Crime Special-ਸਾਈਬਰ ਠੱਗਾਂ ਦੀ ਸਰਦਾਰੀ ਬਠਿੰਡਾ ਪੁਲਿਸ ਦੀ ਲਾਚਾਰੀ ਪਈ ਲੋਕਾਂ ਦੀਆਂ ਜੇਬਾਂ ’ਤੇ ਭਾਰੀ
ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2026 : ਬਠਿੰਡਾ ਜਿਲ੍ਹੇ ’ਚ ਸਾਈਬਰ ਠੱਗਾਂ ਨੇ ਲੋਕਾਂ ਦੀਆਂ ਜੇਬਾਂ ਤੇ ਐਨਾ ਵੱਡਾ ਡਾਕਾ ਮਾਰਿਆ ਹੈ ਜਿਸ ਨੂੰ ਸੁਣਕੇ ਪੈਰਾਂ ਹੇਠੋਂ ਜਮੀਨ ਨਿਕਲ ਜਾਂਦੀ ਹੈ। ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਨੇ ਪੁਲਿਸ ਦੀ ਲਾਚਾਰੀ ਜਾਹਰ ਕਰ ਦਿੱਤੀ ਹੈ। ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਹਾਸਲ ਕੀਤੇ ਤੱਥਾਂ ਅਨੁਸਾਰ ਪਿਛਲੇ 9 ਸਾਲਾਂ ਦੌਰਾਨ ਸਾਈਬਰ ਠੱਗਾਂ ਨੇ ਆਮ ਲੋਕਾਂ ਨਾਲ 42 ਕਰੋੜ 71 ਲੱਖ ਦੀ ਠੱਗੀ ਮਾਰੀ ਹੈ। ਸਾਈਬਰ ਠੱਗ ਕਦੇ ਫੋਨ ਕਾਲ , ਕਦੇ ਨੌਕਰੀ ਦਾ ਝਾਂਸਾ ਅਤੇ ਕਦੀ Çਲੰਕ ਭੇਜਕੇ 12 ਹਜ਼ਾਰ 600 ਲੋਕਾਂ ਦੀਆਂ ਜੇਬਾਂ ਖਾਲੀ ਕਰਨ ’ਚ ਸਫਲ ਰਹੇ ਹਨ। ਆਮ ਲੋਕਾਂ ਨੂੰ ਸਭ ਤੋਂ ਵੱਡਾ ਝਟਕਾ ਇਹ ਲੱਗਿਆ ਹੈ ਕਿ ਬਠਿੰਡਾ ਪੁਲਿਸ ਐਨੀ ਵੱਡੀ ਰਾਸ਼ੀ ਚੋਂ ਸਿਰਫ 3 ਕਰੋੜ 14 ਲੱਖ ਰੁਪਏ ਹੀ ਵਾਪਿਸ ਲਿਆ ਸਕੀ ਹੈ।
ਇੱਥੇ ਇਹ ਵੀ ਜਿਕਰ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੋਵੇਗਾ ਕਿ ਬਾਕੀ 40 ਕਰੋੜ ਕਿੱਧਰ ਗਏ ਕੁੱਝ ਵੀ ਅਤਾ ਪਤਾ ਨਹੀਂ ਹੈ। ਤੱਥਾਂ ਅਨੁਸਾਰ ਬਠਿੰਡਾ ਜਿਲ੍ਹੇ ’ਚ ਔਸਤਨ 4 ਤੋਂ ਵੱਧ ਲੋਕ ਇੰਨ੍ਹਾਂ ਠੱਗਾਂ ਦੇ ਜਾਲ ’ਚ ਫਸ ਰਹੇ ਹਨ । ਤਾਜਾ ਹਾਲਤ ਇਹ ਹਨ ਕਿ 2 ਹਜ਼ਾਰ 507 ਸ਼ਿਕਾਇਤਾਂ ਹੁਣ ਵੀ ਫਾਈਲਾਂ ’ਚ ਪਈਆਂ ਧੂੜ ਚੱਟ ਰਹੀਆਂ ਹਨ ਅਤੇ ਲੋਕ ਆਪਣੀ ਡੁੱਬੀ ਹੋਈ ਰਕਮ ਦੇ ਇੰਤਜ਼ਾਰ ’ਚ ਹਨ। ਇੰਨ੍ਹਾਂ ਪ੍ਰਸਥਿਤੀਆਂ ਦਰਮਿਆਨ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਆਮ ਲੋਕਾਂ ਨੂੰ ਲੁੱਟਣ ਵਾਲੇ ਇੰਨ੍ਹਾਂ ਸ਼ਾਤਰ ਠੱਗਾਂ ਸਾਹਮਣੇ ਆਖਿਰ ਪੁਲਿਸ ਤੰਤਰ ਲਾਚਾਰ ਕਿਓਂ ਹੈ? ਸੰਜੀਵ ਗੋਇਲ ਨੇ ਐਸਐਸਪੀ ਬਠਿੰਡਾ ਦਫਤਰ ਤੋਂ 2018 ਤੋਂ 2026 ਤੱਕ ਸਾਈਬਰ ਅਪਰਾਧਾਂ ਸਬੰਧੀ ਵੇਰਵੇ ਮੰਗੇ ਸਨ। ਇਸ ਦੇ ਜਵਾਬ ’ਚ ਪੁਲਿਸ ਵੱਲੋਂ ਦਿੱਤੀ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਸਥਿਤੀ ਕਿਸ ਕਦਰ ਨਿੱਘਰੀ ਹੋਈ ਹੈ।
