ਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਸਫਲਤਾਪੂਰਵਕ ਸੰਪੰਨ
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਈਕਲਿਸਟਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ
ਹਰਸ਼ਵੀਰ ਸਿੰਘ ਸੇਖੋਂ ਨੇ ਸੀਨੀਅਰ ਪੁਰਸ਼ ਅਤੇ ਅਨਵ ਪੁਰੀ ਨੇ ਅੰਡਰ-23 ਪੁਰਸ਼ ਵਰਗ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਖਿਡਾਰੀਆਂ ਨੂੰ ਬਿਹਤਰ ਖੇਡ ਢਾਂਚਾ ਅਤੇ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਹਰਦੀਪ ਸਿੰਘ ਮੁੰਡੀਆਂ
ਚੈਂਪੀਅਨਸ਼ਿਪ ਨੇ ਪੰਜਾਬ ਦੀ ਨੌਜਵਾਨ ਸਾਈਕਲਿੰਗ ਪ੍ਰਤਿਭਾ ਨੂੰ ਦਿੱਤਾ ਮੁਕਾਬਲੇਬਾਜ਼ੀ ਵਾਲਾ ਮੰਚ: ਜਗਦੀਪ ਸਿੰਘ ਕਾਹਲੋਂ
ਸੁਖਮਿੰਦਰ ਭੰਗੂ
ਲੁਧਿਆਣਾ, 29 ਨਵੰਬਰ 2026
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ (ਸੀ.ਏ.ਪੀ.) ਵੱਲੋਂ ਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਧਨਾਂਸ਼ੂ ਸਾਈਕਲ ਵੈਲੀ, ਸਰਕਾਰੀ ਪ੍ਰਾਇਮਰੀ ਸਕੂਲ, ਰਾਮਗੜ੍ਹ, ਲੁਧਿਆਣਾ ਨੇੜੇ ਸਫਲਤਾਪੂਰਵਕ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਪਹੁੰਚੇ ਸਾਈਕਲਿਸਟਾਂ ਨੇ ਵੱਖ-ਵੱਖ ਉਮਰ ਵਰਗਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ, ਸਹਿਣਸ਼ੀਲਤਾ ਅਤੇ ਤੇਜ਼ ਰਫ਼ਤਾਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਈਕਲਿੰਗ ਮੁਕਾਬਲਿਆਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਚੈਂਪੀਅਨਸ਼ਿਪ ਦੇ ਸੁਚੱਜੇ ਪ੍ਰਬੰਧਾਂ ਲਈ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਅਹੁਦੇਦਾਰਾਂ, ਤਕਨੀਕੀ ਅਧਿਕਾਰੀਆਂ, ਕੋਚਾਂ ਅਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਹਮੇਸ਼ਾ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸੂਬੇ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਨੂੰ ਢੁਕਵੀਂ ਸਿਖਲਾਈ, ਆਧੁਨਿਕ ਖੇਡ ਸਹੂਲਤਾਂ ਅਤੇ ਮੁਕਾਬਲੇਬਾਜ਼ੀ ਵਾਲੇ ਮੌਕੇ ਮੁਹੱਈਆ ਕਰਵਾ ਕੇ ਵੱਡੀਆਂ ਪ੍ਰਾਪਤੀਆਂ ਲਈ ਤਿਆਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਖਿਡਾਰੀਆਂ ਨੂੰ ਬਿਹਤਰ ਖੇਡ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਇੱਕ ਮੁਕਾਬਲੇਬਾਜ਼ੀ ਵਾਲੀ ਖੇਡ ਹੈ, ਸਗੋਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਵੀ ਬੇਹੱਦ ਲਾਹੇਵੰਦ ਹੈ।
