ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵਿਖੇ 'ਪ੍ਰੇਰਣਾ 2.0' ਕੰਕਲੇਵ ਨਾਲ ਕੌਮਾਂਤਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
ਮਾਨਯੋਗ ਜਸਟਿਸ ਰਾਜੇਸ਼ ਬਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ; ਮਹਿਲਾ ਲੀਡਰਸ਼ਿਪ, ਇਨੋਵੇਸ਼ਨ ਅਤੇ ਸ਼ਕਤੀਕਰਨ ਦਾ ਬਣਿਆ ਵਿਲੱਖਣ ਸੰਗਮ
ਮੋਹਾਲੀ, 8 ਮਾਰਚ
ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੇ ਬਿਜ਼ਨਸ ਇਨਕਿਊਬੇਟਰ ਐਸੋਸੀਏਸ਼ਨ 'ਵੈਂਚਰਨੈਸਟ' ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ 'ਪ੍ਰੇਰਣਾ 2.0' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੀ ਤਾਕਤ, ਲੀਡਰਸ਼ਿਪ ਅਤੇ ਉਨ੍ਹਾਂ ਦੀਆਂ ਪਰਿਵਰਤਨਕਾਰੀ ਪ੍ਰਾਪਤੀਆਂ ਨੂੰ ਸਮਰਪਿਤ ਰਿਹਾ। ਇਸ ਕੰਕਲੇਵ ਨੇ ਪ੍ਰੇਰਨਾਦਾਇਕ ਮਹਿਲਾ ਆਗੂਆਂ, ਉੱਦਮੀਆਂ, ਨੀਤੀ ਘੜਨ ਵਾਲਿਆਂ ਅਤੇ ਨਵੀਨਤਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ।
ਇਸ ਵੱਕਾਰੀ ਸਮਾਗਮ ਵਿੱਚ ਮਾਨਯੋਗ ਜਸਟਿਸ ਰਾਜੇਸ਼ ਬਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ। ਸਮਾਗਮ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ 'ਗੈਸਟ ਆਫ਼ ਆਨਰ' ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਦਪਿੰਦਰ ਕੌਰ ਬਖਸ਼ੀ ਜੁਆਇੰਟ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬੀ ਅਦਾਕਾਰਾ ਵੀ.ਜੇ. ਅਮਨ, ਡਾ. ਨੈਂਸੀ ਜੁਨੇਜਾ ਸੀ ਈ ੳ ਮੈਨਟੋਰੈਕਸ ਗਲੋਬਲ, ਦੀਪਾਲੀ ਗੁਲਾਟੀ ਨੈਸ਼ਨਲ ਪ੍ਰੈਜ਼ੀਡੈਂਟ, ਡਬਲਿਊ ਆਈ ਸੀ ਸੀ ਆਈ, ਭਾਰਤੀ ਸੂਦ ਸੀਨੀਅਰ ਰੀਜਨਲ ਡਾਇਰੈਕਟਰ, ਪੀ ਐੱਚ ਡੀ ਚੈਂਬਰ , ਪੂਜਾ ਨਈਅਰ (ਠਿਓ ਚੰਡੀਗੜ੍ਹ), ਸਾਕਸ਼ੀ ਕਤਿਆਲ ਸੀ ਆਈ ਆਈ ਆਈ ਡਬਲਿਊ ਅੇਨ ਅਤੇ ਮੋਨਾ ਸਿੰਘ ਐੱਫ ਆਈ ਸੀ ਸੀ ਆਈ ਐਫ ਐੱਲ ੳ ਸ਼ਾਮਲ ਸਨ।
ਇਸ ਸੈਸ਼ਨ ਵਿੱਚ ਮਹਿਲਾ ਸਟਾਰਟਅੱਪਸ ਨੇ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਮਾਹਿਰਾਂ ਅਤੇ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤਾ।ਇਸ ਦੇ ਨਾਲ ਹੀ 'ਬੋਰਡਰੂਮਜ਼ ਟੂ ਬ੍ਰੇਕਥਰੂਜ਼' ਅਤੇ 'ਨੀਤੀ ਤੇ ਪੂੰਜੀ ਰਾਹੀਂ ਮਹਿਲਾ ਵਿਕਾਸ' ਵਰਗੇ ਵਿਸ਼ਿਆਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਜਦ ਕਿ ਤਕਨਾਲੋਜੀ ਦੇ ਖੇਤਰ ਵਿੱਚ ਔਰਤਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਣ ਲਈ 'ਅੀ ਸ਼ਕਤੀ ਬੂਟਕੈਂਪ' ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੇ ਇਲਾਵਾ ਇੱਕ ਵਿਸ਼ੇਸ਼ ਫੈਸ਼ਨ ਸ਼ੋਅ ਰਾਹੀਂ ਔਰਤਾਂ ਦੀ ਪਛਾਣ, ਆਤਮ-ਵਿਸ਼ਵਾਸ ਅਤੇ ਸੰਘਰਸ਼ ਦੀਆਂ ਕਹਾਣੀਆਂ ਨੂੰ ਕਲਾਤਮਕ ਰੂਪ ਵਿੱਚ ਪੇਸ਼ ਕੀਤਾ ਗਿਆ।
ਇਸ ਮੌਕੇ ਸੀ ਜੀ ਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਡਾ ਉਦੇਸ਼ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ। 'ਪ੍ਰੇਰਨਾ 2.0' ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਔਰਤਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਦੇ ਉੱਦਮਾਂ ਨਾਲ ਜੋੜਨ ਦੀ ਸਾਡੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਯੂਨੀਵਰਸਿਟੀ ਦੇ ਐਕਜ਼ੀਕਿਊਟਿਵ ਡਾਇਰੈਕਟਰ ਅਰਸ਼ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਦੌਰ ਵਿੱਚ ਤਕਨਾਲੋਜੀ ਅਤੇ ਅੀ ਦੇ ਖੇਤਰ ਵਿੱਚ ਔਰਤਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। 'ਪ੍ਰੇਰਨਾ ਅੀ ਸ਼ਕਤੀ ਬੂਟਕੈਂਪ' ਵਰਗੇ ਉਪਰਾਲੇ ਮਹਿਲਾਵਾਂ ਨੂੰ ਡਿਜੀਟਲ ਯੁੱਗ ਵਿੱਚ ਮੋਹਰੀ ਬਣਾਉਣ ਵਿੱਚ ਸਹਾਈ ਹੋਣਗੇ। ਅਸੀਂ ਅਜਿਹੇ ਪਲੇਟਫਾਰਮ ਮੁਹੱਈਆ ਕਰਵਾਉਂਦੇ ਰਹਾਂਗੇ ਜੋ ਸਮਾਜਿਕ ਤਬਦੀਲੀ ਦਾ ਆਧਾਰ ਬਣਨਗੇ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਇੱਕ ਸਮਾਨ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ।
Click to Follow Babushahi Facebook page →