ਜਨਗਣਨਾ-2027: ਘਰ ਬੈਠੇ ਆਨਲਾਈਨ ਸਵੈ-ਗਣਨਾ 30 ਨਵੰਬਰ ਤੱਕ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 17 ਨਵੰਬਰ 2026 :ਸ਼੍ਰੀ ਰਾਜੇਸ਼ ਧੀਮਾਨ ਪ੍ਰਮੁੱਖ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ 30 ਨਵੰਬਰ 2026 ਤੱਕ ਜਾਰੀ ਰਹੇਗੀ, ਜਦਕਿ ਘਰ-ਘਰ ਜਾ ਕੇ ਜਨਗਣਨਾ ਕਰਨ ਦੀ ਪ੍ਰਕਿਰਿਆ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਸਵੈ-ਗਣਨਾ ਸੁਵਿਧਾ ਰਾਹੀਂ ਜ਼ਿਲ੍ਹਾ ਵਾਸੀ ਆਪਣੇ ਘਰ ਬੈਠੇ ਹੀ ਅਧਿਕਾਰਤ ਵੈੱਬ ਪੋਰਟਲ se.census.gov.in ਰਾਹੀਂ ਆਪਣੇ ਪਰਿਵਾਰ ਅਤੇ ਮਕਾਨ ਨਾਲ ਸਬੰਧਤ ਜਾਣਕਾਰੀ ਦਰਜ ਕਰਵਾ ਸਕਦੇ ਹਨ। ਇਸ ਨਾਲ ਨਾਗਰਿਕਾਂ ਨੂੰ ਆਪਣੀ ਸਹੂਲਤ ਅਨੁਸਾਰ ਜਾਣਕਾਰੀ ਭਰਨ ਦਾ ਮੌਕਾ ਮਿਲੇਗਾ ਅਤੇ ਗਣਨਾਕਾਰ ਦੇ ਘਰ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਜ਼ਿਲ੍ਹੇ ਸਮੇਤ ਸਮੁੱਚੇ ਸੂਬੇ ਅਤੇ ਦੇਸ਼ ਦੇ ਵਿਕਾਸ ਦੀ ਯੋਜਨਾਬੰਦੀ ਲਈ ਅਹਿਮ ਆਧਾਰ ਹੁੰਦੇ ਹਨ। ਇਨ੍ਹਾਂ ਅੰਕੜਿਆਂ ਦੀ ਮਦਦ ਨਾਲ ਸਿੱਖਿਆ, ਸਿਹਤ ਸੇਵਾਵਾਂ, ਸੜਕਾਂ, ਪੀਣ ਵਾਲੇ ਪਾਣੀ, ਸਫ਼ਾਈ, ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੇ ਲੋਕ ਭਲਾਈ ਯੋਜਨਾਵਾਂ ਸਬੰਧੀ ਬਿਹਤਰ ਯੋਜਨਾਬੰਦੀ ਕੀਤੀ ਜਾ ਸਕਦੀ ਹੈ।
*ਸਵੈ-ਗਣਨਾ ਲਈ ਅੱਠ ਸੌਖੇ ਪੜਾਅ*
ਸ੍ਰੀ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਹੇਠ ਲਿਖੇ ਅੱਠ ਪੜਾਵਾਂ ਰਾਹੀਂ ਆਪਣੀ ਸਵੈ-ਗਣਨਾ ਮੁਕੰਮਲ ਕਰ ਸਕਦੇ ਹਨ :
ਅਧਿਕਾਰਤ ਵੈੱਬ ਪੋਰਟਲ ਖੋਲ੍ਹੋ : ਵੈੱਬਸਾਈਟ https://se.census.gov.in 'ਤੇ ਜਾਓ ਅਤੇ ਸਵੈ-ਗਣਨਾ ਦਾ ਵਿਕਲਪ ਚੁਣੋ। ਇਸ ਤੋਂ ਬਾਅਦ ਸੂਬੇ ਵਜੋਂ ਪੰਜਾਬ ਦੀ ਚੋਣ ਕਰਕੇ ਸਕਰੀਨ 'ਤੇ ਦਿੱਤਾ ਸੁਰੱਖਿਆ ਕੋਡ ਭਰੋ ਅਤੇ ਅੱਗੇ ਵਧੋ।
