ਰਛਪਾਲ ਸਿੰਘ ਸੋਸਣ ਦਾ ਨਾਂ ਉਮੀਦਵਾਰ ਵਜੋਂ ਸਾਹਮਣੇ ਆਉਣ 'ਤੇ ਹਲਕਾ ਮੋਗਾ ਦੀ ਸਿਆਸਤ 'ਚ ਮੱਚੀ 'ਤਰਥੱਲੀ'
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2026 : ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਕਾਬਲੇ ਪਹਿਲ ਕਦਮੀ ਕਰਦਿਆਂ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਣੇ ਉਮੀਦਵਾਰ ਵੱਖ-ਵੱਖ ਹਲਕਿਆਂ ਤੋਂ ਮੈਦਾਨ ਵਿੱਚ ਉਤਾਰਨ ਦੀ ਲੜੀ ਤਹਿਤ ਪੰਜਾਬ ਦੇ ਇੱਕ ਨਾਮੀ ਅਖਬਾਰ 'ਚ ਪੱਤਰਕਾਰ ਰਹੇ
ਨੌਜਵਾਨ ਆਗੂ ਰਛਪਾਲ ਸਿੰਘ ਸੋਸਣ ਨੂੰ ਹਲਕਾ ਮੋਗਾ ਤੋਂ ਇੰਚਾਰਜ ਲਾਇਆ ਗਿਆ ਹੈ। ਭਾਵੇਂ ਵੱਖ-ਵੱਖ ਹਲਕਿਆਂ ਵਿੱਚ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਆਗੂਆਂ ਨੂੰ ਹਲਕਾ ਇੰਚਾਰਜ ਦਾ ਨਾਂ ਦਿੱਤਾ ਗਿਆ ਹੈ, ਪਰ ਅਸਲ ਵਿੱਚ ਇਹ ਆਗੂ ਇੱਕ ਤਰ੍ਹਾਂ ਨਾਲ ਉਮੀਦਵਾਰ ਹੀ ਐਲਾਨੇ ਗਏ ਹਨ । ਰਛਪਾਲ ਸਿੰਘ ਸੋਸਣ ਲਗਾਤਾਰ ਬੇਰੁਜ਼ਗਾਰੀ, ਪੰਜਾਬ ਵਿੱਚ ਫੈਲੇ ਨਸ਼ਿਆਂ, ਕਿਸਾਨੀ ਮੁੱਦਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉਹ ਉੱਚ ਵਿੱਦਿਆ ਪ੍ਰਾਪਤ ਸ਼ਖਸ਼ੀਅਤ ਹੋਣ ਦੇ ਨਾਲ-ਨਾਲ ਧਾਰਮਿਕ ਖੇਤਰ ਵਿੱਚ ਵੀ ਕਾਫ਼ੀ ਸਰਗਰਮ ਰਹੇ ਹਨ, ਜਿਸ ਕਾਰਨ ਉਨਾਂ ਦੀ ਹਲਕੇ ਵਿੱਚ ਚੰਗੀ ਪੈਂਠ ਹੈ।
ਵਿਧਾਨ ਸਭਾ ਹਲਕਾ ਮੋਗਾ ਭਾਵੇਂ ਪੰਜਾਬ ਦੀ 'ਧੁੰਨੀ' ਵਜੋਂ ਜਾਣਿਆ ਜਾਂਦਾ ਹੈ ਤੇ ਇਹ ਹਲਕਾ ਹਰ ਪਾਰਟੀ ਲਈ ਕਾਫੀ ਅਹਿਮੀਅਤ ਰੱਖਦਾ ਹੈ। ਭਾਵੇਂ ਇਸ ਹਲਕੇ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਕਈ ਆਗੂ ਆਪੋ-ਆਪਣੀ ਪਾਰਟੀ ਦੀਆਂ ਟਿਕਟਾਂ ਲੈਣ ਲਈ ਸਰਗਰਮ ਹਨ ਪਰ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਸਭ ਨੂੰ ਪਛਾੜਦਿਆਂ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਇਸ ਹਲਕੇ ਤੋਂ ਐਲਾਨਿਆ ਹੈ। ਰਛਪਾਲ ਸਿੰਘ ਸੋਸਣ ਇੱਕ ਸਫ਼ਲ ਕਾਰੋਬਾਰੀ ਹਨ ਅਤੇ ਉਹ ਇਸ ਹਲਕੇ ਤੋਂ ਨਾਮਵਾਰ ਅਖਬਾਰਾਂ ਲਈ ਪੱਤਰਕਾਰ ਵੀ ਰਹਿ ਚੁੱਕੇ ਹਨ। ਇਹੀ ਕਾਰਨ ਹੈ ਕਿ ਉਹ ਹਲਕੇ ਦੀ ਭੂਗੋਲਿਕ ਸਥਿਤੀ ਤੋਂ ਚੰਗੀ ਤਰ੍ਹਾਂ ਵਾਕਫ ਹਨ ਅਤੇ ਹੇਠਲੇ ਪੱਧਰ ਤੱਕ ਹਰ ਵਰਗ ਦੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਰਛਪਾਲ ਸਿੰਘ ਸੋਸਣ ਦਾ ਨਾਂ ਅਕਾਲੀ ਦਲ- ਵਾਰਿਸ ਪੰਜਾਬ ਦੇ ਉਮੀਦਵਾਰ ਵਜੋਂ ਸਾਹਮਣੇ ਆਉਣ ਨਾਲ ਮੋਗਾ ਵਿਧਾਨ ਸਭਾ ਹਲਕੇ ਦੇ ਸਿਆਸੀ ਖੇਮੇ ਵਿੱਚ 'ਤਰਥੱਲੀ' ਜਿਹੀ ਮੱਚ ਗਈ ਹੈ। ਉੰਝ, ਰਛਪਾਲ ਸਿੰਘ ਸੋਸਣ ਨੇ ਆਪਣੀ ਚੋਣ ਮੁਹਿੰਮ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਅਧਿਕਾਰਤ ਉਮੀਦਵਾਰ ਵਜੋਂ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਆਪਣੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਹਲਕੇ ਦੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਵਿੱਚ ਅੱਗੇ ਨਿਕਲ ਗਏ ਹਨ। ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਨੂੰ ਹਲਕੇ ਦੇ ਪਿੰਡਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਆਮ ਲੋਕਾਂ ਵੱਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਕਿਉਂਕਿ ਲੋਕ ਨਸ਼ਿਆਂ, ਬੇਰੁਜ਼ਗਾਰੀ ਅਤੇ ਖਾਸ ਕਰਕੇ ਪੰਜਾਬ ਪ੍ਰਤੀ ਸੂਬੇ ਦੀ ਕਿਸੇ ਵੀ ਸਿਆਸੀ ਪਾਰਟੀ ਕੋਲ ਕੋਈ ਖਾਸ ਸੋਚ ਨਾ ਹੋਣ ਕਾਰਨ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਧੜਾ-ਧੜ ਪਾਰਟੀ ਨਾਲ ਜੁੜ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ-ਵਾਰਿਸ ਪੰਜਾਬ ਦੇ ਦਾ ਇੱਕ ਵੱਡਾ ਕਾਫ਼ਲਾ ਲਾਮਬੰਦ ਹੋ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਘਰ-ਘਰ ਤੱਕ ਪਹੁੰਚ ਕਰੇਗਾ। ਉਨਾਂ ਨੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਸੁਨਹਿਰੀ ਅਤੇ ਸ਼ਾਨਾਮੱਤੇ ਭਵਿੱਖ ਨੂੰ ਮੁੜ ਸੁਰਜੀਤ ਕਰਨ ਲਈ ਅਕਾਲੀ ਦਲ- ਵਾਰਿਸ ਪੰਜਾਬ ਦੇ ਝੰਡੇ ਹੇਠ ਇੱਕ ਪਲੇਟਫਾਰਮ ਉੱਪਰ ਇਕੱਠੇ ਹੋਣ।
Click to Follow Babushahi Facebook page →