ਭਾਰਤ ਅਨੇਕਤਾ ਵਿੱਚ ਏਕਤਾ ਦਾ ਸੁੰਦਰ ਮੁਜੱਸਮਾ ਹੈ- ਗੁਲਾਬ ਚੰਦ ਕਟਾਰੀਆ
10 ਅਕਤੂਬਰ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ, ਪੰਜਾਬ ਲੋਕਧਾਰਾ ਅਕੈਡਮੀ ਅਤੇ ਡਾ. ਸੁਰਜੀਤ ਪਾਤਰ ਚੇਅਰ ਵਲੋਂ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਅੱਜ ਸੰਪੰਨ ਹੋ ਗਈ। ਰਾਸ਼ਟਰ ਦੀ ਸਿਰਜਣਾ ਅਤੇ ਸਿੱਖਿਆ ਲਈ ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ ਦੀ ਭੂਮਿਕਾ ਕੋਮੀ ਸਿੱਖਿਆ ਨੀਤੀ ਦੇ ਉਦੇਸ਼ ਨਾਲ ਕਰਵਾਈ ਇਸ ਕਾਨਫਰੰਸ ਵਿੱਚ ਭਾਰਤੀ ਭਾਸ਼ਾ ਸੰਸਥਾਨ, ਮੈਸੂਰ, ਸਿੱਖਿਆ ਮੰਤਰਾਲਾ , ਭਾਰਤ ਸਰਕਾਰ ਅਤੇ ਪੰਜਾਬੀ ਭਾਸ਼ਾ ਵਿਗਿਆਨ ਸੰਸਥਾ, ਪਟਿਆਲਾ, ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ ਨੇ ਵਿਸ਼ੇਸ਼ ਸਹਿਯੋਗ ਪ੍ਰਦਾਨ ਕੀਤਾ। ਅੱਜ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਗੁਲਾਬ ਚੰਦ ਕਟਾਰੀਆ, ਮਾਣਯੋਗ ਗਵਰਨਰ , ਪੰਜਾਬ ਮੁੱਖ ਮਹਿਮਾਨ ਵਜੋਂ, ਇੰਜ. ਜਸਵੰਤ ਜ਼ਫ਼ਰ, ਨਿਰਦੇਸ਼ਕ, ਭਾਸ਼ਾ ਵਿਭਾਗ , ਪੰਜਾਬ ਅਤੇ ਸ੍ਰ. ਹਰਪ੍ਰੀਤ ਸਿੰਘ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ , ਪੀ.ਏ.ਯੂ. ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਡੀਨਜ਼, ਡਾਇਰੈਕਟਰਜ਼ ਅਤੇ ਹੋਰ ਉੱਚ ਅਧਿਕਾਰੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।
ਦੇਸ਼ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ , ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਤੋਂ ਸ਼ਿਰਕਤ ਕਰ ਰਹੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਅਨੇਕਤਾ ਵਿੱਚ ਏਕਤਾ ਦਾ ਸੁੰਦਰ ਮੁਜੱਸਮਾ ਹੈ। ਉਨਾਂ ਕਿਹਾ ਕਿ ਭਾਰਤ ਪਹਿਲਾ ਦੇਸ਼ ਹੈ, ਜਿੱਥੇ 22 ਭਾਸ਼ਾਵਾਂ ਅਤੇ ਲਗਭਗ 20,000 ਤੋਂ ਵੱਧ ਉਪ-ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਸੂਬਿਆਂ ਦੀ ਲੋਕਧਾਰਾ ਵਿਚ ਵੀ ਵਿਭਿੰਨਤਾ ਹੈ ਪਰ ਏਕ ਭਾਰਤ ਸ਼੍ਰੇਸ਼ਠ ਭਾਰਤ ਹੋਣ ਕਰਕੇ ਦੇਸ਼ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਸਾਨੂੰ ਸਥਾਨਕ ਭਾਸ਼ਾਵਾਂ ਵਿੱਚ ਲੋਕਧਾਰਾ ਨੂੰ ਅਨੁਵਾਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਕਥਾਵਾਂ ਵਿੱਚ ਸਾਡੀ ਸੰਸਕ੍ਰਿਤੀ ਜਿਉਂਦੀ ਹੈ, ਲੋਕ ਗੀਤਾਂ ਵਿਚ ਅਸੀਂ ਆਪਣੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਾਂ, ਲੋਕ- ਨਾਚਾਂ ਰਾਹੀਂ ਅਸੀ ਆਪਣੀਆਂ ਖੁਸ਼ੀਆਂ ਜ਼ਾਹਿਰ ਕਰਦੇ ਹਾਂ ਅਤੇ ਇਹ ਪ੍ਰੰਪਰਾ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਪੰਜਾਬੀ ਭਾਸ਼ਾ ਦੀ ਬਹਿਤਰੀ ਲਈ ਪੀਏਯੂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਥੋਂ ਦੇ ਖੇਤੀ ਵਿਗਿਆਨੀਆਂ ਨੇ ਸਿਰਫ ਫਸਲਾਂ ਦੀਆਂ ਨਵੀਆਂ ਕਿਸਮਾਂ ਦਾ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੀ ਖੋਜ ਕਰਕੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਹੀ ਭਰਪੂਰ ਨਹੀਂ ਕੀਤਾ ਬਲਕਿ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜਰਖੇਜ਼ ਧਰਤੀ ਹੈ ਅਤੇ ਇੱਥੋਂ ਦੇ ਮਿਹਨਤਕਸ਼ ਕਿਸਾਨ ਹਰ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਗੁਰੂਆ, ਪੀਰਾਂ , ਫਕੀਰਾਂ ਦੇ ਬਲਿਦਾਨਾਂ ਨਾਲ ਸਿੰਜੀ ਇਹ ਧਰਤੀ ਅਨਮੋਲ ਵਿਰਾਸਤ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ।
ਨਵੀਂ ਸਿੱਖਿਆ ਨੀਤੀ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਦੀ ਸਾਂਝ ਪਾਉਂਦਿਆ ਉਨ੍ਹਾਂ ਕਿਹਾ ਕਿ ਐਲੀਮੈਂਟਰੀ ਸਿੱਖਿਆ ਆਪਣੀ ਸਥਾਨਕ ਭਾਸ਼ਾ ਵਿੱਚ ਹੀ ਪ੍ਰਦਾਨ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਵੀ ਯੂਨੀਵਰਸਿਟੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਕਈ ਉੱਘੇ ਕਵੀ, ਬੁੱਧੀਜੀਵੀ ਅਤੇ ਕਲਾਕਾਰ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਉਣ ਦਾ ਮਾਣ ਹਾਸਲ ਹੈ, ਜਿਨ੍ਹਾਂ ਨੇ ਵਿਸ਼ਵ ਭਰ ਵਿੱਚ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਯੂਨੀਵਰਸਿਟੀ ਵਿੱਚ ਮੌਜੂਦ ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਅਦਭੁੱਤ ਝਾਕੀ ਪੇਸ਼ ਕਰਦੇ ਅਜਾਇਬ ਘਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਨਮੋਲ ਖਜਾਨੇ ਦੀ ਵਿਰਾਸਤ ਸਾਂਭੀ ਬੈਠੇ ਇਸ ਅਜੂਬੇ ਨੂੰ ਦੇਖਣ ਲਈ ਦੁਨੀਆਂ ਭਰ ਦੇ ਲੋਕ ਇੱਥੇ ਆਉਂਦੇ ਹਨ।
