ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦਾ ਪ੍ਰਮੁੱਖ ਇਲਾਜ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਬੰਗਾ 29 ਅਗਸਤ () ਬੰਗਾ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਇਲਾਕੇ ਦਾ ਪ੍ਰਮੁੱਖ ਸਿਹਤ ਕੇਂਦਰ ਬਣਦਾ ਜਾ ਰਿਹਾ ਹੈ। ਹਸਪਤਾਲ ਵਿੱਚ ਪਿਛਲੇ ਵੀਹ ਦਿਨਾਂ ਦੌਰਾਨ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਮੇਂ ਸਿਰ ਐਂਟੀ-ਸਨੇਕ ਵੇਨਮ (ਸੱਪ ਦੇ ਜ਼ਹਿਰ ਦਾ ਐਂਟੀਡੋਟ) ਅਤੇ ਵੈਂਟੀਲੇਟਰ ਦੀ ਸਹਾਇਤਾ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦੱਸਿਆ ਕਿ ਹਸਪਤਾਲ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਮਿਆਰੀ ਅਤੇ ਆਧੁਨਿਕ ਮੈਡੀਕਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਪ ਡੱਸਣ ਦੇ ਮਾਮਲਿਆਂ ਵਿੱਚ ਸਮੇਂ ਸਿਰ ਹਸਪਤਾਲ ਪਹੁੰਚਣਾ ਅਤੇ ਤੁਰੰਤ ਡਾਕਟਰੀ ਇਲਾਜ ਸ਼ੁਰੂ ਹੋਣਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਮਹੱਤਵਪੂਰਨ ਹੈ ।
ਜਿਸ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀਂ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਐਮ.ਡੀ. ਮੈਡੀਸਨ ਕੋਲ ਮਰੀਜ਼ ਸੈਮਸਲ ਆਲਮ ਉਮਰ 24 ਸਾਲ ਆਇਆ, ਜਿਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ । ਸੱਪ ਦੇ ਡੱਸਣ ਤੋਂ ਬਾਅਦ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ (ਟੌਸਿਸ) ਅਤੇ ਸਾਹ ਲੈਣ ਵਿੱਚ ਮੁਸ਼ਕਿਲ ਵਰਗੇ ਗੰਭੀਰ ਲੱਛਣਾਂ ਨੇ ਘੇਰ ਲਿਆ ਸੀ । ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਸਾਥੀਆਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਪਹੁੰਚਾਇਆ । ਇਸ ਮੌਕੇ ਮਰੀਜ਼ ਨੂੰ ਤੁਰੰਤ ਆਈ.ਸੀ.ਯੂ. ਵਿੱਚ ਦਾਖਲ ਕੀਤਾ ਗਿਆ । ਉਸ ਦੀ ਅਤਿ ਨਾਜ਼ੁਕ ਹਾਲਤ ਨੂੰ ਦੇਖਦਿਆਂ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਮੈਡੀਕਲ ਟੀਮ ਨੇ ਮਰੀਜ਼ ਨੂੰ ਚਾਰ ਦਿਨ ਵੈਂਟੀਲੇਟਰ ਦੀ ਸਹਾਇਤਾ ਅਤੇ ਸੱਪ ਦੇ ਡੰਗ ਦੇ ਇਲਾਜ ਲਈ ਲੋੜੀਂਦੀਆਂ ਮਿਆਰੀ ਦਵਾਈਆਂ ਅਤੇ ਐਂਟੀ ਸਨੇਕ ਵੇਨਮ ਨਾਲ ਇਲਾਜ ਕੀਤਾ । ਇਹਨਾਂ ਯਤਨਾਂ ਸਦਕਾ ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ ਤੇ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਭਾਰਤ ਵਿੱਚ ਜ਼ਹਿਰੀਲੇ ਸੱਪਾਂ ਵਿਚ ਇੰਡੀਅਨ ਕੋਬਰਾ, ਕਾਮਨ ਕਰੇਟ, ਰਸਲਜ਼ ਵਾਈਪਰ ਅਤੇ ਸਾਅ-ਸਕੇਲਡ ਵਾਈਪਰ ਵਾਲੀਆਂ ਪ੍ਰਜਾਤੀਆਂ ਪ੍ਰਮੁੱਖ ਹਨ । ਉਨ੍ਹਾਂ ਕਿਹਾ ਕਿ ਸੱਪ ਦੇ ਡੱਸਣ ਤੋਂ ਬਾਅਦ ਅੱਖਾਂ ਦਾ ਆਪਮੁਹਾਰੇ ਬੰਦ ਹੋਣਾ, ਪਲਕਾਂ ਦਾ ਝੁਕਣਾ, ਪੇਟ ਦਰਦ, ਉਲਟੀ, ਨਿਗਲਣ ਵਿੱਚ ਮੁਸ਼ਕਿਲ, ਕਮਜ਼ੋਰੀ ਜਾਂ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਦਿਖਾਈ ਦੇਣ ਤਾਂ ਇਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਡਾ. ਗੁੰਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੱਸਣ ਦੀ ਸਥਿਤੀ ਵਿੱਚ ਘਰੇਲੂ ਨੁਸਖਿਆਂ, ਝਾੜ-ਫੂਕ, ਮਣਕਾ, ਜਾਦੂ-ਟੂਣਾ ਜਾਂ ਦੇਸੀ ਇਲਾਜ ’ਤੇ ਸਮਾਂ ਬਰਬਾਦ ਨਾ ਕੀਤਾ ਜਾਵੇ, ਸਗੋਂ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਿਆ ਜਾਵੇ । ਮਰੀਜ਼ ਦੇ ਪਰਿਵਾਰਜਨਾਂ ਨੇ ਵਧੀਆ ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਨੀਤਾ ਵਾਰਡ ਇੰਚਾਰਜ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ ।
- Download Babushahi App
-
-