ਬੱਲਭਗੜ੍ਹ ਤੇ ਫਰੀਦਾਬਾਦ ਵਿੱਚ ਤਿਲਕ-ਜੰਞੂ ਰੱਖਿਅਕ ਯਾਤਰਾ ਦਾ ਨਿੱਘਾ ਸਵਾਗਤ:ਕਾਲਕਾ ਤੇ ਕਾਹਲੋਂ
ਸੰਗਤਾਂ ਦੇ ਉਤਸ਼ਾਹ ਤੇ ਸ਼ਰਧਾ ਨੇ ਯਾਤਰਾ ਦੇ ਮਹੱਤਵ ਨੂੰ ਹੋਰ ਵਧਾਇਆ: ਕਾਲਕਾ ਤੇ ਕਾਹਲੋਂ
ਫਰੀਦਾਬਾਦ 29 ਨਵੰਬਰ (ਮਨਮੋਹਨ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਪਤੀ ਸਮਾਗਮਾਂ ਨੂੰ ਸਮਰਪਿਤ ਸਜਾਈ ਗਈ ਇਤਿਹਾਸਕ ‘ਤਿਲਕ-ਜੰਞੂ ਰੱਖਿਅਕ ਯਾਤਰਾ’ ਦਾ ਬੱਲਭਗੜ੍ਹ ਅਤੇ ਫਰੀਦਾਬਾਦ ਵਿਖੇ ਪਹੁੰਚਣ ’ਤੇ ਸੰਗਤਾਂ ਵੱਲੋਂ ਬਹੁਤ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਾਤਰਾ ਦੇ ਵੱਖ-ਵੱਖ ਪੜਾਵਾਂ ਦੌਰਾਨ ਸੰਗਤਾਂ ਵੱਲੋਂ ਦਿਖਾਇਆ ਜਾ ਰਿਹਾ ਅਥਾਹ ਉਤਸ਼ਾਹ ਅਤੇ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਅਤੇ ਸਰਬੱਤ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਮਹਾਨ ਕੁਰਬਾਨੀ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਬੱਲਭਗੜ੍ਹ ਅਤੇ ਫਰੀਦਾਬਾਦ ਵਿਖੇ ਸੰਗਤਾਂ ਵੱਲੋਂ ਜਿਸ ਪਿਆਰ, ਸਤਿਕਾਰ ਅਤੇ ਉਤਸ਼ਾਹ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ, ਉਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਹਿਰਦੇ ਤੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦਾ ਇਹ ਭਰਪੂਰ ਸਹਿਯੋਗ ਅਤੇ ਗੁਰੂ ਸਾਹਿਬ ਪ੍ਰਤੀ ਸਮਰਪਣ ਯਾਤਰਾ ਦੇ ਉਦੇਸ਼ ਨੂੰ ਹੋਰ ਵੀ ਸਾਰਥਕ ਬਣਾਉਂਦਾ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ, ਸਹਿਣਸ਼ੀਲਤਾ ਅਤੇ ਸਰਬਸਾਂਝੀਵਾਲਤਾ ਦੀ ਅਜਿਹੀ ਅਦੁੱਤੀ ਮਿਸਾਲ ਹੈ, ਜਿਸ ਦੀ ਮਹੱਤਤਾ ਸਮੇਂ ਦੀਆਂ ਹੱਦਾਂ ਤੋਂ ਪਰੇ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਮਹਾਨ ਵਿਰਾਸਤ ਦਾ ਸੰਦੇਸ਼ ਪਹੁੰਚਾਉਣ ਦੀ ਅਪੀਲ ਵੀ ਕੀਤੀ।
- Download Babushahi App
-
-