13 ਸਾਲਾਂ ਬਾਅਦ ਪਾਇਲ ਹਲਕੇ ਨੂੰ ਵੱਡੀ ਸੌਗਾਤ, ਭਾਡੇਵਾਲ ਤੋਂ ਜਰਗ ਤੱਕ 9.5 ਕਿਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ
12 ਫੁੱਟ ਤੋਂ ਵਧਾ ਕੇ 18 ਫੁੱਟ ਚੌੜੀ ਬਣੇਗੀ ਸੜਕ, ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਨਾਲ 6 ਕਰੋੜ ਰੁਪਏ ਜਾਰੀ
ਰਵਿੰਦਰ ਢਿੱਲੋਂ
ਖੰਨਾ, 21 ਜਨਵਰੀ 2026- ਵਿਧਾਨ ਸਭਾ ਹਲਕਾ ਪਾਇਲ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲਦਿਆਂ ਪਿੰਡ ਭਾਡੇਵਾਲ ਤੋਂ ਜਰਗ ਤੱਕ ਕਰੀਬ ਸਾਢੇ ਨੌ ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦਾ ਨੀਹ ਪੱਤਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਰੱਖਿਆ ਗਿਆ। ਇਹ ਸੜਕ ਲਗਭਗ 13 ਸਾਲਾਂ ਬਾਅਦ ਬਣਨ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਖਾਸ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸੜਕ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸਨੂੰ ਪਹਿਲਾਂ ਮੌਜੂਦ 12 ਫੁੱਟ ਚੌੜਾਈ ਤੋਂ ਵਧਾ ਕੇ ਹੁਣ 18 ਫੁੱਟ ਚੌੜਾ ਤਿਆਰ ਕੀਤਾ ਜਾ ਰਿਹਾ ਹੈ। ਸੜਕ ਚੌੜੀ ਹੋਣ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ ਅਤੇ ਹਾਦਸਿਆਂ ਦੀ ਸੰਭਾਵਨਾ ਵਿੱਚ ਵੀ ਵੱਡੀ ਕਮੀ ਆਵੇਗੀ। ਖ਼ਾਸ ਕਰਕੇ ਸਕੂਲੀ ਬੱਸਾਂ, ਐਂਬੂਲੈਂਸਾਂ, ਖੇਤੀਬਾੜੀ ਵਾਲੇ ਵਾਹਨਾਂ ਅਤੇ ਦੋ-ਤਰਫ਼ਾ ਟ੍ਰੈਫਿਕ ਲਈ ਇਹ ਸੜਕ ਬਹੁਤ ਲਾਭਦਾਇਕ ਸਾਬਤ ਹੋਵੇਗੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੜਕ ਦੀ ਹਾਲਤ ਬਹੁਤ ਹੀ ਖਸਤਾਹਾਲ ਸੀ। ਬਰਸਾਤ ਦੇ ਦਿਨਾਂ ਵਿੱਚ ਚਿੱਕੜ ਅਤੇ ਟੋਇਆਂ ਕਾਰਨ ਆਉਣ-ਜਾਣ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਕਈ ਵਾਰ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਿੱਚ ਵੀ ਦੇਰੀ ਹੋ ਜਾਂਦੀ ਸੀ। ਹੁਣ ਸੜਕ ਦੇ ਨਿਰਮਾਣ ਨਾਲ ਭਾਡੇਵਾਲ, ਜਰਗ ਸਮੇਤ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਸੜਕ ਦੇ ਨਿਰਮਾਣ ਲਈ 6 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਵਾਅਦੇ ਕਰਨ ਦੀ ਨਹੀਂ, ਸਗੋਂ ਮੈਦਾਨੀ ਪੱਧਰ ‘ਤੇ ਵਿਕਾਸ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪਾਇਲ ਹਲਕੇ ਅੰਦਰ ਜਿੰਨੀਆਂ ਸੜਕਾਂ ਬਣੀਆਂ ਹਨ, ਉਨ੍ਹਾਂ ਦੀ ਤੁਲਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਨੀਆਂ ਸੜਕਾਂ ਤਾਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੀ ਨਹੀਂ ਬਣਾਈਆਂ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ 13 ਸਾਲਾਂ ਤੋਂ ਲਟਕ ਰਹੀ ਇਹ ਮੰਗ ਹੁਣ ਪੂਰੀ ਹੋ ਰਹੀ ਹੈ ਅਤੇ ਨਿਰਮਾਣ ਕਾਰਜ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ।
ਇਸ ਮੌਕੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਉਨ੍ਹਾਂ ਲਈ ਵਿਕਾਸ ਦੀ ਨਵੀਂ ਰਾਹਦਾਰੀ ਸਾਬਤ ਹੋਵੇਗੀ। ਲੋਕਾਂ ਦਾ ਕਹਿਣਾ ਸੀ ਕਿ ਸੜਕ ਚੌੜੀ ਅਤੇ ਮਜ਼ਬੂਤ ਬਣਨ ਨਾਲ ਪਾਇਲ ਹਲਕੇ ਦੀ ਤਸਵੀਰ ਹੀ ਬਦਲ ਜਾਵੇਗੀ।