ਰਿਪੋਰਟ ਮੁਤਾਬਕ ਬਠਿੰਡਾ ਜਿਲ੍ਹੇ ਵਿੱਚ ਸਾਈਬਰ ਅਪਰਾਧਾਂ ਦੀ ਗਿਣਤੀ ਦਿਨ ਬਦਿਨ ਵਧਦੀ ਹੀ ਜਾ ਰਹੀ ਹੈ। ਸ਼ਰੂਆਤ ’ਚ ਸਿਰਫ ਸੈਂਕੜਿਆਂ ਤੱਕ ਮਹਿਦੂਦ ਸ਼ਕਾਇਤਾਂ ਦਾ ਅੰਕੜਾ 2024 ’ਚ 3 ਹਜਾਰ ਤੋਂ ਪਾਰ ਚਲਾ ਗਿਆ। ਸਾਲ 2025 ਦੌਰਾਨ ਵੀ ਲੱਗਭਗ ਏਨੀਆਂ ਹੀ ਸ਼ਕਾਇਤਾਂ ਸਾਹਮਣੇ ਆਈਆਂ ਸਨ। ਸਾਲਾਂ ਮੁਤਾਬਕ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 2019 ’ਚ ਸਾਈਬਰ ਠੱਗੀ ਦੀਆਂ 69 ਸ਼ਕਾਇਤਾਂ ਦਰਜ ਕੀਤੀਆਂ ਗਈਆਂ ਸਨ ਜੋਕਿ 2020 ’ਚ ਕਰੀਬ 7 ਗੁਣਾ ਵਧਕੇ 493 ਹੋ ਗਈਆਂ ਸਨ। ਇੰਨ੍ਹਾਂ ਦੋਵਾਂ ਸਾਲਾਂ ਦੌਰਾਨ ਆਈਆਂ ਸਮੂਹ ਸ਼ਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ। ਸਾਲ 2021 ’ਚ ਸ਼ਕਾਇਤਾਂ ਦੀ ਗਿਣਤੀ 847 ਰਹੀ ਸੀ ਜਦੋਂਕਿ 2022 ’ਚ ਇਹ ਅੰਕੜਾ 1788 , 2023 ’ਚ 2,434 ਅਤੇ 2024 ’ਚ ਸਭ ਤੋਂ ਜਿਆਦਾ 3 ਹਜ਼ਾਰ 23 ਸ਼ਕਾਇਤਾਂ ਦਰਜ ਹੋਈਆਂ ਸਨ। ਪੁਲਿਸ ਵੱਲੋਂ ਦਿੱਤੀ ਸੂਚਨਾ ਅਨੁਸਾਰ ਇਹ ਸਾਰੀਆਂ ਸ਼ਕਾਇਤਾਂ ਨਿਪਟਾ ਦਿੱਤੀਆਂ ਗਈਆਂ ਹਨ।
ਸਾਲ 2025 ’ਚ ਵਧਿਆ ਅੰਕੜਾ
ਤੱਥਾਂ ’ਤੇ ਗੌਰ ਕਰੀਏ ਤਾਂ 2025 ’ਚ ਸਥਿਤੀ ਨੇ ਭਿਆਨਕ ਮੋੜਾ ਕੱਟਿਆ ਹੈ ਜਿਸ ਦੌਰਾਨ 3010 ਸ਼ਕਾਇਤਾਂ ਆਈਆਂ ਜਿੰਨ੍ਹਾਂ ਚੋਂ 1233 ਦਾ ਹੀ ਨਿਪਟਾਰਾ ਹੋ ਸਕਿਆ ਹੈ ਜਦੋਂਕਿ 1777 ਬਕਾਇਆ ਰਹਿ ਗਈਆਂ । ਸਾਲ 2026 ’ਚ 15 ਮਈ ਤੱਕ ਸਾਈਬਰ ਠੱਗੀ ਦੀਆਂ 996 ਸ਼ਕਾਇਤਾਂ ਪੁਲਿਸ ਕੋਲ ਪੁੱਜੀਆਂ ਸਨ ਜਿੰਨ੍ਹਾਂ ਚੋਂ ਸਿਰਫ 266 ਮਾਮਲਿਆਂ ਦਾ ਨਿਬੇੜਾ ਹੋ ਸਕਿਆ ਹੈ ਜਦੋਂਕਿ 730 ਸ਼ਕਾਇਤਾਂ ’ਤੇ ਕਾਰਵਾਈ ਬਾਕੀ ਹੈ। ਦੇਖਿਆ ਜਾੲ ਤਾਂ ਪਿਛੇ ਦੋ ਸਾਲਾਂ ਦੌਰਾਨ ਸਾਈਬਰ ਅਪਰਾਧਾਂ ਦਾ ਦਬਾਅ ਐਨਾ ਵਧਿਆ ਕਿ ਬਕਾਇਆ ਰਹਿਣ ਵਾਲੇ ਮਾਮਲਿਆਂ ਦਾ ਅੰਕੜਾ ਵੀ ਤੇਜੀ ਨਾਲ ਵਧਣ ਲੱਗਿਆ ਹੈ।
ਢੰਗ ਤਰੀਕਿਆਂ ’ਚ ਤਬਦੀਲੀ