ਸਮਾਜ ਦੀ ਸਿਰਜਣਾ ਵਿੱਚ ਖੇਤਰੀ ਭਾਸ਼ਾਵਾਂ ਅਤੇ ਲੋਕਧਾਰਾ ਦੇ ਯੋਗਦਾਨ ਬਾਰੇ ਉਨ੍ਹਾਂ ਕਿਹਾ ਕਿ ਲੋਕ ਸਾਹਿਤ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ, ਜਿਸ ਤੋਂ ਨਾ ਕੇਵਲ ਸਾਡਾ ਬੌਧਿਕ ਵਿਕਾਸ ਹੀ ਹੁੰਦਾ ਹੈ, ਸਗੋਂ ਜ਼ਿੰਦਗੀ ਨੂੰ ਚਾਅ ਨਾਲ ਜਿਉਣ ਦਾ ਇੱਕ ਜਜ਼ਬਾ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਲੋਕਧਾਰਾ ਦਾ ਇਹ ਪ੍ਰਵਾਹ ਸਾਡਾ ਮਾਰਗ ਦਰਸ਼ਕ ਬਣਦਾ ਹੈ, ਜਿਸ ਨਾਲ ਨਵੇਂ ਅਤੇ ਵਿਕਸਤ ਸਮਾਜ ਦੀ ਸਿਰਜਣਾ ਕਰਨ ਵਿੱਚ ਮੱਦਦ ਮਿਲਦੀ ਹੈ। ਡਾ. ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਕਾਨਫਰੰਸ ਵਿਚਲੇ ਵਿਚਾਰ ਵਟਾਂਦਰਿਆਂ ਤੋਂ ਨਵੀਆਂ ਪਿਰਤਾਂ ਪੈਣ ਦੀ ਆਸ ਪ੍ਰਗਟ ਕਰਦਿਆਂ ਉਨ੍ਹਾਂ ਇਨ੍ਹਾਂ ਵਿਚਲੇ ਨਿਸ਼ਕਰਸ਼ਾਂ ਨੂੰ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਦੀ ਉਮੀਦ ਪ੍ਰਗਟ ਕੀਤੀ।
ਆਪਣੇ ਕੁੰਜੀਵਤ ਭਾਸ਼ਣ ਵਿੱਚ ਡਾ. ਜੀ. ਕੇ. ਪਾਨੀਕਰ, ਡੀਨ, ਦ੍ਰਾਵਿੜ ਭਾਸ਼ਾਵਾਂ ਨੇ ਲੋਕਧਾਰਾ ਦੇ ਪਿਛੋਕੜ ਅਤੇ ਇਸ ਦੀ ਸੀਮਾ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਲੋਕਧਾਰਾ ਨੂੰ ਖੇਤੀਬਾੜੀ ਦੀ ਰੀੜ ਦੀ ਹੱਡੀ ਦਸਦਿਆਂ ਉਨ੍ਹਾਂ ਨੇ ਇਨ੍ਹਾਂ ਦੇ ਅਨਿੱਖੜਵੇਂ ਸੰਬੰਧਾਂ ਤੇ ਰੋਸ਼ਨੀ ਪਾਈ। ਮਿੱਥ ਕਥਾਵਾਂ ਨੂੰ ਲੋਕਧਾਰਾ ਦਾ ਸਭ ਤੋਂ ਅਮੀਰ ਸੋਮਾ ਮੰਨਦਿਆਂ ਉਨ੍ਹਾਂ ਕਿਹਾ ਕਿ ਸਮਾਜ ਨੂੰ ਸਿਰਜਣ ਅਤੇ ਦਿਸ਼ਾ ਨਿਰਦੇਸ਼ ਦੇਣ ਵਿੱਚ ਇਨ੍ਹਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ।
ਦੇਸ਼ ਦੀ ਨਵੀਂ ਸਿੱਖਿਆ ਨੀਤੀ ਵਿੱਚ ਸਥਾਨਕ ਭਾਸ਼ਾ ਦੇ ਮਹੱਤਵ ਦੀ ਸ਼ਲਾਘਾ ਕਰਦਿਆਂ ਇੰਜ. ਜਸਵੰਤ ਜ਼ਫ਼ਰ ਨੇ ਕਿਹਾ ਕਿ ਗਿਆਨ ਵਿਗਿਆਨ ਦੀ ਸਿੱਖਿਆ ਦਾ ਸਥਾਨਕ ਭਾਸ਼ਾਵਾਂ ਵਿੱਚ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਿਗਾਨੀ ਬੋਲੀ ਨਾਲ ਅਸੀਂ ਹੰਢਣਸਾਰ ਤਰੱਕੀ ਨਹੀਂ ਕਰ ਸਕਦੇ, ਇਸ ਲਈ ਸਾਨੂੰ ਆਪਣੀ ਬੋਲੀ ਤੇ ਹੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਜਿਸ ਨੂੰ ਕਿ ਅਸੀਂ ਸਹਿਜ ਸੁਭਾਅ ਗ੍ਰਹਿਣ ਕਰਦੇ ਹਾਂ ਅਤੇ ਇਸਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ।
