Political Special ਬਾਰਾਂ ਪਾਂਜੇ 48 ਦਾ ਪਹਾੜਾ ਜਿਸ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਪਾਇਆ ਪੁਆੜਾ
ਅਸ਼ੋਕ ਵਰਮਾ
ਬਠਿੰਡਾ 20 ਜਨਵਰੀ 2026: ਆਪਣੇ ਇੱਕ ਭਾਸ਼ਣ ਦੌਰਾਨ ਪੰਜਾਬ ਸਰਕਾਰ ਨੂੰ ਔਰਤਾਂ ਲਈ 1 ਹਜਾਰ ਰੁਪਿਆ ਦੇਣ ’ਚ ਅਸਫਲ ਰਹਿਣ ਕਾਰਨ ਪਿਛਲੀ ਬਕਾਇਆ ਰਾਸ਼ੀ ਸਬੰਧੀ 12 ਪਾਂਜੇ 48 ਬੋਲਣ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੋਸ਼ਲ ਮੀਡੀਆ ਪਲੇਟ ਫਾਰਮਾਂ ਤੇ ਟਿੱਚਰਾਂ ਕੀਤੀਆਂ ਜਾ ਰਹੀਆਂ ਹਨ। ਸਟੇਜਾਂ ਤੋਂ ਬੋਲਦਿਆਂ ਆਪਣੀ ਜੁਬਾਨ ਤਿਲਕਣ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਸਬੰਧਤ ਟਿੱਪਣੀਆਂ ਦੀ ਸੋਸ਼ਲ ਮੀਡੀਆ ’ਤੇ ਇੱਕ ਤਰਾਂ ਨਾਲ ਹਨੇਰੀ ਜਿਹੀ ਆਈ ਹੋਈ ਹੈ। ਇਸ ਮਾਮਲੇ ਵਿੱਚ ਦੂਸਰਾ ਨੰਬਰ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਹੈ, ਜਿੰਨ੍ਹਾਂ ਨੂੰ ਵੀ ਆਪਣੇ ਤਿਲਕੀ ਬੋਲੀ ਕਾਰਨ ਲੋਕਾਂ ਦਾ ਨਿਸ਼ਾਨਾ ਬਣਨਾ ਪੈ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨਾਲ ਸਬੰਧਤ ਏਦਾਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਰੀਲ੍ਹਾਂ ਦੇ ਰੂਪ ’ਚ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਹਾਲਾਂਕਿ ਇਹ ਵੀਡੀਓ ਜਾਂ ਰੀਲ੍ਹਾਂ ਏਆਈ ਦੀ ਸਹਾਇਤਾ ਨਾਲ ਬਣੀਆਂ ਅਤੇ ਐਡਿਟ ਕੀਤੀਆਂ ਹੋ ਸਕਦੀਆਂ ਹਨ ਜਿੰਨ੍ਹਾਂ ਦੀ ‘ਬਾਬੂਸ਼ਾਹੀ’ ਕਿਸੇ ਵੀ ਪ੍ਰਕਾਰ ਦੀ ਪੁਸ਼ਟੀ ਵੀ ਨਹੀਂ ਕਰਦਾ ਪਰ ਸਿਆਸੀ ਨੇਤਾ ਜਿਸ ਸੋਸ਼ਲ ਮੀਡੀਆ ਨੂੰ ਕਿਸਮਤ ਦੀ ਪੁੜੀ ਮੰਨਦੇ ਹਨ ਹੁਣ ਉਹੀ ਲੀਡਰਾਂ ਦੇ ਗਲਾਂ ਦੀ ਹੱਡੀ ਬਣਨ ਲੱਗਾ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਆਹਟ ਤੋਂ ਪਹਿਲਾਂ ਇੰਨ੍ਹੀਂ ਥਾਈਂ ਇੱਕ ਦੂਸਰੇ ਖਿਲਾਫ ਸ਼ੁਰੂ ਹੋਏ ਭੰਡੀ ਪ੍ਰਚਾਰ ਨੇ ਦਰਸਾ ਦਿੱਤਾ ਹੈ ਕਿ ਸੋਸ਼ਲ ਸਾਈਟਾਂ ਅਗਲੇ ਦਿਨੀਂ ਕਿਹੋ ਜਿਹੀ ਸਿਆਸੀ ਜੰਗ ਦਾ ਅਖਾੜਾ ਬਣ ਸਕਦੀਆਂ ਹਨ। ਬੇਸ਼ੱਕ ਪੰਜਾਬ ਦੇ ਅਹਿਮ ਮੁੱਦਿਆਂ ਤੇ ਸਿਆਸੀ ਗੰਭੀਰਤਾ ਖਤਮ ਹੋਇਆਂ ਕਾਫੀ ਸਮਾਂ ਹੋ ਗਿਆ ਹੈ ਪਰ ਅਗਾਮੀ ਚੋਣਾਂ ਨੂੰ ਦੇਖਦਿਆਂ ਇਸ ਵਰਤਾਰੇ ਨੇ ਕੁੱਝ ਜਿਆਦਾ ਹੀ ਤੇਜੀ ਫੜ ਲਈ ਹੈ। ਦਰਅਸਲ ਇਸ ਦੀ ਸ਼ੁਰੂਆਤ ਕੁੱਝ ਦਿਨ ਪਹਿਲਾਂ ਉਦੋਂ ਹੋਈ ਜਦੋਂ ਰਾਜਾ ਵੜਿੰਗ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਨਾਂ ਦੇਣ ਦਾ ਜਿਕਰ ਕੀਤਾ ਸੀ ਜਿਸ ਦਾ ਸਾਰ ਅੰਸ਼ ਇਹ ਹੈ ਕਿ ਭੈਣੋ ਅਖੀਰਲੇ ਸਾਲ ਇੱਕ ਹਜ਼ਾਰ ਰੁਪਿਆ ਲੈਕੇ ਚੁੱਪ ਨਾਂ ਕਰ ਜਾਣਾ। ਰਾਜਾ ਵੜਿੰਗ ਨੇ ਚਾਰ ਸਾਲ ਦਾ ਬਕਾਇਆ 12 ਚੌਕੇ 48 ਬੋਲਣਾ ਸੀ ਪਰ ਉਹ 12 ਪਾਂਜੇ ਬੋਲਦਿਆਂ ਕੁੱਝ ਅਟਕੇ ਅਤੇ ਪਿੱਛੋਂ ਕਿਸੇ ਦੇ 48 ਬੋਲਣ ਤੇ ਉਹ ਵੀ ਉਹੀ ਬੋਲ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਾ ਵੜਿੰਗ ਨੂੰ ਵਿਅੰਗਮਈ ਬੋਲਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਰੀਲ੍ਹ ਸਾਹਮਣੇ ਆਈ ਹੈ ਜਿਸ ’ਚ ਉਹ ਸ਼ੀਤ ਲਹਿਰ ਕਾਰਨ ਬੰਦ ਸਕੂਲ ਖੋਹਲਣ ਦੀ ਵਜ੍ਹਾ ਇਸੇ ਪਹਾੜੇ ਨੂੰ ਦੱਸ ਰਹੇ ਹਨ। ਮੁੱਖ ਮੰਤਰੀ ਆਖਦੇ ਹਨ ਕਿ ਸਕੂਲ ਤਾਂਹੀ ਖੋਹਲੇ ਹਨ ਤਾਂ ਜੋ ਬੱਚੇ ਪੜ੍ਹਾਈ ਕਰ ਸਕਣ ਅਤੇ ਕਿਧਰੇ 12 ਪਾਂਜੇ 36 ਨਾ ਬਣ ਜਾਣ।
ਇਕੱਲੇ ਪਹਾੜੇ ਹੀ ਨਹੀਂ ਬਲਕਿ ਰਾਜਾ ਵੜਿੰਗ ਵੱਲੋਂ ਅਬੋਹਰ ’ਚ ਮਸ਼ਹੂਰ ਟੇਲਰਿੰਗ ਹਾਊਸ ਵੀਅਰਵੈਲ ਦੇ ਮਾਲਕ ਦੀ ਹੱਤਿਆ ਦਾ ਜਿਕਰ ਕਰਦਿਆਂ 12 ਛਾਤੀਆਂ ਗੋਲੀ ’ਚ ਮਾਰੀਆਂ ਸਬੰਧੀ ਜਬਾਨ ਤਿਲਕਣ ਦੀ ਰੀਲ੍ਹ ਚੱਲ ਰਹੀ ਹੈ । ਹੁਣ ਤਾਂ ਸੋਸ਼ਲ ਮੀਡੀਆ ਤੇ ਰਾਜਾ ਵੜਿੰਗ ਨੂੰ ਲਗਾਤਾਰ ਟਰੋਲ੍ਹ ਕੀਤਾ ਜਾ ਰਿਹਾ ਹੈ। ਸੰਜੀਦਾ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਰਾਜਾ ਵੜਿੰਗ ਦੀ ਸੋਸ਼ਲ ਮੀਡੀਆ ’ਤੇ ਹੋ ਰਹੀ ਟਰੋਲਿੰ੍ਹਗ ਪਾਰਟੀ ਦੇ ਅਕਸ ਨੂੰ ਬੁਰੀ ਤਰਾਂ ਨੁਕਸਾਨ ਪਹੁੰਚਾ ਰਹੀ ਹੈ। ਗੱਲ ਸਿਰਫ ਰਾਜਾ ਵੜਿੰਗ ਤੱਕ ਹੀ ਸੀਮਤ ਹੀ ਨਹੀਂ ਰਹੀ ਬਲਕਿ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਛੋਟੇ ਵੀਡੀਓ ਰੂਪੀ ਰੀਲ੍ਹ ਵੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ। ਬਾਜਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਣ ਮੌਕੇ ਨਸ਼ਿਆਂ ਖਿਲਾਫ ਯੁੱਧ ਬੋਲਣ ਦੀ ਥਾਂ ‘ਯੁੱਧ ਖਿਲਾਫ ਨਸ਼ਾ’ ਛੇੜਿਆ ਬੋਲਦੇ ਦਿਖਾਈ ਦੇ ਰਹੇ ਹਨ।
ਵਿਵਾਦਾਂ ਨਾਲ ਪੁਰਾਣਾ ਨਾਤਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਜਿਹੇ ਵਿਵਾਦਾਂ ਨਾਲ ਨਾਤਾ ਕਾਫੀ ਪੁਰਾਣਾ ਹੈ। ਤਰਨਤਾਰਨ ਜਿਮਨੀ ਚੋਣ ਦੌਰਾਨ ਤਾਂ ਕਾਂਗਰਸ ਪ੍ਰਧਾਨ ਦੇ ਬੋਲਾਂ ਨੂੰ ਕੌਣ ਭੁੱਲਿਆ ਹੈ ਜਿੰਨ੍ਹਾਂ ਨੇ ਪਾਰਟੀ ਉਮੀਦਵਾਰ ਨੂੰ ਵੱਡੀ ਸਿਆਸੀ ਸੱਟ ਮਾਰੀ ਸੀ। ਸਾਲ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਏਦਾਂ ਦੀ ਵੀਡੀਓ ਸਾਹਮਣੇ ਆਈ ਸੀ ਜਦੋਂ ਰਾਜਾ ਵÇੰੜਗ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸਨ। ਵੀਡੀਓ ’ਚ ਉਹ ਕਾਂਗਰਸ ਵੱਲੋਂ ਨਵੇਂ ਜੰਮੇ ਬੱਚੇ ਦੇ ਤੜਾਗੀ ਬੰਨ੍ਹਣ, ਗਰੀਬ ਪ੍ਰੀਵਾਰਾਂ ਦੀ ਬਰਾਤ ’ਚ ਕਾਂਗਰਸ ਪਾਰਟੀ ਵੱਲੋਂ ਗੱਡੀਆਂ ਭੇਜਣ ਅਤੇ ਫੁੱਲਾਂ ਨਾਲ ਸਜਾਉਣ ਦਾ ਕਾਰਜ ਕਰਨ ਸਬੰਧੀ ਬੋਲਦੇ ਨਜ਼ਰ ਆਏ ਸਨ। ਉਦੋਂ ਕਾਂਗਰਸ ਦੇ ਆਗੂਆਂ ਨੇ ਵੀਡੀਓ ਦੀ ਭੰਨ ਤੋੜ ਕੀਤੀ ਕਰਾਰ ਦਿੱਤਾ ਸੀ ਪਰ ਇਹ ਬੋਲਬਾਣੀ ਲੰਮਾਂ ਸਮਾਂ ਚਰਚਾ ’ਚ ਰਹੀ ਸੀ।
ਸੰਜੀਦਗੀ ਗਾਇਬ: ਅਜੀਤਪਾਲ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਇਸ ਤਰਾਂ ਦੀ ਬਿਆਨਬਾਜੀ ਤੋਂ ਸਪਸ਼ਟ ਹੈ ਕਿ ਭਖਦੇ ਮੁੱਦਿਆਂ ਨੂੰ ਲੈਕੇ ਰਾਜਨੀਤੀ ਚੋਂ ਸੰਜੀਦਗੀ ਖਤਮ ਹੋ ਗਈ ਹੈ। ਉਨ੍ਹਾਂ ਸਿਆਸੀ ਲੋਕਾਂ ਨੂੰ ਅਜਿਹੇ ਬੋਲਾਂ ਤੋਂ ਗੁਰੇਜ਼ ਕਰਨ ਅਤੇ ਲੋਕ ਮੁੱਦਿਆਂ ਪ੍ਰਤੀ ਸੰਜੀਦਾ ਹੋਣ ਦੀ ਨਸੀਹਤ ਵੀ ਦਿੱਤੀ ਹੈ।