ਸਾਬਕਾ ਬੈਂਕ ਅਧਿਕਾਰੀ ਐਡਵੋਕੇਟ ਐਮ ਐਮ ਬਹਿਲ ਦਾ ਕਹਿਣਾ ਸੀ ਕਿ ਸਾਈਬਰ ਅਪਰਾਧੀ ਬੈਂਕ ਕਾਲਾਂ, ਕੇਵਾਈਸੀ ਅਪਡੇਟ ,ਆਨਲਾਈਨ ਸ਼ਾਪਿੰਗ, ਲਾਟਰੀ , ਸੋਸ਼ਲ ਮੀਡੀਆ ਹੈਕਿੰਗ ਅਤੇ ਡਿਜ਼ਟਲ ਅਰੈਸਟ ਵਰਗੇ ਹੱਥਕੰਡਿਆਂ ਰਾਹੀਂ ਲੋਕਾਂ ਨੂੰ ਜਾਲ ’ਚ ਫਸਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਪੀੜਤਾਂ ਨੂੰ ਖਾਤਾ ਖਾਲੀ ਹੋਣ ਤੱਕ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਹੀ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮਾਮਲਿਆਂ ’ਚ ਵਾਧਾ ਹੋਣ ਨੂੰ ਦੇਖਦਿਆਂ ਪੁਲਿਸ ਨੂੰ ਖਾਤਾ ਫਰੀਜ਼ ਅਤੇ ਪੈਸਾ ਵਾਪਿਸ ਕਰਵਾਉਣ ਦੀ ਪ੍ਰਕਿਰਿਆ ਪ੍ਰਭਾਵੀ ਬਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਅਣਜਾਣੇ Çਲੰਕ ਜਾਂ ਫੋਨ ਕਾਲ ਓਟੀਪੀ ਅਤੇ ਬੈਂਕ ਸਬੰਧੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ।
ਸਰਕਾਰੀ ਅਵੇਸਲੇਪਣ ਦਾ ਸਿੱਟਾ
ਇਨਸਾਫ ਦੀ ਲਹਿਰ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਵਕਤ ਰਹਿੰਦੇ ਕਾਰਵਾਈ ਕਰਨ ਤਾਂ ਨਾਂ ਇੰਨ੍ਹਾਂ ਸਾਈਬਰ ਠੱਗੀਆਂ ਤੋਂ ਬਚਾਅ ਰਹਿਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਅਵੇਸਲੇਪਣ ਅਤੇ ਪੰਜਾਬ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾਂ ਕਰਨ ਦਾ ਸੇਕ ਆਮ ਆਦਮੀ ਨੂੰ ਲੱਗ ਰਿਹਾ ਹੈ।
Ê ਪੁਲਿਸ ਵੱਲੋਂ ਸੰਜੀਦਾ ਯਤਨ: ਡੀਐਸਪੀ
ਡੀਐਸਪੀ ਸਾਈਬਰ ਵਿੰਗ ਸਰਬਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰਦੀ ਹੈ ਜਿਸ ਦੇ ਸਿੱਟੇ ਵਜੋਂ ਠੱਗ ਫੜੇ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਕਾਇਆ ਮਾਮਲਿਆਂ ’ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਹਰ ਸ਼ਕਾਇਤ ’ਤੇ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਣਜਾਣ ਫੋਨ ਕਾਲਾਂ ਅਤੇ Çਲੰਕਾਂ ਤੋਂ ਚੌਕਸ ਰਹਿਣ ਦੀ ਸਲਾਹ ਵੀ ਦਿੱਤੀ ਹੈ।
- Download Babushahi App
-
-