ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਬਦਲੇਗੀ ਨੁਹਾਰ: DSGMC ਅਤੇ NDMC ਮਿਲ ਕੇ ਕਰਨਗੇ ਵਿਕਾਸ ਤੇ ਸੁੰਦਰਤਾ ਦੇ ਕੰਮ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਨ.ਡੀ.ਐਮ.ਸੀ. ਵੱਲੋਂ ਇਤਿਹਾਸਕ ਸਿੱਖ ਧਾਰਮਿਕ ਸਥਾਨਾਂ ਦੇ ਵਿਕਾਸ ਤੇ ਸੁੰਦਰਤਾ ਲਈ ਵਿਚਾਰ-ਵਟਾਂਦਰਾ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 21 ਜਨਵਰੀ, 2026 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਦੱਸਿਆ ਕਿ ਇੱਥੇ ਨਵੀਂ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਦੇ ਚੇਅਰਮੈਨ ਕੇਸ਼ਵ ਚੰਦਰ ਨਾਲ ਡੀਐਸਜੀਐਮਸੀ ਦੇ ਇਕ ਵਫ਼ਦ ਨਾਲ ਮੀਟਿੰਗ ਹੋਈ।
ਕਾਲਕਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਸਥਿਤ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਹੋਰ ਇਤਿਹਾਸਕ ਸਿੱਖ ਗੁਰਦੁਆਰਿਆਂ ਦੇ ਸਮੂਹਿਕ ਵਿਕਾਸ, ਸੁਧਾਰ ਅਤੇ ਸੁੰਦਰਤਾ ਸਬੰਧੀ ਕੰਮਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡੀਐਸਜੀਐਮਸੀ ਅਤੇ ਐਨ.ਡੀ.ਐਮ.ਸੀ. ਵੱਲੋਂ ਇਸ ਗੱਲ ‘ਤੇ ਸਾਂਝੀ ਸਹਿਮਤੀ ਨਾਲ ਵਿਚਾਰ ਵਟਾਂਦਰਾ ਹੋਇਆ ਕਿ ਪਵਿੱਤਰ ਧਾਰਮਿਕ ਸਥਾਨਾਂ ਦੀ ਆਤਮਿਕ ਪਵਿੱਤਰਤਾ, ਇਤਿਹਾਸਕ ਵਿਰਾਸਤ ਅਤੇ ਧਾਰਮਿਕ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਸੰਗਤਾਂ ਅਤੇ ਦਰਸ਼ਨਾਰਥੀਆਂ ਦੀ ਸਹੂਲਤਾਂ ਲਈ ਨਾਗਰਿਕ ਸਹੂਲਤਾਂ ਅਤੇ ਢਾਂਚਾਗਤ ਵਿਕਾਸ ਨੂੰ ਬਿਹਤਰ ਬਣਾਇਆ ਜਾਵੇ।
ਹਰਮੀਤ ਸਿੰਘ ਕਾਲਕਾ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸਤਾਵਿਤ ਉਪਰਾਲਿਆਂ ਦਾ ਮੁੱਖ ਮੰਤਵ ਸਫ਼ਾਈ, ਹਰਿਆਵਲੀ, ਰੋਸ਼ਨੀ ਪ੍ਰਬੰਧ, ਪੈਦਲ ਆਵਾਜਾਈ ਅਤੇ ਕੁੱਲ ਸੁੰਦਰਤਾ ਵਿੱਚ ਸੁਧਾਰ ਕਰਨਾ ਹੈ, ਬਿਨਾਂ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਮਰਿਆਦਾ ਅਤੇ ਧਾਰਮਿਕ ਆਤਮਾ ਨਾਲ ਕੋਈ ਸਮਝੌਤਾ ਕੀਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਗੁਰਦੁਆਰੇ ਸਿਰਫ਼ ਸਿੱਖ ਸਮਾਜ ਦੇ ਆਤਮਿਕ ਕੇਂਦਰ ਹੀ ਨਹੀਂ, ਸਗੋਂ ਭਾਰਤ ਦੇ ਵਿਸ਼ਾਲ ਇਤਿਹਾਸਕ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦੇ ਮਹੱਤਵਪੂਰਨ ਪ੍ਰਤੀਕ ਵੀ ਹਨ।
ਐਨ.ਡੀ.ਐਮ.ਸੀ. ਦੇ ਚੇਅਰਮੈਨ ਕੇਸ਼ਵ ਚੰਦਰ ਨੇ ਪੂਰੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਡੀਐਸਜੀਐਮਸੀ ਨਾਲ ਨੇੜਲੇ ਸਹਿਯੋਗ ਰਾਹੀਂ ਇਤਿਹਾਸਕ ਗੁਰਦੁਆਰਿਆਂ ਦੇ ਆਲੇ-ਦੁਆਲੇ ਯੋਜਨਾਬੱਧ, ਸੰਵੇਦਨਸ਼ੀਲ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਕਾਲਕਾ ਨੇ ਇਸ ਮੀਟਿੰਗ ਨੂੰ ਬਹੁਤ ਹੀ ਸਕਾਰਾਤਮਕ ਅਤੇ ਰਚਨਾਤਮਕ ਦੱਸਦਿਆਂ ਕਿਹਾ ਕਿ ਨਾਗਰਿਕ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾਵਾਂ ਦਰਮਿਆਨ ਇਸ ਤਰ੍ਹਾਂ ਦਾ ਸਹਿਯੋਗ ਸੰਗਤਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਦਿੱਲੀ ਦੇ ਇਤਿਹਾਸਕ ਸਿੱਖ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਵਿਰਾਸਤ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।