ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਿੱਟੂ ਮੱਲਣ ਦਾ ਅਸਤੀਫਾ ਪ੍ਰਵਾਨ : ਜੋਗਿੰਦਰ ਸਿੰਘ ਉਗਰਾਹਾਂ
ਅਸ਼ੋਕ ਵਰਮਾ
ਮਲੋਟ, 9 ਮਾਰਚ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੀਟਿੰਗ ਦੌਰਾਨ ਯੂਨੀਅਨ ਤੋਂ ਅਸਤੀਫਾ ਦੇਣ ਵਾਲੇ ਬਿੱਟੂ ਮੱਲਣ ਦਾ ਅਸਤੀਫਾ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ।ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਅੰਦੋਲਨ ਮੌਕੇ ਜਥੇਬੰਦੀ ਦੇ ਫੈਸਲੇ ਅਨੁਸਾਰ ਨੌਜਵਾਨਾਂ ਨੂੰ ਅਗਵਾਈ ਸੌਂਪੀ ਗਈ ਸੀ ਜਿਸ ਤਹਿਤ ਹੀ ਚੰਗਾ ਬੁਲਾਰਾ ਹੋਣ ਦੇ ਨਾਤੇ ਬਿੱਟੂ ਮੱਲਣ ਨੂੰ ਵੀ ਇਹੋ ਕਾਰਜ ਭਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬਿੱਟੂ ਮੱਲਣ ਦਾ ਵਤੀਰਾ ਕਥਿਤ ਤੌਰ 'ਤੇ ਆਪ ਹੁਦਰੀਆਂ ਵਾਲਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਿੱਟੂ ਮੱਲਣ ਨੇ ਦੋ ਤਿੰਨ ਵਾਰ ਅਸਤੀਫਾ ਦਿੱਤਾ ਅਤੇ ਹਰ ਵਾਰ ਉਸ ਨੂੰ ਸਮਝਾ ਬੁਝਾ ਕੇ ਜਥੇਬੰਦੀ ਨਾਲ ਤੋਰਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਣ ਵੀ ਕਈ ਵਾਰ ਮਸਲਿਆਂ 'ਤੇ ਆਪ ਮੁਹਾਰਾ ਚਲਦਾ ਰਹਿਣਾ ਤੇ ਗੁੱਸੇ ਹੋਣਾ ਆਮ ਵਰਤਾਰਾ ਹੋਣ ਲੱਗ ਗਿਆ ਅਤੇ ਕਈ ਮਸਲਿਆਂ ਚ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਹੱਕ ਵਿੱਚ ਖੜਨਾ ਜਾਂ ਰਾਬਤਾ ਕਾਇਮ ਕਰਨ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਕਈ ਉਲੰਘਣਾਵਾਂ ਨੋਟ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਹੁਣ ਵੀ ਬਿੱਟੂ ਮੱਲਣ ਨੇ ਜਥੇਬੰਦੀ ਦੇ ਕਾਇਦੇ ਕਾਨੂੰਨ ਦੇ ਉਲਟ ਜਾ ਕੇ ਹੀ ਪ੍ਰਚਾਰ ਕੀਤਾ ਹੈ ਅਤੇ ਕਿਸੇ ਕਿਸਮ ਦੀ ਮੀਟਿੰਗ ਸੱਦਣੀ ਜਰੂਰੀ ਨਹੀਂ ਸਮਝੀ ਜਦੋਂ ਕਿ ਉਹ ਗਿੱਦੜਬਾਹਾ ਬਲਾਕ ਦਾ ਪ੍ਰਧਾਨ ਸੀ। ਉਨ੍ਹਾਂ ਕਿਹਾ ਕਿ ਕਾਰ ਦੀ ਤਲਾਸ਼ੀ ਲੈਣ ਤੇ ਸਿੱਧਾ ਪੁਲਿਸ ਨਾਲ ਉਲਝਣਾ ਇਹ ਵੀ ਠੀਕ ਨਹੀਂ ਸੀ ਉਨ੍ਹਾਂ ਦੱਸਿਆ ਕਿ ਹੁਣ ਜਦੋਂ ਇਹ ਪਤਾ ਲੱਗ ਗਿਆ ਹੈ ਕਿ ਬਿੱਟੂ ਮਲਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਮਿਲ ਕੇ ਨਹੀਂ ਚੱਲ ਸਕਦਾ ਇਸ ਲਈ ਜਥੇਬੰਦੀ ਉਸਦਾ ਅਸਤੀਫਾ ਪ੍ਰਵਾਨ ਕਰਦੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ,ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਤੋਂ ਇਲਾਵਾ ਬਲਾਕ ਲੰਬੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ , ਸਕੱਤਰ ਮਨੋਹਰ ਸਿੰਘ ਸਿੱਖਵਾਲਾ, ਮਲੋਟ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਮਲੋਟ, ਜਨਰਲ ਸਕੱਤਰ ਕੁਲਦੀਪ ਸਿੰਘ ਕਰਮਗੜ੍ਹ ,ਬੋਹੜ ਸਿੰਘ ਮਲੋਟ , ਮੁਕਤਸਰ ਬਲਾਕ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਰੂੜਿਆਵਾਲੀ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ ਭਾਗਸਰ ,ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਅਤੇ ਹੋਰ ਵੱਡੀ ਗਿਣਤੀ ਆਗੂ ਅਤੇ ਕਾਰਕੁੰਨ ਹਾਜ਼ਰ ਸਨ
Click to Follow Babushahi Facebook page →