ਸਾਰੇ ਯੂ ਏ ਪੀ ਏ ਬੰਦੀਆਂ ’ਤੇ ਉਹੀ ਨਿਯਮ ਲਾਗੂ ਹੋਵੇ ਜੋ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਕੀਤਾ ਗਿਆ: ਜਸਪਾਲ ਸਿੰਘ ਮੰਝਪੁਰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 21 ਜਨਵਰੀ, 2026: ਪੰਜ ਆਬ ਲਾਅਰਜ਼ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂ ਏ ਪੀ ਏ ਤਹਿਤ ਜੇਲ੍ਹਾਂ ਵਿਚ ਬੰਦ ਨੌਜਵਾਨਾਂ ’ਤੇ ਉਹੀ ਨਿਯਮ ਲਾਗੂ ਕੀਤਾ ਜਾਵੇ ਜੋ ਪੰਜਾਬ ਸਰਕਾਰ ਨੇ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਲਾਗੂ ਕੀਤਾ ਹੈ।
ਇਕ ਵੀਡੀਓ ਸੰਦੇਸ਼ ਵਿਚ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹਨਾਂ ਦੇ ਜੀਵਨ ਵਿਚ ਪਹਿਲੀ ਵਾਰ ਵੇਖਿਆ ਹੈ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਖਿਲਾਫ ਯੂ ਏ ਪੀ ਏ ਤਹਿਤ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸਦੇ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ ਤੋਂ ਇਲਾਵਾ ਹੋਰ ਕੋਈ ਸਬੂਤ ਨਹੀਂ ਹੈ ਤੇ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 25 ਤਹਿਤ ਪੁਲਿਸ ਕੋਲ ਦਿੱਤਾ ਇਕਬਾਲੀਆ ਬਿਆਨ ਕਾਨੂੰਨ ਦੀ ਨਜ਼ਰ ਵਿਚ ਪ੍ਰਵਾਨਯੋਗ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਇਹੀ ਨਿਯਮ ਯੂ ਏ ਪੀ ਏ ਤਹਿਤ ਜੇਲ੍ਹਾਂ ਵਿਚ ਬੰਦ ਸੈਂਕੜੇ ਨੌਜਵਾਨਾਂ ’ਤੇ ਲਾਗੂ ਹੋਣਾ ਚਾਹੀਦਾ ਹੈ ਜ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ। ਖਾਸ ਤੌਰ ’ਤੇ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਵਿਚ ਵੀ ਇਹੀ ਨਿਯਮ ਲਾਗੂ ਹੋਣਾ ਚਾਹੀਦਾ ਹੈ ਜੋ ਕਿ ਪਿਛਲੇ 9 ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।