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਪੰਜਾਬ ਦੇ ਹੋਣਹਾਰ ਸਾਈਕਲਿਸਟਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਪੇਸ਼ੇਵਰ ਤੇ ਮੁਕਾਬਲੇਬਾਜ਼ੀ ਵਾਲਾ ਮੰਚ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਪੰਜਾਬ ਵਿੱਚ ਰੋਡ ਸਾਈਕਲਿੰਗ ਦੇ ਸੁਨਹਿਰੇ ਭਵਿੱਖ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸੂਬੇ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਨਿਯਮਿਤ ਤੌਰ ’ਤੇ ਚੈਂਪੀਅਨਸ਼ਿਪਾਂ, ਪ੍ਰਤਿਭਾ ਖੋਜ ਪ੍ਰੋਗਰਾਮ ਅਤੇ ਸਿਖਲਾਈ ਕੈਂਪ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚੋਂ ਉੱਭਰਨ ਵਾਲੇ ਪ੍ਰਤਿਭਾਸ਼ਾਲੀ ਸਾਈਕਲਿਸਟ ਭਵਿੱਖ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਦੀ ਨੁਮਾਇੰਦਗੀ ਕਰਨਗੇ।
ਚੈਂਪੀਅਨਸ਼ਿਪ ਦੇ ਆਯੋਜਨ ਸਕੱਤਰ ਅਤੇ ਸੀਨੀਅਰ ਸਾਈਕਲਿੰਗ ਕੋਚ ਸਤਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਯੂਥ, ਸਬ-ਜੂਨੀਅਰ, ਜੂਨੀਅਰ, ਅੰਡਰ-23 ਅਤੇ ਐਲੀਟ ਵਰਗਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲੇ ਨਿਰਧਾਰਤ ਨਿਯਮਾਂ ਅਨੁਸਾਰ ਤਕਨੀਕੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਿਰਪੱਖ, ਸੁਚੱਜੇ ਅਤੇ ਪੇਸ਼ੇਵਰ ਢੰਗ ਨਾਲ ਕਰਵਾਏ ਗਏ। ਸਮੂਹ ਸਾਈਕਲਿਸਟਾਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਸਾਈਕਲਿਸਟਾਂ ਨੂੰ ਆਪਣੀ ਖੇਡ ਸਮਰੱਥਾ ਪਰਖਣ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਲਈ ਪ੍ਰੇਰਿਤ ਕਰਦੇ ਹਨ। ਚੈਂਪੀਅਨਸ਼ਿਪ ਦੌਰਾਨ ਰਜਿਸਟ੍ਰੇਸ਼ਨ, ਰੂਟ ਪ੍ਰਬੰਧਨ, ਤਕਨੀਕੀ ਨਿਗਰਾਨੀ, ਖਿਡਾਰੀਆਂ ਦੀ ਸੁਰੱਖਿਆ ਅਤੇ ਮੁਕਾਬਲਿਆਂ ਦੇ ਸੰਚਾਲਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਚੈਂਪੀਅਨਸ਼ਿਪ ਦੇ ਨਤੀਜਿਆਂ ਅਨੁਸਾਰ ਯੂਥ ਲੜਕਿਆਂ ਦੇ ਵਰਗ ਵਿੱਚ ਆਰਵਜੋਤ ਸਿੰਘ ਨੇ ਪਹਿਲਾ, ਪ੍ਰਭਨੂਰ ਸਿੰਘ ਨੇ ਦੂਜਾ ਅਤੇ ਸਾਹਿਬਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਯੂਥ ਲੜਕੀਆਂ ਦੇ ਵਰਗ ਵਿੱਚ ਅੰਸ਼ਮੀਤ ਛਾਬੜਾ ਪਹਿਲੇ, ਗਹਿਣਾ ਦੂਜੇ ਅਤੇ ਪਰੀ ਤੀਜੇ ਸਥਾਨ ’ਤੇ ਰਹੀ।
ਸਬ-ਜੂਨੀਅਰ ਲੜਕਿਆਂ ਦੇ ਵਰਗ ਵਿੱਚ ਏਕਮਜੀਤ ਸਿੰਘ ਸ਼ਾਹੀ ਨੇ ਪਹਿਲਾ, ਸ਼ਸ਼ੀ ਬੀਰ ਰੱਤੀ ਨੇ ਦੂਜਾ ਅਤੇ ਵਿਸ਼ਵਜੀਤ ਸਿੰਘ ਪੰਨੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ-ਜੂਨੀਅਰ ਲੜਕੀਆਂ ਦੇ ਵਰਗ ਵਿੱਚ ਸ਼ਾਨ ਕੌਰ ਗਰੇਵਾਲ ਨੇ ਪਹਿਲਾ, ਅੰਸ਼ਿਕਾ ਨੇ ਦੂਜਾ ਅਤੇ ਪ੍ਰੀਤੀ ਸ਼ਾਹ ਨੇ ਤੀਜਾ ਸਥਾਨ ਹਾਸਲ ਕੀਤਾ।
