ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ SSP ਡਾ. ਦਰਪਣ ਆਹਲੂਵਾਲੀਆ ਖੁਦ ਮੈਦਾਨ 'ਚ ਉਤਰੇ
ਕਈ ਬੈਂਕਾਂ ਦੀ ਅਚਨਚੇਤ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਸਟਾਫ ਨੂੰ ਦਿੱਤੀਆਂ ਜ਼ਰੂਰੀ ਹਦਾਇਤਾਂ
ਖੰਨਾ, ਰਵਿੰਦਰ ਢਿੱਲੋਂ
ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਸੁਰੱਖਿਆ ਨੂੰ ਲੈ ਕੇ ਖੰਨਾ ਪੁਲਿਸ ਦੀ ਗੰਭੀਰਤਾ ਉਸ ਸਮੇਂ ਸਪੱਸ਼ਟ ਹੋਈ, ਜਦੋਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਖੁਦ ਵੱਖ-ਵੱਖ ਬੈਂਕਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਐੱਸਐੱਸਪੀ ਦੇ ਇਸ ਸਿੱਧੇ ਨਿਰੀਖਣ ਨਾਲ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਤੀ ਹੋਰ ਸੁਚੇਤ ਰਹਿਣ ਦਾ ਸੰਦੇਸ਼ ਮਿਲਿਆ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਬੈਂਕਾਂ ਵਿੱਚ ਪਹੁੰਚ ਕੇ ਦਾਖ਼ਲੇ ਅਤੇ ਬਾਹਰ ਜਾਣ ਦੇ ਰਸਤੇ, ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਸੀਸੀਟੀਵੀ ਕੈਮਰੇ, ਅਲਾਰਮ ਸਿਸਟਮ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖਾਸ ਤੌਰ ’ਤੇ ਕਰੰਸੀ ਚੈਸਟ ਅਤੇ ਕੈਸ਼ ਵੈਨ ਦੀ ਸੁਰੱਖਿਆ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਬੈਂਕ ਪ੍ਰਬੰਧਕਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਨਕਦੀ ਦੇ ਲੈਣ-ਦੇਣ ਅਤੇ ਉਸ ਦੀ ਆਵਾਜਾਈ ਦੌਰਾਨ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਬੈਂਕ ਸਟਾਫ ਨੂੰ ਬੈਂਕ ਵਿੱਚ ਆਉਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਕਿਸੇ ਵੀ ਅਸਧਾਰਨ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਕਿਹਾ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਬੈਂਕ ਸਟਾਫ ਨੂੰ ਹਦਾਇਤ ਕੀਤੀ ਕਿ ਪੁਲਿਸ ਅਤੇ ਹੋਰ ਜ਼ਰੂਰੀ ਐਮਰਜੈਂਸੀ ਨੰਬਰ ਬੈਂਕ ਅੰਦਰ ਪ੍ਰਮੁੱਖ ਥਾਵਾਂ ’ਤੇ ਡਿਸਪਲੇ ਕੀਤੇ ਜਾਣ, ਤਾਂ ਜੋ ਲੋੜ ਪੈਣ ’ਤੇ ਤੁਰੰਤ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਐੱਸਐੱਸਪੀ ਵੱਲੋਂ ਖੁਦ ਬੈਂਕਾਂ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਦੀ ਕਾਰਵਾਈ ਨੂੰ ਪੁਲਿਸ ਦੀ ਸਰਗਰਮ ਅਤੇ ਜ਼ਿੰਮੇਵਾਰ ਕਾਰਜਸ਼ੈਲੀ ਵਜੋਂ ਦੇਖਿਆ ਜਾ ਰਿਹਾ ਹੈ।
- Download Babushahi App
-
-