ਪਰਿਵਾਰ ਦੀ ਰਜਿਸਟ੍ਰੇਸ਼ਨ ਕਰੋ : ਪਰਿਵਾਰ ਦੇ ਮੁਖੀ ਦਾ ਨਾਮ, ਪਰਿਵਾਰ ਦੇ ਕਿਸੇ ਇੱਕ ਮੈਂਬਰ ਦਾ ਮੋਬਾਈਲ ਨੰਬਰ ਅਤੇ ਇੱਛਾ ਅਨੁਸਾਰ ਈ-ਮੇਲ ਪਤਾ ਦਰਜ ਕਰੋ। ਇੱਕ ਪਰਿਵਾਰ ਲਈ ਇੱਕ ਹੀ ਮੋਬਾਈਲ ਨੰਬਰ ਵਰਤਿਆ ਜਾਵੇ।
ਮੋਬਾਈਲ ਨੰਬਰ ਦੀ ਤਸਦੀਕ ਅਤੇ ਭਾਸ਼ਾ ਦੀ ਚੋਣ: ਮੋਬਾਈਲ 'ਤੇ ਪ੍ਰਾਪਤ ਓਟੀਪੀ ਦਰਜ ਕਰਕੇ ਨੰਬਰ ਦੀ ਤਸਦੀਕ ਕਰੋ ਅਤੇ ਆਪਣੀ ਸਹੂਲਤ ਅਨੁਸਾਰ ਭਾਸ਼ਾ ਚੁਣੋ। ਪੰਜਾਬੀ ਭਾਸ਼ਾ ਦਾ ਵਿਕਲਪ ਉਪਲਬਧ ਹੋਣ 'ਤੇ ਇਸ ਦੀ ਚੋਣ ਕੀਤੀ ਜਾ ਸਕਦੀ ਹੈ।
*ਸਥਾਨ ਦੀ ਜਾਣਕਾਰੀ ਭਰੋ* :
ਆਪਣਾ ਜ਼ਿਲ੍ਹਾ ਅਤੇ ਇਲਾਕੇ ਜਾਂ ਨੇੜਲੇ ਪ੍ਰਮੁੱਖ ਸਥਾਨ ਦੀ ਜਾਣਕਾਰੀ ਦਰਜ ਕਰੋ
ਨਕਸ਼ੇ 'ਤੇ ਘਰ ਦੀ ਸਥਿਤੀ ਦਰਸਾਓ: ਡਿਜੀਟਲ ਨਕਸ਼ੇ 'ਤੇ ਆਪਣੇ ਘਰ ਦੀ ਸਹੀ ਸਥਿਤੀ ਨਿਸ਼ਾਨਬੱਧ ਕਰੋ।
*ਪਰਿਵਾਰਕ ਵੇਰਵੇ ਭਰੋ* :
ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਵੱਖ-ਵੱਖ ਦਰਜ ਕਰੋ। ਪੋਰਟਲ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਧਿਆਨ ਨਾਲ ਭਰੋ ਅਤੇ ਇਹ ਯਕੀਨੀ ਬਣਾਓ ਕਿ ਕੋਈ ਵੀ ਮੈਂਬਰ ਰਹਿ ਨਾ ਜਾਵੇ। ਸਿੱਖਿਆ, ਜਨਮ, ਪਰਵਾਸ, ਰਿਹਾਇਸ਼ ਅਤੇ ਕਿੱਤੇ ਆਦਿ ਨਾਲ ਸਬੰਧਤ ਜਾਣਕਾਰੀ ਸਹੀ-ਸਹੀ ਦਰਜ ਕਰੋ।
ਜਾਣਕਾਰੀ ਦੀ ਜਾਂਚ ਕਰੋ: ਫਾਰਮ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਨਾਵਾਂ ਅਤੇ ਹੋਰ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰੋ ਅਤੇ ਕਿਸੇ ਵੀ ਗਲਤੀ ਜਾਂ ਅਧੂਰੀ ਜਾਣਕਾਰੀ ਨੂੰ ਠੀਕ ਕਰੋ।
ਫਾਰਮ ਜਮ੍ਹਾਂ ਕਰਵਾਓ ਅਤੇ ਪਛਾਣ ਸੰਖਿਆ ਸੰਭਾਲੋ: ਸਾਰੀ ਜਾਣਕਾਰੀ ਦੀ ਜਾਂਚ ਕਰਨ ਉਪਰੰਤ ਫਾਰਮ ਜਮ੍ਹਾਂ ਕਰਵਾਓ। ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਸਵੈ-ਗਣਨਾ ਪਛਾਣ ਸੰਖਿਆ (SE ID) ਨੂੰ ਭਵਿੱਖ ਵਿੱਚ ਵਰਤੋਂ ਲਈ ਸੰਭਾਲ ਕੇ ਰੱਖੋ। ਇਸ ਦਾ ਸਕਰੀਨਸ਼ਾਟ ਲੈਣ ਜਾਂ ਉਪਲਬਧ ਹੋਣ 'ਤੇ ਇਸ ਨੂੰ ਡਾਊਨਲੋਡ ਕਰਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
