ਰੀਹੈਬਿਲੀਟੇਸ਼ਨ ਸੈਂਟਰ ਵਿੱਚ ਨਵੇਂ ਜਿਮ ਦਾ ਉਦਘਾਟਨ, ਨਸ਼ਾ ਮੁਕਤੀ ਸੇਵਾਵਾਂ ਨੂੰ ਮਿਲੀ ਹੋਰ ਮਜ਼ਬੂਤੀ
ਸਿਵਲ ਹਸਪਤਾਲ ਜਗਰਾਉਂ ਵਿੱਚ ਮੈਡੀਕਲ ਅਤੇ ਮਾਹਿਰ ਡਾਕਟਰਾਂ ਦੀ ਟੀਮ ਹੋਈ ਮਜ਼ਬੂਤ
ਮਰੀਜ਼ਾਂ ਨੂੰ ਮਿਲ ਰਹੀਆਂ ਬਿਹਤਰ ਸਹੂਲਤਾਂ: ਡਾ. ਅਮਨ ਸ਼ਰਮਾ
ਜਗਰਾਉਂ, 12 ਅਗਸਤ(ਦੀਪਕ ਜੈਨ)
ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਜਗਰਾਉਂ ਅਧੀਨ ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੀਹੈਬਿਲੀਟੇਸ਼ਨ (ਨਸ਼ਾ ਛੁਡਾਊ) ਸੈਂਟਰ ਵਿੱਚ ਨਵੇਂ ਜਿਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੈਂਟਰ ਵਿੱਚ ਨਵੀਂ ਟ੍ਰੇਡਮਿੱਲ ਅਤੇ ਹੋਰ ਆਧੁਨਿਕ ਕਸਰਤ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ, ਤਾਂ ਜੋ ਇਲਾਜ ਅਧੀਨ ਮਰੀਜ਼ਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜਗਰਾਉਂ ਦੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਦੇ ਇੱਛੁਕ ਨੌਜਵਾਨਾਂ ਅਤੇ ਹੋਰ ਮਰੀਜ਼ਾਂ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਰਕਾਰ ਵੱਲੋਂ ਭੇਜੀ ਗਈ ਨਵੀਂ ਟ੍ਰੇਡਮਿੱਲ ਸੈਂਟਰ ਵਿੱਚ ਸਥਾਪਿਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਵਿਕਰਮ ਥਿੰਦ ਅਤੇ ਉਨ੍ਹਾਂ ਦੀ ਟੀਮ ਵੀ ਮੌਜੂਦ ਰਹੀ। ਟੀਮ ਵੱਲੋਂ ਸੈਂਟਰ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ।
ਡਾ. ਸ਼ਰਮਾ ਨੇ ਦੱਸਿਆ ਕਿ ਇਸ ਵੇਲੇ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਲਗਭਗ 35 ਤੋਂ 40 ਮਰੀਜ਼ ਦਾਖਲ ਹਨ, ਜਦਕਿ ਕਈ ਵਾਰ ਇਹ ਗਿਣਤੀ 50 ਦੇ ਕਰੀਬ ਵੀ ਪਹੁੰਚ ਜਾਂਦੀ ਹੈ। ਸਾਰੇ ਮਰੀਜ਼ਾਂ ਨੂੰ ਮੁਫ਼ਤ ਇਲਾਜ, ਦਵਾਈਆਂ, ਕੌਂਸਲਿੰਗ ਅਤੇ ਲੋੜੀਂਦੀਆਂ ਹੋਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਸੈਂਟਰ ਲਈ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਰਹੀ ਹੈ ਕਿ ਮਨੋਚਿਕਿਤਸਕ (ਸਾਈਕਾਇਟ੍ਰਿਸਟ) ਡਾ. ਰੀਤੂ ਧੀਮਾਨ (ਐਮ.ਡੀ.) ਦੀ ਸਥਾਈ ਤਾਇਨਾਤੀ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਈਕਾਇਟ੍ਰਿਸਟ ਨੂੰ ਸਿਵਲ ਹਸਪਤਾਲ ਦੀ ਓਪੀਡੀ ਅਤੇ ਸੈਂਟਰ ਦੋਵੇਂ ਥਾਵਾਂ ਦੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਸੀ, ਜਿਸ ਕਾਰਨ ਦਿੱਕਤਾਂ ਆਉਂਦੀਆਂ ਸਨ। ਹੁਣ ਮਰੀਜ਼ਾਂ ਨੂੰ ਮਨੋਚਿਕਿਤਸਾ ਸੰਬੰਧੀ ਸੇਵਾਵਾਂ ਤੁਰੰਤ ਅਤੇ ਪਹਿਲ ਦੇ ਆਧਾਰ 'ਤੇ ਉਪਲਬਧ ਹੋਣਗੀਆਂ।
