ਰੇਲਿੰਗ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਸਖ਼ਤ ਹੁਕਮ
ਅਫਸਰਾਂ ਨੂੰ 2 ਦਿਨਾਂ ’ਚ ਕੰਮ ਮੁਕੰਮਲ ਕਰਨ ਦੇ ਨਿਰਦੇਸ਼
ਐਸ.ਡੀ.ਐਮ. ਬਾਦਲ ਦੀਨ ਨੇ ਮੌਕੇ ’ਤੇ ਪਹੁੰਚ ਕੇ ਖੁਦ ਲਿਆ ਜਾਇਜ਼ਾ
ਸਰਕਾਰੀ ਕੰਮ ’ਚ ਰੁਕਾਵਟ ਪਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
ਜਗਰਾਉਂ(ਦੀਪਕ ਜੈਨ)

ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਹਟਾਈ ਗਈ ਰੇਲਿੰਗ ਮੁੜ ਨਾ ਲੱਗਣ ਕਾਰਨ ਜਿੱਥੇ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਰਹੇ ਹਨ, ਉੱਥੇ ਹੀ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਵੀ ਲਗਾਤਾਰ ਵਧਦਾ ਜਾ ਰਿਹਾ ਹੈ।ਮਾਮਲਾ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਧਿਆਨ ਵਿੱਚ ਆਉਂਦੇ ਹੀ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਦੋ ਦਿਨਾਂ ਦੇ ਅੰਦਰ ਰੇਲਿੰਗ ਲਗਾਉਣ ਅਤੇ ਇਸ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮੰਤਰੀ ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਵਿਭਾਗੀ ਅਧਿਕਾਰੀਆਂ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ।ਇਸੇ ਦੌਰਾਨ ਪੀ.ਡਬਲਯੂ.ਡੀ. ਦੇ ਐੱਸ.ਸੀ. ਇੰਦਰਜੀਤ ਸਿੰਘ ਨੂੰ ਵੀ ਮਾਮਲੇ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਪੀ.ਡਬਲਯੂ.ਡੀ. ਦੇ ਐਕਸੀਅਨ ਕਮਲਜੀਤ ਸਿੰਘ ਵੱਲੋਂ ਜਗਰਾਉਂ ਦੇ ਐੱਸ.ਡੀ.ਐੱਮ. ਬਾਦਲ ਦੀਨ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਰੇਲਿੰਗ ਲਗਾਉਣ ਸਮੇਂ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਰੁਕਾਵਟ ਪੈਦਾ ਕੀਤੀ ਗਈ, ਜਿਸ ਕਾਰਨ ਵਿਭਾਗ ਵੱਲੋਂ ਪੁਲਿਸ ਸਹਾਇਤਾ ਦੀ ਮੰਗ ਕੀਤੀ ਗਈ ਹੈ।
ਐੱਸ.ਡੀ.ਐੱਮ. ਖੁਦ ਮੌਕੇ ’ਤੇ ਪੁੱਜੇ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਡੀ.ਐੱਮ. ਬਾਦਲ ਦੀਨ ਅੱਜ ਖੁਦ ਮੌਕੇ ’ਤੇ ਪਹੁੰਚੇ ਅਤੇ ਰੇਲਵੇ ਪੁਲ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਰੇਲਿੰਗ ਲਗਾਉਣ ਸਬੰਧੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ।ਐੱਸ.ਡੀ.ਐੱਮ. ਨੇ ਸਪੱਸ਼ਟ ਕੀਤਾ ਕਿ ਸਰਕਾਰੀ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਦੁਕਾਨਦਾਰ ਜਾਂ ਹੋਰ ਵਿਅਕਤੀ ਸਰਕਾਰੀ ਕੰਮ ਵਿੱਚ ਵਿਘਨ ਪਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-