ਪੰਜਾਬ ਦੇ ਲੋਕ ਕਾਂਗਰਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ- ਨਿਤਿਨ ਨਬੀਨ
ਜਲੰਧਰ, 18 ਨਵੰਬਰ 2026- ਜਲੰਧਰ ਰੈਲੀ ਵਿੱਚ ਆਪਣੇ ਸੰਬੋਧਨ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਆਗੂ ਪੰਜਾਬ ਵਿੱਚ ਮੁੜ ਤੋਂ ਆਪਣੀ ਜ਼ਮੀਨ ਤਲਾਸ਼ਣ ਜਾਂ ਵਾਪਸੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਤਾਂ ਸਾਨੂੰ ਕਾਂਗਰਸ ਦੇ ਪੁਰਾਣੇ ਰਿਕਾਰਡ 'ਤੇ ਵੀ ਜ਼ਰੂਰ ਨਜ਼ਰ ਮਾਰਨੀ ਚਾਹੀਦੀ ਹੈ।
ਉਨ੍ਹਾਂ ਦੋਸ਼ ਲਗਾਇਆ, "ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਸੂਬੇ ਦੀ ਖ਼ੁਸ਼ਹਾਲੀ ਤੇ ਤਰੱਕੀ ਵਿੱਚ ਸਭ ਤੋਂ ਵੱਧ ਅੜਿੱਕੇ ਡਾਹੇ ਹਨ। ਇਸ ਤੋਂ ਇਲਾਵਾ, ਅੱਜ ਕਾਂਗਰਸ ਪਾਰਟੀ ਦੇ ਅੰਦਰ ਜੋ ਆਪਸੀ ਖਾਨਾਜੰਗੀ ਅਤੇ ਕਲੇਸ਼ ਚੱਲ ਰਿਹਾ ਹੈ, ਉਸ ਨੂੰ ਦੇਖਦਿਆਂ ਇਹ ਪੂਰੀ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਆਪਣੇ ਹੀ ਅੰਦਰੂਨੀ ਝਗੜਿਆਂ ਕਾਰਨ ਖ਼ਤਮ ਹੋ ਜਾਵੇਗੀ।"
ਸੰਵਿਧਾਨ ਅਤੇ ਲੋਕਤੰਤਰ ਦੇ ਮੁੱਦੇ 'ਤੇ ਕਾਂਗਰਸ ਨੂੰ ਘੇਰਦਿਆਂ ਉਨ੍ਹਾਂ ਕਿਹਾ, "ਇਸ ਦੇਸ਼ ਵਿੱਚ ਅੱਜ ਕਾਂਗਰਸ ਦੇ ਆਗੂ 'ਲੋਕਤੰਤਰ' ਅਤੇ 'ਸੰਵਿਧਾਨ' ਨੂੰ ਬਚਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਦੇਸ਼ ਵਿੱਚ ਸੰਵਿਧਾਨ ਦੇ ਪੰਨੇ ਕਿਸ ਨੇ ਪਾੜੇ ਸਨ? ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਕਤਲ ਕਿਸ ਨੇ ਕੀਤਾ ਸੀ? ਉਹ ਕਾਂਗਰਸ ਪਾਰਟੀ ਹੀ ਸੀ। ਪੰਜਾਬ ਦੇ ਲੋਕਾਂ ਬਾਰੇ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਕਦੇ ਵੀ ਕਾਂਗਰਸ ਨੂੰ ਮੁਆਫ਼ ਨਹੀਂ ਕਰਨਗੇ।"
ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਅਤੇ ਉਨ੍ਹਾਂ ਦੇ ਬਿਆਨਾਂ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਨਿਤਿਨ ਨਵੀਨ ਨੇ ਕਿਹਾ ਕਿ ਹਾਲ ਹੀ ਵਿੱਚ ਅਸੀਂ ਦੇਖਿਆ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਦੌਰੇ 'ਤੇ ਭਾਰਤ ਦਾ ਮਾਣ ਵਧਾ ਰਹੇ ਸਨ, ਤਾਂ ਉਸੇ ਸਮੇਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਦੇਸ਼ੀ ਧਰਤੀ 'ਤੇ ਜਾ ਕੇ ਭਾਰਤ ਅਤੇ ਭਾਰਤ ਦੇ ਲੋਕਾਂ ਦਾ ਅਪਮਾਨ ਕਰ ਰਹੇ ਸਨ। ਉਨ੍ਹਾਂ ਕਿਹਾ, "ਚਾਹੇ ਤੁਸੀਂ ਕੋਲੰਬੀਆ ਯੂਨੀਵਰਸਿਟੀ ਜਾਓ ਜਾਂ ਕਿਸੇ ਹੋਰ ਵਿਦੇਸ਼ੀ ਸੰਸਥਾ ਵਿੱਚ, ਤੁਹਾਡੇ ਆਪਣੇ ਸ਼ਬਦਾਂ ਤੋਂ ਹੀ ਤੁਹਾਡਾ ਅਸਲੀ ਇਰਾਦਾ ਅਤੇ ਦੇਸ਼ ਵਿਰੋਧੀ ਮਾਨਸਿਕਤਾ ਪੂਰੀ ਤਰ੍ਹਾਂ ਸਾਹਮਣੇ ਆ ਜਾਂਦੀ ਹੈ।"
- Download Babushahi App
-
-