ਇਸ ਮੌਕੇ ਡਾ. ਜਗਦੀਸ਼ ਕੌਰ, ਡਾ. ਰੱਖਪ੍ਰੀਤ ਵਾਲੀਆ ਅਤੇ ਡਾ. ਰਣਜੀਤ ਕੋਰ ਵਲੋਂ ਸੰਪਾਦਿਤ ਕੀਤਾ ਗਿਆ ਸੋਵੀਨਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਡਾ. ਗੁਲਾਬ ਚੰਦ ਕਟਾਰੀਆ, ਮਾਣਯੋਗ ਗਵਰਨਰ , ਪੰਜਾਬ , ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ, ਸ਼੍ਰੀ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ , ਇੰਜ. ਜਸਵੰਤ ਜ਼ਫ਼ਰ, ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ, ਡਾ. ਜੀ.ਕੇ. ਪਾਨੀਕਰ, ਡੀਨ. ਦ੍ਰਾਵਿੜ ਭਾਸ਼ਾਵਾਂ, ਡਾ.ਐਮ.ਜੇ. ਵਰਸੀ, ਅਲੀਗੜ੍ਰ ਮੁਸਲਿਮ ਯੂਨੀਵਰਸਿਟੀ, ਡਾ. ਕਿਰਨ ਬੈਂਸ. ਡੀਨ. ਬੇਸਿਕ ਸਾਇੰਸਜ਼ ਅਤੇ ਹਿਉਮੈਨੀਟੀਜ਼ ਕਾਲਜ, ਡਾ. ਨਿਰਮਲ ਜੋੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ.ਏ.ਯੂ. ਅਤੇ ਸ੍ਰੀ ਮਤੀ ਮੈਦਾਨ, ਜਿਲ੍ਹਾ ਸਿੱਖਿਆ ਅਫਸਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।
ਧੰਨਵਾਦ ਦੇ ਸ਼ਬਦ ਕਹਿੰਦਿਆਂ ਡਾ. ਨਿਰਮਲ ਜੋੜਾ , ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਪੀ.ਏ.ਯੂ. ਵੱਲੋਂ ਖੇਤੀ ਪਸਾਰ ਦਾ ਸਮੁੱਚਾ ਕਾਰਜ ਪੰਜਾਬੀ ਭਾਸ਼ਾ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਲੋਂ ਖੇਤੀ ਸੰਬੰਧਤ ਪੁਸਤਕਾਂ ਅਤੇ ਰਸਾਲੇ ਪੰਜਾਬੀ ਭਾਸ਼ਾ ਵਿਚ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਹਨ ਅਤੇ ਯੂਟਿਊਬ ਚੈਨਲਾਂ ਅਤੇ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਖੇਤੀ ਵਿਗਿਆਨੀ ਸਥਾਨਕ ਭਾਸ਼ਾ ਵਿਚ ਸਲਾਹ-ਮਸ਼ਵਰੇ ਸਾਂਝੇ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਦੇ ਪੇਂਡੂ ਸੱਭਿਆਚਾਰ ਦੇ ਅਜਾਇਬ ਘਰ ਵਿਚ 18 ਵੀਂ ਸਦੀ ਦਾ ਪੰਜਾਬ ਜਿਉਂਦਾ ਜਾਗਦਾ ਮਿਲਦਾ ਹੈ।
ਮੰਚ ਸੰਚਾਲਨ ਡਾ. ਸੁਮੇਧਾ ਭੰਡਾਰੀ ਨੇ ਕੀਤਾ।