ਡਾ. ਸ਼ਰਮਾ ਨੇ ਦੱਸਿਆ ਕਿ ਸੈਂਟਰ ਵਿੱਚ ਦਾਖਲ ਮਰੀਜ਼ਾਂ ਲਈ ਦਿਨ ਵਿੱਚ ਤਿੰਨ ਵਾਰ ਪੌਸ਼ਟਿਕ ਭੋਜਨ, ਨਾਸ਼ਤਾ, ਚਾਹ ਅਤੇ ਹੋਰ ਲੋੜੀਂਦੀ ਖੁਰਾਕ ਹਸਪਤਾਲ ਦੀ ਮੈਸ ਤੋਂ ਨਿਯਮਤ ਤੌਰ 'ਤੇ ਭੇਜੀ ਜਾਂਦੀ ਹੈ। ਲੋੜ ਅਨੁਸਾਰ ਅੰਡੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਖਾਣੇ ਦੀ ਗੁਣਵੱਤਾ ਅਤੇ ਸਮੇਂ ਸਿਰ ਸਪਲਾਈ ਦੀ ਹਰ ਰੋਜ਼ ਨਿਗਰਾਨੀ ਕੀਤੀ ਜਾਂਦੀ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਸੰਬੰਧਤ ਠੇਕੇਦਾਰ ਤੋਂ ਜਵਾਬ ਤਲਬ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਖੁਦ ਹਰ ਮਰੀਜ਼ ਨਾਲ ਉਸ ਦੇ ਬੈੱਡ ਕੋਲ ਜਾ ਕੇ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੇ ਸੇਵਾਵਾਂ 'ਤੇ ਸੰਤੁਸ਼ਟੀ ਪ੍ਰਗਟਾਈ।
ਐਸਐਮਓ ਡਾ. ਅਮਨ ਸ਼ਰਮਾ ਨੇ ਦੱਸਿਆ ਕਿ 2 ਜੁਲਾਈ ਨੂੰ ਬਤੌਰ ਐਸਐਮਓ ਚਾਰਜ ਸੰਭਾਲਣ ਸਮੇਂ ਹਸਪਤਾਲ ਵਿੱਚ ਚਾਰ ਮਾਹਿਰ ਡਾਕਟਰਾਂ ਦੀ ਕਮੀ ਸੀ, ਜਿਸ ਨੂੰ ਹੁਣ ਕਾਫ਼ੀ ਹੱਦ ਤੱਕ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਮ.ਡੀ. ਮੈਡੀਸਨ ਦੇ ਮਾਹਿਰ ਡਾ. ਅਰਸ਼ਪ੍ਰੀਤ ਨੇ ਸੇਵਾਵਾਂ ਸੰਭਾਲ ਲਈਆਂ ਹਨ, ਜਦਕਿ ਡਾ. ਰੀਤੂ ਧੀਮਾਨ ਨੂੰ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਜਰੀ ਵਿਸ਼ੇਸ਼ਗਿਆ ਡਾ. ਮੱਲੀ ਵੀ ਸੇਵਾਵਾਂ ਸੰਭਾਲਣ ਲਈ ਤਾਇਨਾਤ ਕੀਤੇ ਗਏ ਹਨ। ਨਾਲ ਹੀ ਇੱਕ ਆਰਥੋਪੀਡਿਕ ਵਿਸ਼ੇਸ਼ਗਿਆ ਦੀ ਨਿਯਮਤ ਸੇਵਾ ਨਾਲ ਹੁਣ ਹਸਪਤਾਲ ਵਿੱਚ ਹੱਡੀਆਂ ਅਤੇ ਜੋੜਾਂ ਨਾਲ ਸੰਬੰਧਤ ਇਲਾਜ ਅਤੇ ਆਪ੍ਰੇਸ਼ਨ ਵੀ ਨਿਰੰਤਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਜਗਰਾਉਂ ਵਿੱਚ ਹੁਣ ਆਰਥੋਪੀਡਿਕ ਟਰੌਮਾ, ਸੜਕ ਹਾਦਸਿਆਂ ਨਾਲ ਸੰਬੰਧਤ ਸਰਜਰੀਆਂ, ਗੋਡਿਆਂ ਦੇ ਰਿਪਲੇਸਮੈਂਟ ਆਪ੍ਰੇਸ਼ਨ ਅਤੇ ਹੋਰ ਵਿਸ਼ੇਸ਼ ਇਲਾਜ ਦੀਆਂ ਸੇਵਾਵਾਂ ਲਗਾਤਾਰ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਇਸ ਮੌਕੇ ਡਾਕਟਰ ਵਿਵੇਕ , ਡਾਕਟਰ ਰੀਤੂ ਧੀਮਾਨ, ਕੌਂਸਲਿੰਗ ਸਟਾਫ ਦੇ ਮੈਂਬਰ ਅਮਨ, ਮੀਨੂ ਉਹ ਇਲਾਵਾ ਹੋਰ ਸਟਾਫ ਮੈਂਬਰ ਮੌਜੂਦ ਰਹੇ।
- Download Babushahi App
-
-