ਟਿੱਪਰਾਂ ਦੇ ਕਹਿਰ ਤੋਂ ਦੁਖੀ ਲੋਕ DC ਨੂੰ ਮਿਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜੁਲਾਈ 2026- ਅੱਜ ਨਵਾਂਸ਼ਹਿਰ ਇਲਾਕੇ ਦੀਆਂ ਪੰਚਾਇਤਾਂ ਅਤੇ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਕੇ ਓਵਰ ਲੋਡਿੰਗ ਅਤੇ ਤੂਫ਼ਾਨੀ ਵੇਗ ਨਾਲ ਹਾਦਸਿਆਂ ਦਾ ਕਾਰਨ ਬਣਦੇ ਟਿੱਪਰਾਂ ' ਤੇ ਲਗਾਮ ਕੱਸਣ ਦੀ ਮੰਗ ਕੀਤੀ ਹੈ।ਇਸ ਸਬੰਧੀ ਵਫ਼ਦ ਨੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਲਿਖਿਆ ਕਿ ਟਿੱਪਰ ਮਾਲਕਾਂ ਦੇ ਮੁਨਾਫੇ ਦੀ ਦੌੜ ਅਤੇ ਟਿੱਪਰ ਚਾਲਕਾਂ ਦੀ ਬੇਲਗਾਮ ਡਰਾਈਵਿੰਗ ਰੋਜ ਹੀ ਭਿਆਨਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੂਪਿੰਦਰ ਸਿੰਘ ਵੜੈਚ,ਸ਼ਹਾਬ ਪੁਰ ਦੇ ਸਰਪੰਚ ਸ਼ਲਿੰਦਰ ਸਿੰਘ, ਕਮਲੇਸ਼ ਰਾਣੀ ਸਰਪੰਚ ਅਸਮਾਨ ਪੁਰ, ਰਘਵੀਰ ਸਿੰਘ ਸਾਬਕਾ ਸਰਪੰਚ ਅਸਮਾਨ ਪੁਰ, ਸੋਇਤਾ ਦੇ ਸਰਪੰਚ ਜਸਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀ,ਨੌਜਵਾਨ,ਔਰਤਾਂ, ਕਿਸਾਨ ਅਤੇ ਮਜ਼ਦੂਰ ਆਦਿ ਇਹਨਾਂ ਇਹਨਾਂ ਹਾਦਸਿਆਂ ਦੀ ਜੱਦ ਵਿੱਚ ਆ ਰਹੇ ਹਨ।ਕਈ ਸਾਲ ਪਹਿਲਾਂ ਨੌਜਵਾਨ ਭਾਰਤ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਓਂਕਾਰ ਸਿੰਘ ਅਸਮਾਨਪੁਰ ਦੀ ਰਾਹੋਂ - ਜਾਡਲਾ ਸੜਕ ਉੱਤੇ ਟਿੱਪਰ ਦੀ ਟੱਕਰ ਨਾਲ ਮੌਤ ਹੋ ਗਈ ਸੀ।ਸੁਖਵਿੰਦਰ ਸਿੰਘ ਅਤੇ ਸਿਮਰਪ੍ਰੀਤ ਕੌਰ ਦੀਆਂ ਮੌਤਾਂ ਵੀ ਟਿੱਪਰਾਂ ਦੀਆਂ ਟੱਕਰਾਂ ਨਾਲ ਹੋਈਆਂ।
ਇਹਨਾਂ ਤੋਂ ਬਗ਼ੈਰ ਬਹੁਤ ਸਾਰੇ ਲੋਕ ਇਹਨਾਂ ਟਿੱਪਰਾਂ ਨੇ ਗੰਭੀਰ ਫੱਟੜ ਵੀ ਕੀਤੇ ਜਿਹਨਾਂ ਵਿੱਚੋਂ ਕਈ ਉਮਰ ਭਰ ਲਈ ਅਪਾਹਜ ਹੋ ਗਏ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਹਰ ਤੀਜੇ ਦਿਨ ਮਨਾਹੀ ਦੇ ਹੁਕਮ ਜਾਰੀ ਕਰ ਰਹੇ ਹਨ ਉਹਨਾਂ ਦੇ ਇਹ ਹੁਕਮ ਟਿੱਪਰ ਚਾਲਕ ਧੂੜ ਵਾਂਗਰ ਉਡਾ ਰਹੇ ਹਨ।ਨਾਜਾਇਜ਼ ਮਾਇਨਿੰਗ ਵੀ ਜਾਰੀ ਹੈ ਅਤੇ ਹਾਦਸਿਆਂ ਨੂੰ ਵੀ ਨੱਥ ਨਹੀਂ ਪਾਈ ਰਹੀ।ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਪੁਲਸ ਟਿੱਪਰਾਂ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਕਰਦੀ। ਇਸ ਮੌਕੇ ਨੰਬਰਦਾਰ ਅਮਰੀਕ ਸਿੰਘ ਉਸਮਾਨ ਪੁਰ, ਮਾਸਟਰ ਅਜੈਬ ਸਿੰਘ ਸਾਬਕਾ ਸਰਪੰਚ ਉਸਮਾਨ ਪੁਰ, ਬਲਵੀਰ ਸਿੰਘ ਨੰਬਰਦਾਰ ਉਸਮਾਨ ਪੁਰ ,ਕਸਮੀਰ ਸਿੰਘ ਸੈਕਟਰੀ , ਮੇਜਰ ਸਿੰਘ ਉਸਮਾਨ ਪੁਰ,ਪਰਮਜੀਤ ਸਿੰਘ ਸੰਘਾ ਸ਼ਹਾਬ ਪੁਰ, ਹਰਮਿੰਦਰ ਸਿੰਘ , ਬਲਵਿੰਦਰ ਸਿੰਘ, ਅਜੈਬ ਸਿੰਘ ਤਾਰਾ ਸਿੰਘ ਸਹਾਬ ਪੁਰ, ਅਵਤਾਰ ਸਿੰਘ ਤਾਰੀ, ਰਾਣਾ ਰਾਮਜੀ ਦਾਸ ਸਨਾਵਾ, ਮਹਿੰਦਰ ਸ਼ਹਾਬ ਪੁਰ ਵੀ ਮੌਜੂਦ ਸਨ।
- Download Babushahi App
-
-