*ਸਵੈ-ਗਣਨਾ ਤੋਂ ਬਾਅਦ ਗਣਨਾਕਾਰ ਵੱਲੋਂ ਵੀ ਕੀਤੀ ਜਾਵੇਗੀ ਤਸਦੀਕ*
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਣਨਾਕਾਰ ਘਰ-ਘਰ ਜਾ ਕੇ ਜਨਗਣਨਾ ਸਬੰਧੀ ਵੇਰਵਿਆਂ ਦੀ ਤਸਦੀਕ ਕਰਨਗੇ। ਇਸ ਦੌਰਾਨ ਨਾਗਰਿਕਾਂ ਨੂੰ ਆਪਣੇ ਵੱਲੋਂ ਪ੍ਰਾਪਤ ਕੀਤੀ ਸਵੈ-ਗਣਨਾ ਪਛਾਣ ਸੰਖਿਆ (SE ID) ਗਣਨਾਕਾਰ ਨੂੰ ਦਿਖਾਉਣੀ ਹੋਵੇਗੀ ਤਾਂ ਜੋ ਪਹਿਲਾਂ ਦਰਜ ਕੀਤੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਕੋਈ ਜਾਣਕਾਰੀ ਰਹਿ ਗਈ ਹੋਵੇ ਜਾਂ ਹੋਰ ਤਸਦੀਕ ਦੀ ਲੋੜ ਹੋਵੇ ਤਾਂ ਨਾਗਰਿਕ ਗਣਨਾਕਾਰ ਨੂੰ ਪੂਰਾ ਸਹਿਯੋਗ ਦੇਣ।
*ਜਾਣਕਾਰੀ ਦੀ ਨਿੱਜਤਾ ਦਾ ਰੱਖਿਆ ਜਾਵੇਗਾ ਪੂਰਾ ਧਿਆਨ*
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਾਗਰਿਕਾਂ ਵੱਲੋਂ ਸਵੈ-ਗਣਨਾ ਦੌਰਾਨ ਮੁਹੱਈਆ ਕਰਵਾਈ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਾ-ਸਬੰਧੀ ਉਦੇਸ਼ਾਂ ਲਈ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਲਈ ਕਿਸੇ ਵਿਚੋਲੇ ਜਾਂ ਏਜੰਟ ਦੀ ਲੋੜ ਨਹੀਂ ਹੈ ਅਤੇ ਨਾਗਰਿਕ ਸਿਰਫ਼ ਅਧਿਕਾਰਤ ਸਰਕਾਰੀ ਪੋਰਟਲ ਦੀ ਹੀ ਵਰਤੋਂ ਕਰਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਨਵੰਬਰ 2026 ਦੀ ਆਖਰੀ ਮਿਤੀ ਤੋਂ ਪਹਿਲਾਂ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਅਤੇ ਜਾਣਕਾਰੀ ਦਰਜ ਕਰਵਾਉਂਦੇ ਸਮੇਂ ਪੂਰੀ ਸਹੀ ਜਾਣਕਾਰੀ ਦੇਣ।
ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਨਾਗਰਿਕ ਟੋਲ-ਫ੍ਰੀ ਹੈਲਪਲਾਈਨ ਨੰਬਰ 1855 'ਤੇ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਜਨਗਣਨਾ-2027 ਦੀ ਇਸ ਮਹੱਤਵਪੂਰਨ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਸਹੀ ਅੰਕੜੇ ਮੁਹੱਈਆ ਕਰਵਾ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
- Download Babushahi App
-
-