ਗਹਿਰੀ ਦੇਵੀ ਨਗਰ ਦਾ ਕਿਸਾਨ ਪ੍ਰਗਟ ਸਿੰਘ ਬਿਨਾਂ ਪਰਾਲੀ ਸਾੜਿਆ ਪ੍ਰਗਟ ਕਰਦਾ ਕਣਕ
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨ ਨਾਲ ਜ਼ਮੀਨ ਦੀ ਸਿਹਤ ਵਿੱਚ ਹੋਏ ਸੁਧਾਰ ਬਾਰੇ ਗੱਲਬਾਤ
ਅਸ਼ੋਕ ਵਰਮਾ
ਬਠਿੰਡਾ, 9 ਨਵੰਬਰ 2026: ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਅਤੇ ਫ਼ਸਲਾਂ ਦਾ ਚੰਗਾ ਝਾੜ ਪ੍ਰਾਪਤ ਕਰਨਾ ਹੀ ਟਿਕਾਊ ਖੇਤੀਬਾੜੀ ਦਾ ਅਸਲ ਮਕਸਦ ਹੈ। ਇਸ ਦੀ ਇੱਕ ਸ਼ਾਨਦਾਰ ਮਿਸਾਲ ਪਿੰਡ ਗਹਿਰੀ ਦੇਵੀ ਨਗਰ ਦਾ ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਨੇ ਦਿੱਤੀ ਹੈ।ਕਿਸਾਨ ਪ੍ਰਗਟ ਸਿੰਘ ਸਾਲ 2016 ਤੋਂ ਲਗਾਤਾਰ ਬਿਨਾਂ ਪਰਾਲੀ ਨੂੰ ਅੱਗ ਲਗਾਏ ਝੋਨੇ ਤੋਂ ਬਾਅਦ ਕਣਕ ਦੀ ਸਫਲ ਕਾਸ਼ਤ ਕਰ ਰਿਹਾ ਹੈ। ਕਿਸਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਸਾਲ 2016 ਵਿੱਚ 17 ਏਕੜ ਝੋਨੇ ਦੀ ਬਜਾਈ ਕਰਦਾ ਸੀ ਅਤੇ ਬਾਕੀ 5 ਏਕੜ ਨਰਮਾ ਬੀਜਦਾ ਸੀ। ਲੇਕਿਨ ਹੁਣ ਉਸ ਵੱਲੋਂ ਪਿਛਲੇ ਸਾਲ ਤੋਂ ਸਾਰੇ ਖੇਤ 22 ਏਕੜ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਸਾਰੇ ਖੇਤ ਵਿਚ ਹੀ ਝੋਨੇ ਦੀ ਪਰਾਲੀ ਹੈਪੀਸੀਡਰ ਨਾਲ ਖੇਤ ਵਿੱਚ ਹੀ ਦਬਾ ਕੇ ਖਤਮ ਕਰ ਦਿੱਤੀ ਜਾਂਦੀ ਹੈ।
ਕਿਸਾਨ ਪ੍ਰਗਟ ਸਿੰਘ ਅਨੁਸਾਰ, ਪਿਛਲੇ ਕਈ ਸਾਲਾਂ ਤੋਂ ਇਸ ਵਿਧੀ ਰਾਹੀਂ ਕਣਕ ਦੇ ਝਾੜ ਦੇ ਨਾਲ-ਨਾਲ ਤੂੜੀ ਦਾ ਝਾੜ ਵੀ ਵਧੀਆ ਪ੍ਰਾਪਤ ਹੋ ਰਿਹਾ ਹੈ। ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਹੈ ਕਿ ਲਗਾਤਾਰ ਫ਼ਸਲਾਂ ਦੀ ਰਹਿੰਦ-ਖੂੰਹਦ ਖੇਤ ਵਿੱਚ ਮਿਲਾਉਣ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ 0.25 ਤੋਂ ਵਧ ਕੇ 0.85 ਤੋਂ 1.1 ਤੱਕ ਪਹੁੰਚ ਗਈ ਹੈ, ਜੋ ਮਿੱਟੀ ਦੀ ਸਿਹਤ ਵਿੱਚ ਹੋ ਰਹੇ ਸੁਧਾਰ ਨੂੰ ਦਰਸਾਉਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਵੱਲੋਂ ਖੇਤ ਦਾ ਦੌਰਾ
ਅੱਜ ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਡਾ. ਹਰਪ੍ਰੀਤ ਪਾਲ ਕੌਰ ਤੋਂ ਇਲਾਵਾ ਸ਼੍ਰੀ ਗੁਰਜੀਤ ਵਿਰਕ ਇੰਜੀਨੀਅਰ , ਸ਼੍ਰੀ ਦਵਿੰਦਰ ਸਿੰਘ ਏਡੀਓ ਅਤੇ ਸ਼੍ਰੀ ਸੁਖਜੀਤ ਸਿੰਘ ਜੇ.ਟੀ. ਵੱਲੋਂ ਕਿਸਾਨ ਪ੍ਰਗਟ ਸਿੰਘ ਦੇ ਖੇਤ ਦਾ ਦੌਰਾ ਕਰਕੇ ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਦੀ ਤਕਨੀਕ ਦਾ ਜਾਇਜ਼ਾ ਲਿਆ ਗਿਆ। ਕਿਸਾਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਲੰਬੇ ਸਮੇਂ ਦੇ ਤਜਰਬੇ ਅਤੇ ਜ਼ਮੀਨ ਦੀ ਸਿਹਤ ਵਿੱਚ ਹੋਏ ਸੁਧਾਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨ ਪ੍ਰਗਟ ਸਿੰਘ ਦੀ ਇਹ ਪਹਿਲ ਸਾਬਤ ਕਰਦੀ ਹੈ ਕਿ ਪਰਾਲੀ ਨੂੰ ਅੱਗ ਲਗਾਉਣਾ ਜ਼ਰੂਰੀ ਨਹੀਂ, ਸਗੋਂ ਸਹੀ ਤਕਨੀਕ, ਯੋਗ ਮਸ਼ੀਨਰੀ ਅਤੇ ਵਿਗਿਆਨਕ ਢੰਗ ਨਾਲ ਖੇਤੀ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੇ ਨਾਲ-ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਵਧੀਆ ਫ਼ਸਲੀ ਉਤਪਾਦਨ ਵੀ ਹਾਸਲ ਕੀਤਾ ਜਾ ਸਕਦਾ ਹੈ।
- Download Babushahi App
-
-