ਬੈਂਡ ਵਾਜੇ ਲੈ ਕੇ ਆਪ ਦੇ ਵਰਕਰਾਂ ਨੇ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ
ਕੋਠੀ ਵੱਲ ਕੂਚ ਕਰਦਿਆਂ ਪੁਲਿਸ ਅਤੇ ਆਪ ਵਰਕਰਾਂ ਵਿਚਾਲੇ ਹੋਈ ਹਲਕੀ ਧੱਕਾ ਮੁੱਕੀ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਦਿਨੀ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਦੇ ਖਿਲਾਫ ਦਿੱਤੇ ਬਿਆਨ ਦੇ ਵਿਰੋਧ ਵਿੱਚ ਅੱਜ ਕਾਦੀਆਂ ਵਿਖੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਨੇੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ।ਖਾਸ ਗੱਲ ਰਹੀ ਕਿ ਆਮ ਆਦਮੀ ਪਾਰਟੀ ਵੱਲੋਂ ਬੈਂਡ ਵਾਜੇ ਨਾਲ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਬਾਜਵਾ ਨੇ ਈਟੀਓ ਅਤੇ ਉਹਨਾਂ ਦੇ ਪਿਤਾ ਜੀ ਨੂੰ ਬੈਂਡ ਵਾਜੇ ਵਾਲਾ ਕਿਹਾ ਸੀ ਜਿਸ ਦਾ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਆਪ ਵਰਕਰ ਜਦੋਂ ਬਾਜਵਾ ਦੀ ਕੋਠੀ ਵੱਲ ਪ੍ਰਦਰਸ਼ਨ ਕਰਦੇ ਕੂਚ ਕਰਨ ਲੱਗੇ ਤਾਂ ਪਰ ਰਸਤੇ ਵਿੱਚ ਬੈਰੀਕੇਡ ਲੱਗੇ ਸੀ ਜਿਨਾਂ ਨੂੰ ਪਾਰ ਕਰਨ ਸਮੇਂ ਪੁਲਿਸ ਮੁਲਾਜ਼ਮਾਂ ਤੇ ਆਪ ਵਰਕਰਾਂ ਵਿਚਾਲੇ ਹਲਕੀ ਧੱਕਾ ਮੁੱਕੀ ਵੀ ਹੋਈ ।ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਦਲਿਤਾਂ ਦੇ ਖਿਲਾਫ ਬਿਆਨਬਾਜ਼ੀ ਕਰਦੀ ਰਹੀ ਹੈ। ਹੁਣ ਵੀ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਟ ਮੰਤਰੀ ਹਰਭਜਨ ਸਿੰਘ ਦੇ ਖਿਲਾਫ ਬਿਆਨ ਦਿੱਤਾ ਗਿਆ ਹੈ ਉਸਦੇ ਵਿਰੋਧ ਵਿੱਚ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ।ਜਦ ਤੱਕ ਪ੍ਰਤਾਪ ਬਾਜਵਾ ਮਾਫੀ ਨਹੀਂ ਮੰਗ ਲੈਂਦੇ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਚਲਦੇ ਰਹਿਣਗੇ। ਕਾਂਗਰਸ ਪਾਰਟੀ ਹਮੇਸ਼ਾ ਹੀ ਗਲਤ ਬਿਆਨਬਾਜੀ ਕਰਦੀ ਹੈ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਮਰਹੂਮ ਬੂਟਾ ਸਿੰਘ ਜੀ ਬਾਰੇ ਗਲਸ ਬਿਆਨਬਾਜ਼ੀ ਕੀਤੀ ਗਈ ਸੀ ਤੇ ਹੁਣ ਪੰਜਾਬ ਦੇ ਮੰਤਰੀ ਦੇ ਖਿਲਾਫ ਇਸ ਨਾਲ ਪੂਰੇ ਪੰਜਾਬ ਦੇ ਦਲਿਤ ਲੋਕਾਂ ਦੇ ਮਨ ਤੇ ਠੇਸ ਲੱਗੀ ਹੈ।