ਚੇਅਰਮੈਨ ਜੋਬਨ ਰੰਧਾਵਾ ਵਲੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਰੋਹਿਤ ਗੁਪਤਾ
ਘਸੀਟਪੁਰ/ਬਟਾਲਾ 3 ਅਗਸਤ
ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਦੇ ਇੰਚਾਰਜ ਚੇਅਰਮੈਨ ਜੋਬਨ ਰੰਧਾਵਾ ਵਲੋਂ ਫਤਿਹਗੜ੍ਹ ਚੂੜੀਆਂ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ), ਸੁਖਜਿੰਦਰ ਸਿੰਘ ਟਿਵਾਣਾ, ਐੱਸ. ਡੀ.ਐੱਮ ਫਤਿਹਗੜ੍ਹ ਚੂੜੀਆਂ, ਹਰਬੰਸ ਸਿੰਘ ਡੀ.ਐੱਸ.ਪੀ, ਹਰਪ੍ਰੀਤ ਸਿੰਘ ਡੀ.ਡੀ.ਪੀ.ਓ, ਸੀ.ਡੀ.ਪੀ.ਓ ਸ੍ਰੀਮਤੀ ਹਰਜੀਤ ਕੌਰ, ਬੀ.ਡੀ.ਪੀ.ਓ ਸ੍ਰੀਮਤੀ ਪਰਮਜੀਤ ਕੌਰ, ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਮੌਜੂਦ ਸਨ।
ਘਸੀਟਪੁਰ ਵਿਖੇ ਕੀਤੀ ਮੀਟਿੰਗ ਦੌਰਾਨ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਜੋਬਨ ਰੰਧਾਵਾ ਅਤੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਫਤਿਹਗੜ੍ਹ ਚੂੜੀਆਂ ਸ਼ਹਿਰ ਅਤੇ ਪਿੰਡਾਂ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਕਾਰਜਾਂ, ਲਿੰਕ ਸੜਕਾਂ ਦਾ ਨਿਰਮਾਣ ਤੇ ਮੁਰੰਮਤ, ਮਗਨਰੇਗਾ, ਸੈਨੀਟੇਸ਼ਨ ਤੇ ਜਲ ਸਪਲਾਈ ਵਿਭਾਗ, ਨਹਿਰੀ ਆਦਿ ਅਧੀਨ ਕਰਵਾਏ ਜਾ ਰਹੇ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਜਾਇਜ਼ਾ ਲਿਆ ਗਿਆ ਅਤੇ ਨਿਸ਼ਚਿਤ ਸਮੇਂ ਅੰਦਰ ਵਿਕਾਸ ਕਾਰਜ ਮੁਕੰਮਲ ਕਰਨ ਲਈ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਦਾ ਮਨੋਰਥ ਵੱਖ-ਵੱਖ ਵਿਭਾਗਾਂ ਦਾ ਆਪਸੀ ਤਾਲਮੇਲ ਕਰਵਾ ਕੇ ਚੱਲ ਰਹੇ ਅਤੇ ਹੋਰ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ਵਿੱਚ ਤੇਜ਼ੀ ਲਿਆਉਣਾ ਹੈ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਸਬੰਧੀ ਸਰਪੰਚਾਂ-ਪੰਚਾਂ/ਕੌਂਸਲਰਾਂ ਨੂੰ ਦੱਸਣ ਤਾਂ ਜੋ ਪਿੰਡਾਂ ਤੇ ਸ਼ਹਿਰੀ ਖੇਤਰ ਅੰਦਰ ਲੋਕਹਿੱਤ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾ ਸਕਣ।
ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਹੈ ਤੇ ਹੁਣ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਕੋਈ ਵੀ ਕੰਮ ਮਿੱਥੇ ਸਮੇਂ ਤੋਂ ਲੇਟ ਨਾ ਹੋਵੇ।
ਮੀਟਿੰਗ ਦੌਰਾਨ ਉਨਾਂ ਨੇ ਫਤਿਹਗੜ੍ਹ ਚੂੜੀਆਂ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਦੇ ਹੱਲ ਕਰਨ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਸਮੇਤ ਫਤਿਹਗੜ੍ਹ ਚੂੜੀਆਂ ਵਿਖੇ ਬੱਸ ਅੱਡਾ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ।
ਉਨ੍ਹਾਂ ਨੇ ਲੇਬਰ ਵਿਭਾਗ ਨੂੰ ਮਜਦੂਰ ਵਰਗ ਦੇ ਕਾਰਡ ਬਣਾਉਣ ਅਤੇ ਸਰਕਾਰ ਵਲੋਂ ਇਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਜਲਦ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਆਸ਼ੀਰਵਾਦ ਤੇ ਵਜੀਫਾ ਸਕੀਮ ਸਬੰਧੀ ਵੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕਪੱਖੀ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪੁਜਦਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
- Download Babushahi App
-
-