ਮਨੀਸ਼ ਸਿਸੋਦੀਆ ਦੀ ਜਗਰਾਉਂ ਆਮਦ ਮੌਕੇ ਵਿਜੇ ਦਾਨਵ ਦੀ ਗੈਰਹਾਜ਼ਰੀ ਨੇ ਛੇੜੀ ਨਵੀਂ ਸਿਆਸੀ ਚਰਚਾ
ਮਾਣੂਕੇ ਸਮਰਥਕਾਂ ਵੱਲੋਂ ਪ੍ਰਭਾਰੀ ਦਾ ਸ਼ਾਨਦਾਰ ਸਵਾਗਤ,
ਦਾਨਵ ਨੇ ਕਿਹਾ: “ਆਊਟ ਆਫ ਸਟੇਟ ਹਾਂ, ਫੇਰੀ ਦੀ ਜਾਣਕਾਰੀ ਨਹੀਂ”
ਜਗਰਾਉਂ, (ਦੀਪਕ ਜੈਨ): ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਵਿਧਾਨ ਸਭਾ ਹਲਕਾ ਜਗਰਾਉਂ ਦੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਿਆਸਤ ਵੀ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦੀ ਜਗਰਾਉਂ ਆਮਦ ਮੌਕੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਆਪਣੇ ਸਮਰਥਕਾਂ ਸਮੇਤ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਪਰ ਇਸੇ ਦੌਰਾਨ ਜਗਰਾਉਂ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਸਰਗਰਮ ਨਜ਼ਰ ਆ ਰਹੇ ‘ਆਪ’ ਆਗੂ ਅਤੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਦੀ ਸਮਾਗਮ ਵਿੱਚ ਗੈਰਹਾਜ਼ਰੀ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ।
ਖਾਸ ਗੱਲ ਇਹ ਰਹੀ ਕਿ ਵਿਜੇ ਦਾਨਵ ਪਿਛਲੇ ਕੁਝ ਸਮੇਂ ਤੋਂ ਜਗਰਾਉਂ ਹਲਕੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਲਗਾਤਾਰ ਤੇਜ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਜਗਰਾਉਂ ਵਿੱਚ ਆਪਣੀ ਰਿਹਾਇਸ਼ ਬਣਾ ਕੇ ਹਲਕੇ ਵਿੱਚ ਲਗਾਤਾਰ ਲੋਕਾਂ ਨਾਲ ਸੰਪਰਕ ਕਾਇਮ ਕਰਨ ਅਤੇ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਮਨੀਸ਼ ਸਿਸੋਦੀਆ ਵਰਗੇ ਪਾਰਟੀ ਦੇ ਅਹਿਮ ਆਗੂ ਦੀ ਜਗਰਾਉਂ ਫੇਰੀ ਦੌਰਾਨ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਸਥਾਨਕ ਸਿਆਸੀ ਹਲਕੇ ਖਾਸ ਤੌਰ ’ਤੇ ਦੇਖ ਰਹੇ ਹਨ।
ਮਾਣੂਕੇ ਦੀ ਮੌਜੂਦਗੀ ਨੇ ਵਧਾਇਆ ਸਿਆਸੀ ਕੱਦ
ਦੂਜੇ ਪਾਸੇ ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਸਰਗਰਮ ਮੌਜੂਦਗੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੰਜਾਬ ਪ੍ਰਭਾਰੀ ਦਾ ਕੀਤਾ ਗਿਆ ਸਵਾਗਤ ਇਹ ਸੰਕੇਤ ਜ਼ਰੂਰ ਦਿੰਦਾ ਨਜ਼ਰ ਆਇਆ ਕਿ ਜਗਰਾਉਂ ਹਲਕੇ ਵਿੱਚ ਮੌਜੂਦਾ ਵਿਧਾਇਕਾ ਦੀ ਸਿਆਸੀ ਪਕੜ ਅਜੇ ਵੀ ਮਜ਼ਬੂਤ ਹੈ।
ਬੀਬੀ ਮਾਣੂਕੇ ਲਗਾਤਾਰ ਦੋ ਵਾਰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤ ਚੁੱਕੇ ਹਨ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਲਗਾਤਾਰ ਦੋ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਿਵਾਉਣ ਦਾ ਉਨ੍ਹਾਂ ਦਾ ਰਿਕਾਰਡ 2027 ਦੀ ਟਿਕਟ ਦੀ ਦੌੜ ਵਿੱਚ ਉਨ੍ਹਾਂ ਨੂੰ ਕੁਦਰਤੀ ਤੌਰ ’ਤੇ ਇੱਕ ਮਜ਼ਬੂਤ ਦਾਅਵੇਦਾਰ ਬਣਾਉਂਦਾ ਹੈ। ਮਾਣੂਕੇ ਵੱਲੋਂ ਵੀ ਤੀਜੀ ਵਾਰ ਹਲਕਾ ਜਗਰਾਉਂ ਤੋਂ ਚੋਣ ਲੜਨ ਦੀ ਤਿਆਰੀ ਅਤੇ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਦੀਆਂ ਸਿਆਸੀ ਸਰਗਰਮੀਆਂ ਜਾਰੀ ਹਨ।
ਦਾਨਵ ਦੀ ਗੈਰਹਾਜ਼ਰੀ ਨੇ ਖੜ੍ਹੇ ਕੀਤੇ ਕਈ ਸਵਾਲ
ਇਸ ਪੂਰੇ ਸਿਆਸੀ ਦ੍ਰਿਸ਼ ਵਿੱਚ ਵਿਜੇ ਦਾਨਵ ਦੀ ਅੱਜ ਦੀ ਗੈਰਹਾਜ਼ਰੀ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਉਹ ਜਗਰਾਉਂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਸਰਗਰਮ ਦਿਖਾਈ ਦਿੱਤੇ ਹਨ।
ਇਸ ਤੋਂ ਪਹਿਲਾਂ ਵਿਜੇ ਦਾਨਵ ਵੱਲੋਂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਦੀ ਤਸਵੀਰ ਵੀ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਸਾਂਝੀ ਕੀਤੀ ਗਈ ਸੀ। ਇਸ ਤਸਵੀਰ ਰਾਹੀਂ ਉਨ੍ਹਾਂ ਵੱਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਆਪਣੇ ਨੇੜਲੇ ਸਬੰਧਾਂ ਅਤੇ ਆਪਣੀ ਸਿਆਸੀ ਸਰਗਰਮੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਦਾਨਵ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਜਗਰਾਉਂ ਹਲਕੇ ਵਿੱਚ ਸਰਗਰਮ ਹੋਣ ਲਈ ਹੱਲਾਸ਼ੇਰੀ ਮਿਲੀ ਹੈ।
ਅਜਿਹੇ ਵਿੱਚ ਅੱਜ ਮਨੀਸ਼ ਸਿਸੋਦੀਆ ਦੀ ਜਗਰਾਉਂ ਫੇਰੀ ਦੌਰਾਨ ਦਾਨਵ ਦੀ ਗੈਰਹਾਜ਼ਰੀ ਨੇ ਸਿਆਸੀ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ। ਹਾਲਾਂਕਿ ਸਿਰਫ਼ ਗੈਰਹਾਜ਼ਰੀ ਦੇ ਆਧਾਰ ’ਤੇ ਕਿਸੇ ਤਰ੍ਹਾਂ ਦੇ ਸਿਆਸੀ ਮਤਭੇਦ ਜਾਂ ਪਾਰਟੀ ਅੰਦਰਲੇ ਟਕਰਾਅ ਦਾ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ।
ਦਾਨਵ ਨੇ ਦਿੱਤਾ ਆਪਣਾ ਪੱਖ
ਵਿਜੇ ਦਾਨਵ ਦੀ ਗੈਰਹਾਜ਼ਰੀ ਸਬੰਧੀ ਜਦੋਂ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਸਮੇਂ ਆਊਟ ਆਫ ਸਟੇਟ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦੀ ਜਗਰਾਉਂ ਫੇਰੀ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਦਾਨਵ ਦਾ ਇਹ ਬਿਆਨ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਲੈ ਕੇ ਚੱਲ ਰਹੀਆਂ ਸਿਆਸੀ ਕਿਆਸਅਰਾਈਆਂ ਵਿਚਕਾਰ ਉਨ੍ਹਾਂ ਦਾ ਅਧਿਕਾਰਤ ਪੱਖ ਸਾਹਮਣੇ ਲਿਆਉਂਦਾ ਹੈ।
- Download Babushahi App
-
-