ਪੰਜਾਬ ਦੇ ਹਿੱਤਾਂ ਦੀ ਲਈ ਸਮੂਹ ਪੰਥਕ ਤਾਕਤਾਂ ਨੂੰ ਇੱਕਜੁੱਟ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ:ਅਜੇ ਪਾਲ ਸਿੰਘ ਬਰਾੜ
ਮਿਸਲ ਸਤਲੁਜ ਪਾਰਟੀ
ਖਾਲੜਾ ਕਾਂਡ ਦੇ ਦੋਸ਼ੀ ਲਈ ਸਜ਼ਾ ਮਾਫ਼ੀ ਦੀ ਸਿਫ਼ਾਰਸ਼ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ: ਅਜੇ ਪਾਲ ਸਿੰਘ ਬਰਾੜ
ਮੌਹਾਲੀ 9 ਜੁਲਾਈ,2026
ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਅੱਜ ਇੱਕ ਬਿਆਨ ਵਿੱਚ ਐਲਾਨ ਕੀਤਾ ਕਿ ਪੰਜਾਬ ਦੇ ਰਾਜਨੀਤਿਕ ਅਤੇ ਪੰਥਕ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਮਿਸਲ ਸਤਲੁਜ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਹੰਗਾਮੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਉਚ ਅਧਿਕਾਰ ਕਮੇਟੀ ਪੰਜਾਬ ਦੀਆਂ ਸਮੂਹ ਪੰਥਕ, ਕੌਮੀ ਅਤੇ ਪੰਜਾਬ ਪੱਖੀ ਰਾਜਨੀਤਿਕ ਧਿਰਾਂ ਨਾਲ ਸੰਪਰਕ ਕਰਕੇ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਵੱਡਾ ਪੰਥਕ ਮਹਾਂ ਗਠਜੋੜ ਬਣਾਉਣ ਦੀ ਦਿਸ਼ਾ ਵਿੱਚ ਉਪਰਾਲਾ ਕਰੇਗੀ।
ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਅੱਜ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਜਿੱਥੇ ਨਿੱਜੀ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਹਿੱਤਾਂ ਲਈ ਇੱਕ ਸਾਂਝੇ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂ ਗਠਜੋੜ ਦਾ ਇੱਕੋ-ਇੱਕ ਮੰਤਵ ਪੰਜਾਬ ਦੇ ਸੰਵਿਧਾਨਕ, ਆਰਥਿਕ, ਸੱਭਿਆਚਾਰਕ ਅਤੇ ਧਾਰਮਿਕ ਹੱਕਾਂ ਦੀ ਰੱਖਿਆ ਕਰਨਾ ਅਤੇ ਵਿਧਾਨ ਸਭਾ ਅੰਦਰ ਪੰਜਾਬ ਦੀ ਮਜ਼ਬੂਤ ਅਤੇ ਇਕ ਵੱਡਮੁਲੀ ਆਵਾਜ਼ ਬਣਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮੀ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਤਾਕਤਾਂ ਨੇ ਦਹਾਕਿਆਂ ਤੋਂ ਪੰਜਾਬ ਨਾਲ ਵਿਤਕਰਾ ਕੀਤਾ, ਉਸ ਦੇ ਨਤੀਜੇ ਵਜੋਂ ਅੱਜ ਪੰਜਾਬ ਸੂਬਾ ਆਰਥਿਕ, ਸਮਾਜਿਕ ਅਤੇ ਨੌਜਵਾਨੀ ਦੇ ਪੱਧਰ 'ਤੇ ਅਣ ਗਣਿਤ ਸਮਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਦੀ ਚੋਣ ਪੰਜਾਬ ਦੇ ਭਵਿੱਖ ਦਾ ਫੈਸਲਾ ਕਰੇਗੀ ਅਤੇ ਪੰਜਾਬ ਪੱਖੀ ਤਾਕਤਾਂ ਨੂੰ ਵੰਡ ਦੀ ਬਜਾਏ ਏਕਤਾ ਦਾ ਰਾਹ ਅਪਣਾਉਣਾ ਹੋਵੇਗਾ।
