ਬੈਂਕਾਂ ਦੀ ਧੱਕੇਸ਼ਾਹੀ ਖ਼ਿਲਾਫ਼ ਗਰਜਿਆ ਜਗਰਾਓਂ; 8 ਏਕੜ ਜ਼ਮੀਨ ਦੀ ਕੁਰਕੀ ਖ਼ਿਲਾਫ਼ ਲੋਕਾਂ ਦਾ ਜਨ-ਸੈਲਾਬ
ਸੁਖਵਿੰਦਰ ਸਿੰਘ ਸੁੱਖੀ ਨੇ ਡਟਣ ਦਾ ਕੀਤਾ ਐਲਾਨ
ਜਗਰਾਉਂ/13 ਅਕਤੂਬਰ (ਦੀਪਕ ਜੈਨ): ਅੰਨਦਾਤੇ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਹੜੱਪਣ ਲਈ ਕੀਤੀ ਜਾ ਰਹੀ ਕਾਰਪੋਰੇਟੀ ਲੁੱਟ ਖ਼ਿਲਾਫ਼ ਜਗਰਾਓਂ ਦੇ ਪਿੰਡ ਗੁਰੂਸਰ ਕੌਂਕੇ ਵਿਖੇ ਲੋਕਾਂ ਦਾ ਅੱਥਰੂ ਅਤੇ ਗੁੱਸਾ ਤੂਫ਼ਾਨ ਬਣ ਕੇ ਉੱਠਿਆ ਹੈ। ਇੱਕ ਪੀੜਤ ਕਿਸਾਨ ਦੀ ਕਰੋੜਾਂ ਰੁਪਏ ਕੀਮਤ ਦੀ 8 ਏਕੜ ਉਪਜਾਊ ਜ਼ਮੀਨ ਨੂੰ ਬੈਂਕ ਵੱਲੋਂ ਜ਼ਬਰਦਸਤੀ ਕੁਰਕ ਕਰਨ ਅਤੇ ਨੀਲਾਮ ਕਰਨ ਦੀ ਘਿਣਾਉਣੀ ਸਾਜ਼ਿਸ਼ ਵਿਰੁੱਧ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹਦਿਆਂ ਬੈਂਕ ਅਫ਼ਸਰਾਂ ਦੇ ਪਸੀਨੇ ਛੁਡਾ ਦਿੱਤੇ। ਕਿਸਾਨਾਂ ਦੇ ਤਿੱਖੇ ਤੇ ਅੜੀਅਲ ਵਿਰੋਧ ਅੱਗੇ ਬੈਂਕ ਅਫ਼ਸਰਾਂ ਦੇ ਹੌਸਲੇ ਇਸ ਕਦਰ ਟੁੱਟੇ ਕਿ ਦੇਰ ਸ਼ਾਮ ਤੱਕ ਕੋਈ ਵੀ ਅਧਿਕਾਰੀ ਮੌਕੇ 'ਤੇ ਆਉਣ ਦੀ ਹਿੰਮਤ ਨਹੀਂ ਕਰ ਸਕਿਆ।
ਕੀ ਹੈ ਪੂਰਾ ਮਾਮਲਾ?
ਪੀੜਤ ਕਿਸਾਨ ਤਰਸੇਮ ਸਿੰਘ ਨੇ ਹਿੱਕ ਠੋਕ ਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਾਲ 2015 ਵਿੱਚ ਕਰਜ਼ਾ ਲਿਆ ਸੀ, ਜਿਸ ਦੀ ਵੱਡੀ ਰਕਮ ਪਹਿਲਾਂ ਹੀ ਮੋੜੀ ਜਾ ਚੁੱਕੀ ਹੈ। ਪਰ ਜ਼ੁਲਮ ਦੀ ਹੱਦ ਵੇਖੋ ਕਿ ਬੈਂਕ ਨੇ ਬਿਨਾਂ ਕਿਸੇ ਲਿਖਤੀ ਸੂਚਨਾ ਦੇ ਪਿੰਡ ਵਿੱਚ ਢੋਲ ਵਜਾ ਕੇ ਅਤੇ ਲਾਊਡਸਪੀਕਰਾਂ ਰਾਹੀਂ ਨੀਲਾਮੀ ਦਾ ਹੋਕਾ ਦਿਵਾ ਕੇ ਪੂਰੇ ਪਰਿਵਾਰ ਨੂੰ ਮਾਨਸਿਕ ਤਣਾਅ ਅਤੇ ਜ਼ਲਾਲਤ ਦੀ ਭੱਠੀ ਵਿੱਚ ਝੋਕ ਦਿੱਤਾ। ਪੰਚਾਇਤ ਅਤੇ ਕਿਸਾਨ ਆਗੂਆਂ ਨੇ ਗਰਜਦਿਆਂ ਕਿਹਾ ਕਿ ਪਰਿਵਾਰ ਹਰ ਜਾਇਜ਼ ਬਕਾਇਆ ਭਰਨ ਲਈ ਤਿਆਰ ਹੈ, ਪਰ ਬੈਂਕ ਨੇ ਮਨਮਾਨੇ ਵਿਆਜ ਦੇ ਗੰਦੇ ਹੱਥ ਮਾਰ ਕੇ 44 ਲੱਖ ਦੇ ਕਰਜ਼ੇ ਨੂੰ 71 ਲੱਖ ਬਣਾ ਦਿੱਤਾ ਹੈ। ਆਗੂਆਂ ਨੇ ਵੰਗਾਰਦਿਆਂ ਆਖਿਆ, "ਜੇਕਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਅਰਬਾਂ-ਖਰਬਾਂ ਰੁਪਏ ਮੁਆਫ਼ ਕਰ ਸਕਦੀਆਂ ਹਨ, ਤਾਂ ਦੇੜ ਪੇਟ ਭਰਨ ਵਾਲੇ ਅੰਨਦਾਤੇ ਦੀ ਜ਼ਮੀਨ ਦੀ ਲੁੱਟ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ!"
