ਪਿੰਡ ਬੋਜਾ ਅਤੇ ਮਾੜੀ ਬੁੱਚੀਆਂ ਵਿਖੇ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ
ਰੋਹਿਤ ਗੁਪਤਾ
ਸ਼੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ 10 ਅਕਤੂਬਰ
ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼੍ਰੀ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਤੇ ਉਪ ਮੰਡਲ ਮੈਜਿਸਟਰੇਟ ਬਟਾਲਾ ਵਿਕਰਮਜੀਤ ਸਿੰਘ ਦੇ ਹੁਕਮਾਂ ਅਤੇ ਡਿਪਟੀ ਡਾਇਰੈਕਟਰ ਡਾ ਸ਼ਾਹਬਾਜ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡਾਂ ਬੋਹਜਾ ਅਤੇ ਮਾੜੀ ਬੁੱਚੀਆਂ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ।
ਕੈਂਪ ਵਿੱਚ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਘੁਮਾਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੀ ਸੁਚੱਜੀ ਵਰਤੋ ਕਰਦੇ ਹੋਏ ਸਬਸਿਡੀ ਦੇ ਉਪਲਬਧ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਕਰਨ। ਉਨਾਂ ਨੇ ਕਿਹਾ ਕਿ ਕਿਸਾਨ ਆਪਣਾ ਝੋਨਾ ਐਸਐਮਐਸ ਲੱਗੇ ਕੰਬਾਈਨ ਹਾਰਵੈਸਟਰਾਂ ਤੋਂ ਕਟਵਾਉਣ ਤਾਂ ਜੋ ਮਸ਼ੀਨਰੀ ਦੀ ਸਹੀ ਵਰਤੋਂ ਕੀਤੀ ਜਾ ਸਕੇ। ਕੈਂਪ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵਿਭਾਗ ਵੱਲੋਂ ਚੱਲ ਰਹੀ ਇਸ ਮੁਹਿੰਮ ਵਿੱਚ ਸਾਡਾ ਸਾਥ ਦੇ ਕੇ ਹਵਾ ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਨਾਲ ਹੀ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਕੈਂਪ ਦੌਰਾਨ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਪੱਕਿਆ ਹੋਇਆ ਝੋਨਾ ਹੀ ਵਢਾ ਤੇ ਮੰਡੀਆਂ ਵਿੱਚ ਲੈ ਕੇ ਜਾਣ ਕਿਉਂਕਿ ਨਮੀ ਜਿਆਦਾ ਹੋਣ ਕਾਰਨ ਮੰਡੀਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ।
ਕੈਂਪ ਵਿੱਚ ਗੁਰਸੇਵਕ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਮਿੱਟੀ ਵਿੱਚ ਹੀ ਵਾਹ ਕੇ ਉਸ ਦੀ ਉਪਜਾਊ ਸ਼ਕਤੀ ਵਧਾਉਣ।
ਕੈਂਪ ਵਿੱਚ ਜਗਸੀਰ ਸਿੰਘ ਫੀਡਬੈਕ ਫਾਊਂਡੇਸ਼ਨ ਟਰਸਟ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋ ਕਰਨ ਲਈ ਕਿਹਾ ਅਤੇ ਉਸ ਦੇ ਢੁਕਵੇ ਹੱਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸ਼ੁਭਪ੍ਰੀਤ ਸਿੰਘ, ਮੱਸਾ ਸਿੰਘ, ਸਹਿਜਪ੍ਰੀਤ ਸਿੰਘ, ਗੁਰਪਾਲ ਸਿੰਘ, ਜਗਤਾਰ ਸਿੰਘ ਅਗਾਹ ਵਧੂ ਕਿਸਾਨ, ਜਸਵੰਤ ਸਿੰਘ, ਆਦਿ ਹਾਜ਼ਰ ਹੋਏ।