ਸਰਦਾਰ ਅਜੇ ਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਾਂਡ ਵਿੱਚ ਸਜ਼ਾਯਾਫ਼ਤਾ ਪੁਲਿਸ ਅਧਿਕਾਰੀ ਦੀ ਸਜ਼ਾ ਮਾਫ਼ੀ ਲਈ ਕੀਤੀ ਗਈ ਸਿਫ਼ਾਰਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਉਪਰਾਲੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਣ ਵਾਲਾ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਅਦਾਲਤ ਨੇ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਠਹਿਰਾ ਕੇ ਸਜ਼ਾ ਦਿੱਤੀ ਹੋਵੇ, ਉਸ ਲਈ ਸਜ਼ਾ ਮਾਫ਼ੀ ਦੀ ਸਿਫ਼ਾਰਸ਼ ਕਰਨਾ ਨਿਆਂ ਪ੍ਰਣਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਭਾਵਨਾ ਦੇ ਵੀ ਉਲਟ ਹੈ।
ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਹਜ਼ਾਰਾਂ ਨਿਰਦੋਸ਼ ਪੰਜਾਬੀਆਂ ਦੇ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਗੁੰਮਸ਼ੁਦਗੀਆਂ ਨੂੰ ਸੰਸਾਰ ਭਰ ਦੇ ਸਾਹਮਣੇ ਲਿਆਉਣ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਅਜਿਹੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਪ੍ਰਤੀ ਹਮਦਰਦੀ ਦਿਖਾਉਣਾ ਸ਼ਹੀਦਾਂ ਦੀ ਯਾਦ ਅਤੇ ਇਨਸਾਫ਼ ਦੀ ਲੜਾਈ ਦਾ ਅਪਮਾਨ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਇਹ ਹੋਰ ਵੀ ਦੁਖਦਾਈ ਗੱਲ ਹੈ ਕਿ ਇੱਕ ਪਾਸੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਮਾਮਲਿਆਂ ਵਿੱਚ ਸਿੱਖ ਕੈਦੀਆਂ ਨੂੰ ਕਾਨੂੰਨੀ ਰਾਹਤ ਦੇਣ ਦਾ ਵਿਰੋਧ ਕੀਤਾ ਜਾਂਦਾ ਰਿਹਾ, ਜਦਕਿ ਦੂਜੇ ਪਾਸੇ ਸਜ਼ਾਯਾਫ਼ਤਾ ਪੁਲਿਸ ਅਧਿਕਾਰੀ ਲਈ ਮਾਫ਼ੀ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਹ ਦੋਹਰੇ ਮਾਪਦੰਡ ਪੰਜਾਬ ਸਰਕਾਰ ਤੇ ਕਈ ਸਵਾਲ ਖੜ੍ਹੇ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਸਿੱਖ ਕੌਮ ਅਜਿਹੇ ਹਰ ਉਪਰਾਲੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਜੋ ਸ਼ਹੀਦਾਂ ਦੀ ਕੁਰਬਾਨੀ, ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਦੇ ਸਿਧਾਂਤਾਂ ਨਾਲ ਸਮਝੌਤਾ ਕਰਦਾ ਹੋਵੇ। ਮਿਸਲ ਸਤਲੁਜ ਪੰਜਾਬ ਦੇ ਹੱਕਾਂ, ਪੰਥ ਦੀ ਸ਼ਾਨ ਅਤੇ ਇਨਸਾਫ਼ ਦੀ ਰੱਖਿਆ ਲਈ ਹਰ ਲੋਕਤੰਤਰੀ ਅਤੇ ਸੰਵਿਧਾਨਕ ਸੰਘਰਸ਼ ਜਾਰੀ ਰੱਖੇਗੀ
- Download Babushahi App
-
-