ਜੇਲ੍ਹ ਚੋਂ ਰਿਹਾਈ ਪਿੱਛੋਂ ਕਿਸਾਨ ਆਗੂ ਦੀ ਮਾਤਾ ਦਾ ਕਿਸਾਨੀ ਸਨਮਾਨਾਂ ਨਾਲ ਅੰਤਿਮ ਸਸਕਾਰ
ਅਸ਼ੋਕ ਵਰਮਾ
ਰਾਮਪੁਰਾ, 21 ਜਨਵਰੀ 2026 :ਸਗਨਦੀਪ ਸਿੰਘ ਜਿਉਂਦ ਦੀ ਜੇਲ ਚੋਂ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਲਈ ਮਿਲੀ ਜਮਾਨਤ ਤੋਂ ਬਾਅਦ ਅੱਜ ਉਹਨਾਂ ਦੀ ਮਾਤਾ ਗੁਰਮੇਲ ਕੌਰ ਦਾ ਬਾਰ੍ਹਵੇਂ ਦਿਨ ਸਸਕਾਰ ਕੀਤਾ ਗਿਆ। ਹਜ਼ਾਰਾਂ ਮਰਦਾਂ ,ਔਰਤਾਂ ਦੇ ਇਕੱਠ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਵਿੱਚ ਲਿਪੇਟ ਕੇ ਮਾਤਾ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਵੀ ਕਿਸਾਨਾਂ ਨਾਲ ਯੱਕਜਹਿਤੀ ਮਾਤਾ ਦੀ ਮ੍ਰਿਤਕ ਦੇਹ ਤੇ ਜਥੇਬੰਦੀ ਦਾ ਝੰਡਾ ਪਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਨ ਖਿਲਾਫ ਬੋਲਣ ਅਤੇ ਲਿਖਣ ਵਾਲਿਆਂ ਦੀ ਜੁਬਾਨਬੰਦੀ ਕਰਨ ਲਈ ਪੂਰਾ ਰਾਜ ਪ੍ਰਬੰਧ ਤਤਪਰ ਹੈ। ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਝੂਠੇ ਕੇਸਾਂ ਚ ਉਲਝਾ ਕੇ ਜੇਲਾਂ ਚ ਬੰਦ ਕਰਕੇ ਜ਼ੁਬਾਨ ਬੰਦੀ ਦਾ ਭਰਮ ਪਾਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਖਿਲਾਫ ਅਤੇ ਆਪਣੀ ਜਮੀਨ ਦੀ ਰਾਖੀ ਲਈ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਬਲਦੇਵ ਸਿੰਘ ਚੌਕੇ ਤੇ ਸਗਨਪ੍ਰੀਤ ਸਿੰਘ ਜਿਉਂਦ ਨੂੰ ਪੰਜ ਅਪ੍ਰੈਲ ਤੋਂ ਬਠਿੰਡਾ ਦੀ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਜਿਨਾਂ ਨੂੰ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਤਾਂ ਜੂਨ ਮਹੀਨੇ ਚ ਕੀਤੇ ਸਮਝੌਤੇ ਮੁਤਾਬਕ ਰਿਹਾਅ ਕੀਤਾ ਗਿਆ ਨਾ ਹੀ ਬਠਿੰਡਾ ਦੀ ਸੈਸ਼ਨ ਅਦਾਲਤ ਜਾਂ ਹਾਈਕੋਰਟ ਤੋਂ ਪੱਕੀ ਜਮਾਨਤ ਮਿਲੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਤੇ ਦੇਸ਼ ਦੇ ਹੋਰ ਜਨਤਕ ਅਦਾਰੇ ਕਾਰਪਰੇਟ ਘਰਾਣਿਆਂ ਨੂੰ ਸੌਂਪਣ ਵਿਰੁੱਧ ਲੋਕਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਸ਼ਾਲ ਕਰਨਾ ਪਵੇਗਾ ਉਹਨਾਂ ਸਮੂਹ ਕਿਰਤੀਆਂ ਨੂੰ ਲੋਕ ਪੱਖੀ ਘੋਲਾਂ ਵਿੱਚ ਦ੍ਰਿੜਤਾ ਨਾਲ ਆਉਣ ਦੀ ਅਪੀਲ ਕੀਤੀ ਉਹਨਾਂ ਅੱਜ ਮਾਤਾ ਗੁਰਮੇਲ ਕੌਰ ਦੀ ਮਿਰਤਕ ਦੇਹ ਨੂੰ ਹਸਪਤਾਲ ਵੱਲੋਂ ਕੀਤੀ ਪਰੇਸ਼ਾਨੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਦੀ ਰਿਹਾਈ ਲਈ ਆਉਂਦੇ ਦਿਨਾਂ ਵਿੱਚ ਬਠਿੰਡਾ ਵਿਖੇ ਸੂਬਾ ਪੱਧਰਾ ਐਕਸ਼ਨ ਕੀਤਾ ਜਾਵੇਗਾ । ਉਹਨਾਂ ਸਮੂਹ ਭਰਾਤਰੀ ਜਥੇਬੰਦੀਆਂ ਤੇ ਕਿਰਤੀ ਲੋਕਾਂ 23 ਜਨਵਰੀ ਨੂੰ ਭੋਗ ਸਮਾਗਮ ਤੇ ਪਹੁੰਚਣ ਦੀ ਅਪੀਲ ਕੀਤੀ।