ਪ੍ਰਿੰਸੀਪਲ ਡਾ. ਰੁਲੀਆਂ ਸਿੰਘ ਸਿੱਧੂ ਨਹੀਂ ਰਹੇ
ਪੰਜਗਰਾਈਂ ਕਲਾਂ, 7ਜੂਨ (ਸੁਖਜਿੰਦਰ ਸਿੰਘ ਪੰਜਗਰਾਈਂ): ਸਥਾਨਕ ਪਿੰਡ ਦੇ ਜੰਮਪਲ ਸਾਹਿਤਕ ਅਤੇ ਅਕਾਦਮਿਕ ਖੇਤਰ ਦੀ ਨਾਮਵਾਰ ਸ਼ਖਸੀਅਤ ਪ੍ਰਿੰਸੀਪਲ ਡਾ. ਰੁਲੀਆਂ ਸਿੰਘ ਸਿੱਧੂ ਨਹੀਂ ਰਹੇ। ਡਾਕਟਰ ਰੁਲੀਆ ਸਿੰਘ ਸਿੱਧੂ ਨੇ ਜਿਥੇ ਪੰਜਾਬੀ ਦੇ ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਪੰਜਾਬੀ ਸਾਹਿਤ ਵਿੱਚ ਯੋਗਦਾਨ ਉੱਪਰ ਪੀ.ਐਚ.ਡੀ ਕਰਕੇ ਡਾਕਟਰ ਦੀ ਉਪਾਧੀ ਹਾਸਿਲ ਕੀਤੀ ਉਥੇ ਉਹਨਾਂ ਨੇ ਆਪਣੇ ਸਾਹਿਤਕ ਖੇਤਰ ਨੂੰ ਮੋਕਲਾ ਕਰਦਿਆਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਦੋ ਨਾਵਲ 'ਘੁੰਮਣਘੇਰੀ' ਅਤੇ 'ਮੱਸਿਆ' ਪਾਏ। ਇਸ ਤੋਂ ਇਲਾਵਾ ਉਨ੍ਹਾਂ ਗੁਰਬਾਣੀ ਸਾਹਿਤ ਉੱਪਰ ਆਪਣੀ ਕਲਮ ਅਜ਼ਮਾਈ ਕਰਦਿਆਂ 'ਸ੍ਰੀ ਜਪੁਜੀ ਸਾਹਿਬ' ਦੀ ਸਰਲ ਵਿਚਾਰ ਦੇ ਪਰਚੇ ਛਪਵਾ ਕੇ ਗੁਰੂ ਘਰਾਂ ਅਤੇ ਆਮ ਲੋਕਾਂ ਵਿੱਚ ਵੰਡੇ ਤਾਂ ਜੋ ਉਨ੍ਹਾਂ ਨੂੰ ਗੁਰਬਾਣੀ ਦੇ ਅਸਲ ਮਨੋਰਥ ਤੋਂ ਜਾਣੂ ਕਰਵਾਇਆ ਜਾ ਸਕੇ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਵੱਡੇ ਪੁੱਤਰ ਨਵਜੋਤ ਸਿੰਘ ਸਿੱਧੂ ਨਾਲ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਉੱਥੇ ਹੀ ਉਨ੍ਹਾਂ ਨੇ ਆਪਣੇ ਅੰਤਿਮ ਸਵਾਸ ਲਏ। ਉਨ੍ਹਾਂ ਦੇ ਤੁਰ ਜਾਣ ਨਾਲ ਪਿੰਡ ਪੰਜਗਰਾਈਂ ਕਲਾਂ ਸਮੇਤ ਸਾਹਿਤਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਨਿਊਜ਼ੀਲੈਂਡ ਵਿਖੇ ਹੀ ਕੀਤਾ ਜਾਣਾ ਹੈ।
- Download Babushahi App
-
-