ਕਾਂਗਰਸ ਆਗੂ ਸੁਖਵਿੰਦਰ ਸਿੰਘ ਸੁੱਖੀ ਦਾ ਐਲਾਨ: "ਕਿਸਾਨ ਦੀ ਜ਼ਮੀਨ ਵੱਲ ਦੇਖਣ
ਵਾਲੇ ਦੀ ਅੱਖ ਕੱਢ ਲਵਾਂਗੇ, ਕਿਸਾਨ ਨਾਲ ਚੱਟਾਨ ਵਾਂਗ ਖੜ੍ਹਾ ਹਾਂ"
ਇਸ ਗੰਭੀਰ ਮੌਕੇ 'ਤੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਮੌਕੇ 'ਤੇ ਪਹੁੰਚ ਕੇ ਬੈਂਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੇ ਕਿਸਾਨ ਭਰਾ ਦੇ ਨਾਲ ਚੱਟਾਨ ਵਾਂਗ ਡੱਟ ਕੇ ਖੜ੍ਹੇ ਹਨ ਅਤੇ ਕਿਸੇ ਵੀ ਕੀਮਤ 'ਤੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।
ਸੁਖਵਿੰਦਰ ਸਿੰਘ ਸੁੱਖੀ ਨੇ ਆਪਣੇ ਬਿਆਨ ਵਿੱਚ ਕਿਹਾ "ਸਾਡਾ ਅੰਨਦਾਤਾ ਦਿਨ-ਰਾਤ ਮਿਹਨਤ ਕਰਕੇ ਦੇਸ਼ ਦਾ ਪੇਟ ਭਰਦਾ ਹੈ, ਪਰ ਸਰਕਾਰਾਂ ਅਤੇ ਬੈਂਕਾਂ ਦੀਆਂ ਮਾਰੂ ਨੀਤੀਆਂ ਉਸ ਨੂੰ ਉਜਾੜਨ 'ਤੇ ਲੱਗੀਆਂ ਹੋਈਆਂ ਹਨ। ਮੈਂ ਪੂਰੀ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਾਂ। ਇਸ ਜ਼ਮੀਨ ਨੂੰ ਬਚਾਉਣ ਲਈ ਭਾਵੇਂ ਸਾਨੂੰ ਕਿੰਨਾ ਵੀ ਲੰਮਾ ਅਤੇ ਤਿੱਖਾ ਸੰਘਰਸ਼ ਕਿਉਂ ਨਾ ਕਰਨਾ ਪਵੇ, ਅਸੀਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੈਦਾਨ ਵਿੱਚ ਡਟੇ ਰਹਾਂਗੇ। ਕਿਸਾਨ ਦੀ ਜ਼ਮੀਨ ਵੱਲ ਮਾੜੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹਤੜ ਜਵਾਬ ਦਿੱਤਾ ਜਾਵੇਗਾ। ਪਿੰਡ ਗੁਰੂਸਰ ਕੌਂਕੇ ਦਾ ਇਹ ਮੋਰਚਾ ਹੁਣ ਸੂਬੇ ਭਰ ਵਿੱਚ ਬੈਂਕਾਂ ਦੀਆਂ ਲੁਟੇਰੀਆਂ ਨੀਤੀਆਂ ਖ਼ਿਲਾਫ਼ ਇੱਕ ਵੱਡੇ ਸੰਘਰਸ਼ ਦੀ ਸ਼ੁਰੂਆਤ ਬਣਦਾ ਜਾ ਰਿਹਾ ਹੈ।
- Download Babushahi App
-
-