ਭਾਰਤ ਨੇ ਰਚਿਆ ਇਤਿਹਾਸ: ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਬਣਿਆ ਟੀ-20 ਵਿਸ਼ਵ ਚੈਂਪੀਅਨ
ਅਹਿਮਦਾਬਾਦ: 9 ਮਾਰਚ, 2026
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2026 ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਮ ਕਰ ਲਈ ਹੈ। ਇਸ ਇਤਿਹਾਸਕ ਜਿੱਤ ਨਾਲ ਭਾਰਤ ਤਿੰਨ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਭਾਰਤੀ ਪਾਰੀ ਦੇ ਹੀਰੋ ਸੰਜੂ ਸੈਮਸਨ ਰਹੇ, ਜਿਨ੍ਹਾਂ ਨੇ ਮਹਿਜ਼ 46 ਗੇਂਦਾਂ ਵਿੱਚ 89 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਸਿਰਫ਼ 21 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਫਾਈਨਲ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 98 ਦੌੜਾਂ ਦੀ ਤੂਫ਼ਾਨੀ ਸਾਂਝੇਦਾਰੀ ਕੀਤੀ। ਤੀਜੇ ਨੰਬਰ 'ਤੇ ਆਏ ਈਸ਼ਾਨ ਕਿਸ਼ਨ ਨੇ ਵੀ 25 ਗੇਂਦਾਂ ਵਿੱਚ 54 ਦੌੜਾਂ ਦੀ ਪਾਰੀ ਖੇਡ ਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਬੇਵੱਸ ਕਰ ਦਿੱਤਾ। ਅੰਤ ਵਿੱਚ ਸ਼ਿਵਮ ਦੂਬੇ ਨੇ 8 ਗੇਂਦਾਂ ਵਿੱਚ 26 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਸਕੋਰ 255 ਤੱਕ ਪਹੁੰਚਾਇਆ।
256 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਕੀਵੀ ਟੀਮ ਨੇ ਆਪਣੇ ਪਹਿਲੇ ਦੋ ਵਿਕਟ ਮਹਿਜ਼ 32 ਦੌੜਾਂ 'ਤੇ ਗੁਆ ਦਿੱਤੇ। ਫਿਨ ਐਲਨ (31 ਦੌੜਾਂ) ਅਤੇ ਟਿਮ ਸੀਫਰਟ (52 ਦੌੜਾਂ) ਨੇ ਕੁਝ ਸੰਘਰਸ਼ ਜ਼ਰੂਰ ਕੀਤਾ, ਪਰ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਟਿਕ ਨਾ ਸਕਿਆ। ਰਚਿਨ ਰਵਿੰਦਰ, ਗਲੇਨ ਫਿਲਿਪਸ ਅਤੇ ਮਾਰਕ ਚੈਪਮੈਨ ਵਰਗੇ ਵੱਡੇ ਬੱਲੇਬਾਜ਼ ਸਸਤੇ ਵਿੱਚ ਆਊਟ ਹੋ ਗਏ। ਪੂਰੀ ਨਿਊਜ਼ੀਲੈਂਡ ਟੀਮ 19 ਓਵਰਾਂ ਵਿੱਚ 159 ਦੌੜਾਂ 'ਤੇ ਹੀ ਸਿਮਟ ਗਈ।
ਭਾਰਤ ਦੇ ਨਾਮ ਹੋਏ ਇਹ ਰਿਕਾਰਡ
ਤੀਜੀ ਟਰਾਫੀ: ਭਾਰਤ ਤਿੰਨ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ।
ਲਗਾਤਾਰ ਜਿੱਤ: ਟੀਮ ਇੰਡੀਆ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣੀ।
ਘਰੇਲੂ ਮੈਦਾਨ: ਭਾਰਤ ਆਪਣੇ ਘਰ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
Click to Follow Babushahi Facebook page →