ਪੁਲਿਸ ਪੈਨਸ਼ਨਰ ਐਸੋਸੀਏਸ਼ਨ ਮਾਨਸਾ ਨੇ ਪੈਨਸ਼ਨਰ ਦਫਤਰ ਵਿਖੇ ਸ਼ਹੀਦੀ ਦਿਵਸ ਮਨਾਇਆ
ਅਸ਼ੋਕ ਵਰਮਾ
ਮਾਨਸਾ, 22 ਅਕਤੂਬਰ 2026 ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਦੇਸ਼ ਦੀਆ ਪੁਲਿਸ/ਫੋਰਸਾਂ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆ ਪੈਨਸ਼ਨਰ ਦਫਤਰ ਵਿਖੇ ਪਿਛਲੇ ਦਿਨੀ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਦੱਸਿਆ ਕਿ ਦੇਸ਼ ਦੀ ਏਕਤਾ,ਅਖੰਡਤਾ ਤੇ ਅਮਨ-ਸ਼ਾਤੀ ਬਣਾਏ ਰੱਖਣ ਲਈ ਦੇਸ਼ ਦੀਆ ਪੁਲਿਸ/ਫੋਰਸਾਂ ਦੇ ਜਿਹਨਾਂ ਯੋਧਿਆਂ ਨੇ ਡਿਊਟੀ ਦੌਰਾਨ ਆਪਣੀਆ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆ ਹਨ, ਅੱਜ ਪੂਰਾ ਦੇਸ਼ ਉਹਨਾਂ ਸੂਰਬੀਰ ਬਹਾਦਰਾ ਦੀਆ ਸ਼ਹਾਦਤਾ ਨੂੰ ਸਿਜਦਾ ਕਰ ਰਿਹਾ ਹੈ। ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀ ਵੀ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰੀਏ।
ਸ਼ਹੀਦਾਂ ਦੀ ਯਾਦ ਵਿੱਚ ਸੰਸਥਾ ਵਿੱਚ ਹਾਜ਼ਰ ਪੈਨਸ਼ਨਰਾਂ ਵੱਲੋਂ ਪਹਿਲਾਂ ਖੜੇ ਹੋ ਕੇ 2 ਮਿੰਟ ਦਾ ਮੋਨ ਧਾਰਿਆ ਗਿਆ। ਫਿਰ ਇਕੱਲੇ ਇਕੱਲੇ ਪੈਨਸ਼ਨਰ ਨੇ ਅੱਤਵਾਦ ਦੌਰਾਨ ਜਿ਼ਿਲ੍ਹਾ ਮਾਨਸਾ ਦੇ 33 ਸ਼ਹੀਦਾਂ ਦੀ ਫੋਟੋ 'ਤੇ ਫੁੱਲ ਭੇਂਟ ਕਰਕੇ ਸਲੂਟ ਦੇ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਨੇ ਬੋਲਦਿਆਂ ਦੱਸਿਆ ਕਿ ਸ਼ਹੀਦ, ਦੇਸ਼ ਦਾ ਸਰਮਾਇਆ ਹਨ। ਜਿਹਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹਰ ਤਿੰਨ ਮਹੀਨਿਆਂ ਬਾਅਦ ਸ਼ਹੀਦ ਪੁਲਿਸ ਪਰਿਵਾਰਾਂ ਨਾਲ ਮੀਟਿੰਗ ਕੀਤੀ ਜਾਇਆ ਕਰੇ। ਉਹਨਾਂ ਦੇ ਕੰਮਕਾਜ ਅਤੇ ਦੁੱਖ ਤਕਲੀਫਾਂ ਨੂੰ ਪਹਿਲ ਦੇ ਆਧਾਰ 'ਤੇ ਸੁਣਿਆ ਜਾਇਆ ਕਰੇ ਅਤੇ ਉਹਨਾਂ ਦੀਆ ਯੋਗ ਮੰਗਾਂ ਦੀ ਪੂਰਤੀ ਕਰਕੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਮੁਹੱਈਆ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਗਈ।
- Download Babushahi App
-
-