ਲੁਧਿਆਣਾ: ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ 2 ਦੋਸ਼ੀ ਗ੍ਰਿਫ਼ਤਾਰ
ਪੁਰਾਣੇ ਅਪਰਾਧਿਕ ਮਾਮਲੇ ਵੀ ਆਏ ਸਾਹਮਣੇ
ਸੁਖਮਿੰਦਰ ਭੰਗੂ
ਲੁਧਿਆਣਾ, 19 ਫਰਵਰੀ 2026- ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਅਪਰਾਧਿਕ ਅਨਸਰਾਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਸਪੈਸ਼ਲ ਸੈੱਲ ਲੁਧਿਆਣਾ ਦੀ ਟੀਮ ਨੇ ਕਾਰਵਾਈ ਕਰਦਿਆਂ ਨਾਜਾਇਜ਼ ਅਸਲੇ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਕਮਿਸ਼ਨਰ ਪੁਲਿਸ ਲੁਧਿਆਣਾ, ਸਵਪਨ ਸ਼ਰਮਾ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ, ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ, ਇੰਚਾਰਜ ਸਪੈਸ਼ਲ ਸੈੱਲ ਦੀ ਅਗਵਾਈ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਮੇਹਰਬਾਨ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਸਰਬਜੀਤ ਸਿੰਘ ਉਰਫ ਸਾਬੀ (ਵਾਸੀ ਪਿੰਡ ਬੂਥਗੜ੍ਹ) ਅਤੇ ਮਨੋਜ ਕੁਮਾਰ ਉਰਫ ਮੈਨੂੰ (ਵਾਸੀ ਕਰਮਸਰ ਕਲੋਨੀ, ਬਸਤੀ ਜੋਧੇਵਾਲ) ਨੂੰ ਗ੍ਰਿਫਤਾਰ ਕੀਤਾ , ਜਿਹਨਾਂ ਕੋਲੋ 01 ਪਿਸਟਲ (32 ਬੋਰ) ਅਤੇ 02 ਜਿੰਦਾ ਕਾਰਤੂਸ (32 ਬੋਰ) ਬਰਾਮਦ ਹੋਏ।
ਦੋਸ਼ੀਆਂ ਨੂੰ ਮਿਤੀ 18-02-2026 ਨੂੰ ਬਾਜੜਾ ਕੱਟ ਦੇ ਨੇੜੇ ਖਾਲੀ ਪਲਾਟ ਵਿੱਚੋਂ ਕਾਬੂ ਕੀਤਾ ਗਿਆ। ਉਨ੍ਹਾਂ ਦੇ ਖਿਲਾਫ ਥਾਣਾ ਮੇਹਰਬਾਨ ਵਿੱਚ ਮੁਕੱਦਮਾ ਨੰਬਰ 28, ਮਿਤੀ 18-02-2026, ਅਧੀਨ ਧਾਰਾ 25/54/59 Arms Act ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅਸਲੇ ਦੇ ਸਰੋਤ ਬਾਰੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।