ਜੂਨੀਅਰ ਪੁਰਸ਼ਾਂ ਦੇ ਵਰਗ ਵਿੱਚ ਧਰੁਵ ਕੁਸ਼ਲ ਪਹਿਲੇ, ਗੁਰਤਰਨ ਸਿੰਘ ਦੂਜੇ ਅਤੇ ਨਿਖਿਲ ਕੁਮਾਰ ਤੀਜੇ ਸਥਾਨ ’ਤੇ ਰਹੇ। ਜੂਨੀਅਰ ਮਹਿਲਾਵਾਂ ਦੇ ਵਰਗ ਵਿੱਚ ਤਰਨਵੀਰ ਕੌਰ ਨੇ ਪਹਿਲਾ, ਭਵਨੀਤ ਕੌਰ ਨੇ ਦੂਜਾ ਅਤੇ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੀਨੀਅਰ ਪੁਰਸ਼ਾਂ ਦੇ ਐਲੀਟ ਵਰਗ ਵਿੱਚ ਹਰਸ਼ਵੀਰ ਸਿੰਘ ਸੇਖੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਿਮਰਨਜੀਤ ਸਿੰਘ ਦੂਜੇ ਅਤੇ ਮਨਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-23 ਪੁਰਸ਼ਾਂ ਦੇ ਵਰਗ ਵਿੱਚ ਅਨਵ ਪੁਰੀ ਨੇ ਪਹਿਲਾ, ਈਸ਼ਵੀਰ ਸਿੰਘ ਨੇ ਦੂਜਾ ਅਤੇ ਖੁਸ਼ਲ ਆਰੀਆ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਦੇ ਨਾਲ-ਨਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲਾ ਹਰੇਕ ਸਾਈਕਲਿਸਟ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਖਿਡਾਰੀਆਂ ਨੂੰ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਚੈਂਪੀਅਨਸ਼ਿਪ ਦੇ ਸਫਲ ਆਯੋਜਨ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਿਯੁਕਤ ਅਜਰਬਰ ਗੌਰਵ ਸ਼ੁਕਲਾ, ਕੋਚ ਸੁਖਪਾਲ ਕੌਰ, ਤਕਨੀਕੀ ਅਧਿਕਾਰੀ ਅਤੇ ਕੋਚ ਰਾਜੇਸ਼ ਕੌਸ਼ਿਕ ਤੋਂ ਇਲਾਵਾ ਜਸਪਾਲ ਸਿੰਘ, ਸਤਬੀਰ ਸਿੰਘ ਅਤੇ ਗੁਰਬਾਜ਼ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਖ਼ਜ਼ਾਨਚੀ ਬੀ.ਐੱਸ. ਸੂਦਨ, ਮੀਤ ਪ੍ਰਧਾਨ ਐੱਸ.ਪੀ. ਸਿੰਘ, ਜਸਦੇਵ ਸਿੰਘ ਸੇਖੋਂ, ਅਸਿਸਟੈਂਟ ਕਮਿਸ਼ਨਰ, ਐੱਮ.ਸੀ.ਐੱਲ.; ਰਾਜੇਸ਼ ਕੁਮਾਰ ਬਿੱਟੂ, ਬ੍ਰਿਜ ਅਸ਼ੋਕ ਅਰੋੜਾ, ਜਗਦੀਸ਼ ਸਿੰਘ ਗਗੜ੍ਹਪੁਰ, ਜਸਵੀਰ ਸਿੰਘ ਘੁੰਮਾਣ, ਦਵਿੰਦਰ ਸਿੰਘ ਚੰਗੜ, ਐੱਮ.ਡੀ., ਕ੍ਰਿਸਟਲ ਕੰਪਨੀ; ਹਰਜੈਗੰਭੀਰ, ਐੱਮ.ਡੀ., ਬਾਲਕਿੰਗਜ਼ ਅਤੇ ਹਰਗੁਣ ਕਾਇਨੈਟਿਕਸ; ਗੁਰਸ਼ਰਨ ਸਿੰਘ, ਐੱਮ.ਡੀ., ਕ੍ਰਿਸਟਲ; ਸੁਨੀਲ ਸ਼ਰਮਾ, ਪ੍ਰਧਾਨ, ਲਾਇਨਜ਼ ਕਲੱਬ ਲੁਧਿਆਣਾ ਅਤੇ ਬਲਜੀਤ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਲੁਧਿਆਣਾ, ਡਾ ਰੀਤੂ ਬਾਲਾ, ਪਰਮਿੰਦਰਜੀਤ ਸਿੰਘ, ਜਸਦੀਪ ਸਿੰਘ ਸੰਧੂ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ, ਤਕਨੀਕੀ ਅਧਿਕਾਰੀ, ਕੋਚ, ਖਿਡਾਰੀ, ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
- Download Babushahi App
-
-