜਾਬ ਨੰਬਰਦਾਰ ਯੂਨੀਅਨ (643) ਇਕਾਈ ਸੁਲਤਾਨਪੁਰ ਲੋਧੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਨੰਬਰਦਾਰਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਲੰਬੇ ਸਮੇਂ ਤੋਂ ਰੁਕੇ ਪਏ ਮਾਨ ਭੱਤੇ ਦੇ ਜਾਰੀ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਅਨ ਆਗੂਆਂ ਨੇ ਇਸ ਨੂੰ ਨੰਬਰਦਾਰ ਭਾਈਚਾਰੇ ਲਈ ਵੱਡੀ ਰਾਹਤ ਕਰਾਰ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਦੱਸਿਆ ਕਿ ਕਰੀਬ 14 ਨੰਬਰਦਾਰਾਂ ਅਤੇ ਇੱਕ ਚੌਕੀਦਾਰ ਦਾ ਮਾਨ ਭੱਤਾ ਪਿਛਲੇ ਕਈ ਮਹੀਨਿਆਂ ਤੋਂ ਕੁਝ ਤਕਨੀਕੀ ਕਾਰਨਾਂ ਕਰਕੇ ਰੁਕਿਆ ਹੋਇਆ ਸੀ। ਇਸ ਸਬੰਧੀ ਨੰਬਰਦਾਰ ਯੂਨੀਅਨ ਵੱਲੋਂ ਵਾਰ-ਵਾਰ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਕੇ ਮਾਮਲੇ ਦੇ ਜਲਦ ਹੱਲ ਦੀ ਮੰਗ ਕੀਤੀ ਜਾਂਦੀ ਰਹੀ।
ਉਨ੍ਹਾਂ ਦੱਸਿਆ ਕਿ ਆਈ.ਐੱਫ਼.ਐੱਮ.ਐੱਸ. ਚੰਡੀਗੜ੍ਹ ਦਫ਼ਤਰ ਵੱਲੋਂ ਤਕਨੀਕੀ ਖਾਮੀਆਂ ਦੂਰ ਕਰਨ ਤੋਂ ਬਾਅਦ ਸਬੰਧਤ ਲਾਭਪਾਤਰੀਆਂ ਦੇ ਮਾਨ ਭੱਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਸਾਰੇ ਨੰਬਰਦਾਰਾਂ ਨੂੰ ਆਪਣੇ ਬੈਂਕ ਖਾਤਿਆਂ ਦੀ ਜਾਂਚ ਕਰਕੇ ਭੁਗਤਾਨ ਦੀ ਪੁਸ਼ਟੀ ਕਰਨ ਦੀ ਅਪੀਲ ਵੀ ਕੀਤੀ।
ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਯੂਨੀਅਨ ਵੱਲੋਂ ਇਹ ਮਾਮਲਾ ਲਗਾਤਾਰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਰਿਹਾ, ਜਿਸ ਦੇ ਨਤੀਜੇ ਵਜੋਂ ਵਿਭਾਗ ਨੇ ਲੋੜੀਂਦੀ ਕਾਰਵਾਈ ਕਰਦਿਆਂ ਰੁਕਿਆ ਹੋਇਆ ਮਾਨ ਭੱਤਾ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਨ ਭੱਤਾ ਮਿਲਣ ਨਾਲ ਨੰਬਰਦਾਰ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਚਿੰਤਾ ਦਾ ਅੰਤ ਹੋਇਆ ਹੈ।
ਉਨ੍ਹਾਂ ਸਮੂਹ ਨੰਬਰਦਾਰ ਯੂਨੀਅਨ ਵੱਲੋਂ ਤਹਿਸੀਲਦਾਰ ਸਾਹਿਬ, ਕਲਰਕ ਸੌਰਭ, ਰੀਡਰ ਚਤਰ ਸਿੰਘ ਅਤੇ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਮਾਮਲਾ ਸੁਚੱਜੇ ਢੰਗ ਨਾਲ ਹੱਲ ਹੋ ਸਕਿਆ।
ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਗਲ ਸਿੰਘ ਭੱਟੀ, ਸੰਤੋਖ ਸਿੰਘ ਨੰਬਰਦਾਰ, ਰੇਸ਼ਮ ਸਿੰਘ ਨੰਬਰਦਾਰ, ਨਿਰੰਜਨ ਸਿੰਘ ਨੰਬਰਦਾਰ, ਕਾਲੂ ਭਾਟੀਆ, ਕੁਲਦੀਪ ਸਿੰਘ ਸਾਗਰਾ, ਸਤਨਾਮ ਸਿੰਘ, ਤੀਰਥ ਪਹਿਲਵਾਨ, ਮਲਕੀਤ ਸਿੰਘ ਮੁਹੱਬਲੀਪੁਰ, ਵਿਰਸਾ ਸਿੰਘ ਮੰਡ, ਮੁਖਤਿਆਰ ਸਿੰਘ ਬਾਊਪੁਰ, ਵਿਜੈ ਕੁਮਾਰ, ਨਿਰਮਲ ਸਿੰਘ ਅਤੇ ਸ਼ੇਖ ਮਾਗਾ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ।
- Download Babushahi App
-
-