ਪਿੰਡ ਇਰਾਕ ’ਚ ਅਵਾਰਾ ਕੁੱਤਿਆਂ ਨੇ 5 ਜਣਿਆਂ ਨੂੰ ਵੱਢਿਆ
ਪਰਮਿੰਦਰ ਵਰਮਾ
ਮਾਛੀਵਾੜਾ 3 ਸਤੰਬਰ, 2026 : ਮਾਛੀਵਾੜਾ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਨੇੜਲੇ ਪਿੰਡ ਇਰਾਕ ਵਿੱਚ ਇਨ੍ਹਾਂ ਖੂੰਖਾਰ ਕੁੱਤਿਆਂ ਨੇ ਇੱਕ ਹੀ ਦਿਨ ਵਿੱਚ 5 ਵਿਅਕਤੀਆਂ ਨੂੰ ਵੱਢ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿੱਚ ਇੱਕ 3 ਸਾਲਾ ਮਾਸੂਮ ਬੱਚਾ ਅਤੇ ਉਸ ਦੀ ਮਾਂ ਵੀ ਸ਼ਾਮਲ ਹਨ।
ਮਿਲੀਆਂ ਰਿਪੋਰਟਾਂ ਅਨੁਸਾਰ 3 ਸਾਲਾ ਮਾਸੂਮ ਬੱਚਾ ਅਮਨ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ, ਜਦੋਂ ਇੱਕ ਅਵਾਰਾ ਕੁੱਤੇ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਕੁੱਤਾ ਬੱਚੇ ਦੇ ਸਿਰ ਨੂੰ ਬੁਰੀ ਤਰ੍ਹਾਂ ਨੋਚਣ ਲੱਗਾ। ਬੱਚੇ ਦਾ ਰੌਲਾ ਸੁਣ ਕੇ ਜਦੋਂ ਉਸ ਦੀ ਮਾਂ ਮਮਤਾ ਉਸ ਨੂੰ ਬਚਾਉਣ ਲਈ ਬਾਹਰ ਆਈ, ਤਾਂ ਕੁੱਤੇ ਨੇ ਉਸ 'ਤੇ ਵੀ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਤੁਰੰਤ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਸ ਤੋਂ ਇਲਾਵਾ, ਪਿੰਡ ਦੀ ਹੀ ਇੱਕ ਲੜਕੀ ਹਿਨਾ, ਨੈਣ ਕੁਮਾਰ (15) ਅਤੇ ਅਭੈ ਕੁਮਾਰ (35) ਵੀ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ। ਮਾਛੀਵਾੜਾ ਹਸਪਤਾਲ ਦੀ ਸਟਾਫ਼ ਨਰਸ ਹਰਮਿੰਦਰ ਕੌਰ ਨੇ ਦੱਸਿਆ ਕਿ ਸਵੇਰ ਤੋਂ ਪਿੰਡ ਇਰਾਕ ਤੋਂ ਕੁੱਤਿਆਂ ਦੇ ਵੱਢਣ ਦੇ 5 ਮਾਮਲੇ ਆਏ ਹਨ, ਜਿਨ੍ਹਾਂ ਵਿੱਚੋਂ 2 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਹੋਰ ਵੀ ਕਈ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ, ਜਿਨ੍ਹਾਂ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ। ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਵਿੱਚੋਂ ਕਈ ਕੁੱਤੇ ਹਲਕਾਅ ਦੇ ਸ਼ਿਕਾਰ (ਹਲਕੇ) ਜਾਪਦੇ ਹਨ। ਖੇਤਰ ਵਿੱਚ ਵਧਦੇ ਖ਼ਤਰੇ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ।
- Download Babushahi App
-
-